World >> The Tribune


ਬੋਲਣ ਦੀ ਆਜ਼ਾਦੀ ਦੇਣ ਵਾਲੇ ਅਦਾਰਿਆਂ ’ਤੇ ਹਮਲਾ ਹੋ ਰਿਹੈ: ਰਾਹੁਲ


Link [2022-05-25 09:30:46]



ਕੈਂਬਰਿਜ, 24 ਮਈ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਭਾਰਤ ਨੂੰ ਬੋਲਣ ਦੀ ਆਜ਼ਾਦੀ ਦੇਣ ਵਾਲੇ ਅਦਾਰਿਆਂ 'ਤੇ ਸੋਚਿਆ-ਸਮਝਿਆ ਹਮਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਲਣ ਦੀ ਆਜ਼ਾਦੀ 'ਚ ਅੜਿੱਕੇ ਪਾਏ ਜਾ ਰਹੇ ਹਨ ਜਿਸ ਕਾਰਨ 'ਅਦਿਖ ਤਾਕਤਾਂ' ਇਨ੍ਹਾਂ ਅਦਾਰਿਆਂ 'ਚ ਦਾਖ਼ਲ ਹੋ ਰਹੀਆਂ ਹਨ ਅਤੇ ਮੁਲਕ 'ਚ ਸੰਵਾਦ ਦੇ ਤਰੀਕੇ ਦੀ ਪਰਿਭਾਸ਼ਾ ਨਵੇਂ ਸਿਰੇ ਤੋਂ ਤੈਅ ਕੀਤੀ ਜਾ ਰਹੀ ਹੈ। ਰਾਹੁਲ ਨੇ ਵੱਕਾਰੀ 'ਕੈਂਬਰਿਜ ਯੂਨੀਵਰਸਿਟੀ' ਦੇ ਕ੍ਰਿਸਟੀ ਕਾਲਜ 'ਚ ਸੋਮਵਾਰ ਸ਼ਾਮ ਕਰਵਾਏ ਗੲੇ 'ਇੰਡੀਆ ਐਟ 75' ਸਮਾਗਮ 'ਚ ਹਿੰਦੂ ਰਾਸ਼ਟਰਵਾਦ, ਗਾਂਧੀ ਪਰਿਵਾਰ ਦੀ ਕਾਂਗਰਸ ਪਾਰਟੀ 'ਚ ਭੂਮਿਕਾ ਅਤੇ ਲੋਕਾਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਜਿਹੇ ਸਵਾਲਾਂ 'ਤੇ ਆਪਣੇ ਵਿਚਾਰ ਪ੍ਰਗਟਾਏ। ਯੂਨੀਵਰਸਿਟੀ 'ਚ ਭਾਰਤੀ ਮੂਲ ਦੀ ਡਾਕਟਰ ਸ਼ਰੁਤੀ ਕਪਿਲਾ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ, ''ਸਾਡੇ ਲਈ ਭਾਰਤ ਉਸ ਸਮੇਂ ਜਿਉਂਦਾ ਹੁੰਦਾ ਹੈ ਜਦੋਂ ਉਹ ਬੋਲਦਾ ਹੈ ਅਤੇ ਜਦੋਂ ਭਾਰਤ ਚੁੱਪ ਹੋ ਜਾਂਦਾ ਹੈ ਤਾਂ ਉਹ 'ਬੇਜਾਨ' ਹੋ ਜਾਂਦਾ ਹੈ। ਸੰਸਦ, ਚੋਣ ਪ੍ਰਣਾਲੀ ਅਤੇ ਲੋਕਤੰਤਰ ਦੇ ਬੁਨਿਆਦੀ ਢਾਂਚੇ 'ਤੇ ਇਕ ਜਥੇਬੰਦੀ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ।'' ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਅਜਿਹੇ ਭਾਰਤ ਦਾ ਵਿਚਾਰ ਪੇਸ਼ ਕਰ ਰਹੇ ਹਨ ਜਿਸ 'ਚੋਂ ਮੁਲਕ ਦੇ ਬਹੁਤੇ ਲੋਕਾਂ ਨੂੰ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਲੜਾਈ ਮੁਲਕ 'ਚ ਸੰਪਤੀ ਦੇ ਵੱਡੇ ਪੱਧਰ 'ਤੇ ਕੇਂਦਰੀਕਰਨ ਅਤੇ ਮੀਡੀਆ ਸਮੇਤ ਹੋਰ ਅਦਾਰਿਆਂ 'ਤੇ ਕਬਜ਼ਾ ਕੀਤੇ ਜਾਣ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਸ ਸੰਵਾਦ ਨੂੰ ਭਾਰਤੀ ਮੀਡੀਆ 'ਚ ਕਿਤੇ ਵੀ 30 ਸਕਿੰਟ ਤੋਂ ਜ਼ਿਆਦਾ ਨਹੀਂ ਦਿਖਾਇਆ ਜਾਵੇਗਾ। ਸਰਕਾਰ ਦੀ ਹਮਾਇਤ ਕਰਨ ਵਾਲੇ ਕੁਝ ਵੱਡੇ ਕਾਰੋਬਾਰੀ ਇਸ ਨੂੰ ਕੰਟਰੋਲ ਕਰ ਰਹੇ ਹਨ। -ਪੀਟੀਆਈ

ਪਿਤਾ ਦੀ ਮੌਤ ਤੋਂ ਜ਼ਿੰਦਗੀ 'ਚ ਸਿੱਖਣ ਨੂੰ ਬਹੁਤ ਕੁਝ ਮਿਲਿਆ: ਰਾਹੁਲ

ਕੈਂਬਰਿਜ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਰੀਬ ਤਿੰਨ ਦਹਾਕੇ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਇਕ ਹਮਲੇ 'ਚ ਮੌਤ ਉਨ੍ਹਾਂ ਲਈ ਸਬਕ ਦੇਣ ਵਾਲਾ ਜ਼ਿੰਦਗੀ ਦਾ ਸਭ ਤੋਂ ਵੱਡਾ ਤਜਰਬਾ ਸੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨਾਲ ਉਹ ਗੱਲਾਂ ਸਿੱਖਣ ਨੂੰ ਮਿਲੀਆਂ ਜੋ ਸ਼ਾਇਦ ਉਨ੍ਹਾਂ ਨੂੰ ਕਦੇ ਨਾ ਮਿਲਦੀਆਂ। ਉਨ੍ਹਾਂ ਕਿਹਾ,''ਹੁਣ ਮੈਂ ਇਹ ਆਖ ਸਕਦਾ ਹਾਂ ਕਿ ਜਿਸ ਵਿਅਕਤੀ ਜਾਂ ਤਾਕਤ ਨੇ ਮੇਰੇ ਪਿਤਾ ਦੀ ਹੱਤਿਆ ਕੀਤੀ, ਉਸ ਨੇ ਮੈਨੂੰ ਬਹੁਤ ਦਰਦ ਦਿੱਤਾ। ਇਸ ਲਈ ਜਦੋਂ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਇਹ ਗੱਲ ਬੇਤੁਕੀ ਹੈ ਕਿ ਦੂਜੇ ਲੋਕ ਕਿੰਨੇ ਮਾੜੇ ਹਨ।'' -ਪੀਟੀਆਈ

ਸੰਸਦ ਮੈਂਬਰ ਕੋਰਬਿਨ ਨਾਲ ਰਾਹੁਲ ਦੀ ਮੁਲਾਕਾਤ 'ਤੇ ਵਿਵਾਦ ਭਖਿਆ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੰਡਨ 'ਚ ਬ੍ਰਿਟਿਸ਼ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ ਨਾਲ ਮੁਲਾਕਾਤ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਨੇ ਕਿਹਾ ਹੈ ਕਿ ਰਾਹੁਲ ਯੂਕੇ ਦੀ ਵਿਰੋਧੀ ਧਿਰ ਦੇ ਆਗੂ ਦੇ ਭਾਰਤ ਵਿਰੋਧੀ ਵਿਚਾਰਾਂ ਦੀ ਹਮਾਇਤ ਕਰਦਾ ਹੈ। ਉਧਰ ਕਾਂਗਰਸ ਨੇ ਰਾਹੁਲ ਦੀ ਮੀਟਿੰਗ ਨੂੰ ਜਾਇਜ਼ ਠਹਿਰਾਉਂਦਿਆਂ ਕੋਰਬਿਨ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਹੈ ਕਿ ਕੀ ਉਹ ਵੀ ਲੇਬਰ ਆਗੂ ਅਤੇ ਸੰਸਦ ਮੈਂਬਰ ਦੇ ਭਾਰਤ ਵਿਰੋਧੀ ਵਿਚਾਰਾਂ ਦੀ ਹਮਾਇਤ ਕਰਦੇ ਹਨ। -ਪੀਟੀਆਈ



Most Read

2024-09-19 16:52:38