Breaking News >> News >> The Tribune


ਯੂਪੀ: ਆਜ਼ਮ ਖ਼ਾਨ ਦੂਜੇ ਦਿਨ ਵੀ ਅਸੈਂਬਲੀ ’ਚੋਂ ਗ਼ੈਰਹਾਜ਼ਰ


Link [2022-05-25 14:32:10]



ਲਖਨਊ, 24 ਮਈ

ਸੀਨੀਅਰ ਸਮਾਜਵਾਦੀ ਪਾਰਟੀ ਆਗੂ ਆਜ਼ਮ ਖ਼ਾਨ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨਾਲ ਦੂਰੀਆਂ ਵਧਣ ਦੇ ਕਿਆਸਾਂ ਦਰਮਿਆਨ ਅੱਜ ਲਗਾਤਾਰ ਦੂਜੇ ਦਿਨ ਯੂਪੀ ਅਸੈਂਬਲੀ ਦੀ ਕਾਰਵਾਈ 'ਚੋਂ ਗੈਰਹਾਜ਼ਰ ਰਹੇ। ਖ਼ਾਨ ਸੋਮਵਾਰ ਨੂੰ ਸਪੀਕਰ ਸਤੀਸ਼ ਮਹਾਨਾ ਦੇ ਚੈਂਬਰ ਵਿੱਚ ਸਹੁੰ ਚੁੱਕਣ ਮਗਰੋਂ ਸਦਨ ਦੀ ਕਾਰਵਾਈ 'ਚ ਸ਼ਿਰਕਤ ਕੀਤੇ ਬਿਨਾਂ ਹੀ ਉਥੋਂ ਚਲੇ ਗੲੇ ਸਨ। ਖ਼ਾਨ ਨੂੰ ਅਜੇ ਪਿਛਲੇ ਦਿਨੀਂ ਸੀਤਾਪੁਰ ਜੇਲ੍ਹ 'ਚੋਂ ਜ਼ਮਾਨਤ ਮਿਲੀ ਹੈ, ਜਿੱਥੇ ਉਹ ਜ਼ਮੀਨ 'ਤੇ ਗੈਰਕਾਨੂੰਨੀ ਕਬਜ਼ੇ ਸਣੇ ਹੋਰ ਕੋਈ ਦੋਸ਼ਾਂ ਤਹਿਤ ਬੰਦ ਸਨ। ਸਦਨ 'ਚੋਂ ਪਿਤਾ ਦੀ ਗ਼ੈਰਹਾਜ਼ਰੀ ਬਾਰੇ ਪੁੱਛੇ ਜਾਣ 'ਤੇ ਖ਼ਾਨ ਦੇ ਵਿਧਾਇਕ ਪੁੱਤ ਅਬਦੁੱਲਾ ਆਜ਼ਮ ਨੇ ਕੋਈ ਸਪੱਸ਼ਟ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ। ਅਬਦੁੱਲਾ ਨੇ ਕਿਹਾ, ''ਮੈਂ ਅਸੈਂਬਲੀ ਲਈ ਲੇਟ ਹੋ ਰਿਹਾ ਹਾਂ। ਜਦੋਂ ਉਹ (ਆਜ਼ਮ) ਬਾਹਰ ਆਉਣ, ਤੁਸੀਂ ਉਨ੍ਹਾਂ ਨੂੰ ਹੀ ਸਵਾਲ ਪੁੱਛ ਸਕਦੇ ਹੋ।'' ਖ਼ਾਨ ਨੇ ਸੋਮਵਾਰ ਸ਼ਾਮ ਨੂੰ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਲੋਹੀਆ (ਪੀਐੱਸਪੀਐੱਲ) ਦੇ ਬਾਨੀ ਸ਼ਿਵਪਾਲ ਯਾਦਵ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਸੀ। ਸੂਤਰਾਂ ਮੁਤਾਬਕ ਖ਼ਾਨ ਨੇ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਦੇ ਵਕੀਲ ਕਪਿਲ ਸਿੱਬਲ ਨੂੰ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਰਾਜ ਸਭਾ ਭੇਜਿਆ ਜਾਵੇ। ਹਾਲਾਂਕਿ ਖ਼ਾਨ ਨੇ ਖ਼ੁਦ ਜਾਂ ਫਿਰ ਕਿਸੇ ਵੀ 'ਸਪਾ' ਆਗੂ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਅਖਿਲੇਸ਼ ਯਾਦਵ ਦੀ ਪਾਰਟੀ ਨੇ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ 111 ਸੀਟਾਂ ਜਿੱਤੀਆਂ ਹਨ, ਜਿਸ ਲਿਹਾਜ਼ ਨਾਲ ਉਹ ਰਾਜ ਸਭਾ ਵਿੱਚ ਤਿੰਨ ਮੈਂਬਰ ਭੇਜ ਸਕਦੀ ਹੈ। -ਪੀਟੀਆਈ

ਆਜ਼ਮ ਖ਼ਾਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਇਸ ਹਫ਼ਤੇ ਕਰ ਸਕਦੀ ਹੈ ਸੁਣਵਾਈ

ਨਵੀਂ ਦਿੱਲੀ: ਅਲਾਹਾਬਾਦ ਹਾਈ ਕੋਰਟ ਵੱਲੋਂ ਲਾਈ ਜ਼ਮਾਨਤ ਸ਼ਰਤ ਨੂੰ ਚੁਣੌਤੀ ਦਿੰਦੀ ਆਜ਼ਮ ਖ਼ਾਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਇਸ ਹਫ਼ਤੇ ਦੌਰਾਨ ਸੁਣਵਾਈ ਕਰ ਸਕਦਾ ਹੈ। ਐਡਵੋਕੇਟ ਨਿਜ਼ਾਮ ਪਾਸ਼ਾ ਨੇ ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਬੇਲਾ ਐੱਮ. ਤ੍ਰਿਵੇਦੀ ਦੇ ਬੈਂਚ ਨੂੰ ਦੱਸਿਆ ਸੀ ਕਿ ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਲਈ ਸ਼ਰਤ ਵਜੋਂ ਯੂਨੀਵਰਸਿਟੀ ਨੂੰ ਢਾਹੁਣ ਦੇ ਹੁਕਮ ਕੀਤੇ ਸਨ ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਹੁਕਮਾਂ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਵਾਨਗੀ ਮੰਗ ਰਿਹਾ ਹੈ। ਖ਼ਾਨ ਵੱਲੋਂ ਅੱਜ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਏ। -ਪੀਟੀਆਈ

ਯੂਪੀ ਅਸੈਂਬਲੀ ਵੱਲੋਂ 'ਸਵਰ ਕੋਕਿਲਾ' ਨੂੰ ਸ਼ਰਧਾਂਜਲੀਆਂ

ਲਖਨਊ: ਉੱਤਰ ਪ੍ਰਦੇਸ਼ ਅਸੈਂਬਲੀ ਨੇ ਅੱਜ ਮਹਾਨ ਪਿੱਠਵਰਤੀ ਗਾਇਕਾ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੰਦਿਆਂ ਸਦਨ ਵਿੱਚ ਦੋ ਮਿੰਟ ਦਾ ਮੌਨ ਰੱਖਿਆ। ਅਸੈਂਬਲੀ ਸਪੀਕਰ ਸਤੀਸ਼ ਮਹਾਨਾ ਨੇ ਉੱਘੀ ਗਾਇਕਾ ਦੀ ਮੌਤ ਉੱਤੇ ਦੁੱਖ ਜਤਾਉਣ ਲਈ ਮਤਾ ਪੇਸ਼ ਕੀਤਾ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਵਿਰੋਧੀ ਧਿਰ ਦੇ ਆਗੂ ਅਖਿਲੇਸ਼ ਯਾਦਵ ਨੇ ਕਿਹਾ ਕਿ 'ਸਵਰ ਕੋਕਿਲਾ' ਦੀ ਮੌਤ ਨਾਲ ਸਿਨੇਮਾ ਜਗਤ ਤੇ ਪੂਰੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। -ਪੀਟੀਆਈ



Most Read

2024-09-20 12:52:39