World >> The Tribune


ਕੁਆਡ ਵੱਲੋਂ ਚੀਨ ਦੀ ਇਕਤਰਫ਼ਾ ਕਾਰਵਾਈ ਦਾ ਵਿਰੋਧ


Link [2022-05-25 09:30:46]



ਟੋਕੀਓ, 24 ਮਈ

ਮੁੱਖ ਅੰਸ਼

ਐਲਬਨੀਜ਼ ਵੱਲੋਂ ਅਗਲੇ ਸਾਲ ਆਸਟਰੇਲੀਆ 'ਚ ਕੁਆਡ ਦੀ ਮੇਜ਼ਬਾਨੀ ਦਾ ਐਲਾਨ ਬਾਇਡਨ ਤੇ ਕਿਸ਼ਿਦਾ ਨੇ ਯੂਕਰੇਨ 'ਤੇ ਹਮਲੇ ਲਈ ਰੂਸ ਨੂੰ ਘੇਰਿਆ

ਚਾਰ ਮੁਲਕਾਂ ਦੇ ਸਮੂਹ 'ਕੁਆਡ' ਵਿੱਚ ਸ਼ਾਮਲ ਭਾਰਤ, ਆਸਟਰੇਲੀਆ, ਜਾਪਾਨ ਤੇ ਅਮਰੀਕਾ ਦੇ ਆਗੂਆਂ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਤਾਕਤ ਦੇ ਜ਼ੋਰ, ਭੜਕਾਹਟ ਜਾਂ ਫਿਰ ਇਕਤਰਫ਼ਾ ਕਾਰਵਾਈ ਨਾਲ ਮੌਜੂਦਾ ਸਥਿਤੀ ਨੂੰ ਬਦਲਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਆਗੂਆਂ ਨੇ ਖਿੱਤੇ ਵਿੱਚ ਚੀਨ ਦੇ ਵਧਦੇ ਹਮਲਾਵਰ ਰੁਖ਼ ਦਰਮਿਆਨ ਕੌਮਾਂਤਰੀ ਨੇਮ ਅਧਾਰਿਤ ਪ੍ਰਬੰਧ ਕਾਇਮ ਰੱਖਣ ਦਾ ਸੰਕਲਪ ਦੁਹਰਾਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਕੁਆਡ 'ਕੁਝ ਚਿਰ ਲਈ ਸ਼ੁਰੂ ਕੀਤੀ ਗਈ ਪਹਿਲ ਨਹੀਂ ਹੈ, ਬਲਕਿ ਇਸ ਦਾ ਮਕਸਦ ਕਈ ਅਹਿਮ ਕੰਮ ਕਰਨਾ ਹੈ ਤੇ ਸਮੂਹ ਆਪਣੇ ਮਕਸਦ ਨੂੰ ਲੈ ਕੇ ਗੰਭੀਰ ਹੈ। ਕੁਆਡ ਮੁਲਕਾਂ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਉਤਪਾਦਕਤਾ ਤੇ ਖ਼ੁਸ਼ਹਾਲੀ ਵਧਾਉਣ ਲਈ ਬੁਨਿਆਦੀ ਢਾਂਚੇ 'ਤੇ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਜਤਾਈ। ਆਗੂਆਂ ਨੇ ਕਿਹਾ ਕਿ ਇਸ ਟੀਚੇ ਦੀ ਪੂਰਤੀ ਲਈ 'ਕੁਆਡ' ਅਗਲੇ ਪੰਜ ਸਾਲਾਂ ਵਿੱਚ ਹਿੰਦ-ਪ੍ਰਸ਼ਾਂਤ ਵਿੱਚ 50 ਅਰਬ ਅਮਰੀਕੀ ਡਾਲਰ ਤੋਂ ਵਧ ਦੀ ਬੁਨਿਆਦੀ ਢਾਂਚਾ ਸਹਾਇਤਾ ਤੇ ਨਿਵੇਸ਼ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰੇਗਾ।

ਜਪਾਨ-ਭਾਰਤ ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਪਾਨੀ ਹਮਰੁਤਬਾ ਫੁਮੀਓ ਕਿਸ਼ੀਦਾ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਰਾਇਟਰਜ਼

ਕੁਆਡ ਸਮੂਹ ਦੇ ਆਗੂਆਂ ਦੀ ਦੂਜੀ ਪ੍ਰਤੱਖ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਸਦਰ ਜੋਅ ਬਾਇਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਤੇ ਆਸਟਰੇਲੀਆ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਹਿੰਦ-ਪ੍ਰਸ਼ਾਂਤ ਖਿੱਤੇ ਦੇ ਘਟਨਾਕ੍ਰਮ ਅਤੇ ਸਾਂਝੇ ਹਿੱਤਾਂ ਨਾਲ ਜੁੜੇ ਆਲਮੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਸ੍ਰੀ ਮੋਦੀ ਨੇ ਕੁਆਡ ਆਗੂਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਮੂਹ ਦੇ ਮੈਂਬਰ ਮੁਲਕਾਂ ਦਰਮਿਆਨ ਆਪਸੀ ਵਿਸ਼ਵਾਸ ਤੇ ਦ੍ਰਿੜ ਸੰਕਲਪ ਨਾ ਸਿਰਫ਼ ਜਮਹੂਰੀ ਤਾਕਤਾਂ ਨੂੰ ਨਵੀਂ ਊਰਜਾ ਦੇ ਰਿਹਾ ਹੈ, ਬਲਕਿ ਆਜ਼ਾਦ, ਖੁੱਲ੍ਹੇ ਤੇ ਸੰਮਲਿਤ ਹਿੰਦ-ਪ੍ਰਸ਼ਾਂਤ ਖਿੱਤੇ ਦੀ ਸਥਾਪਨਾ ਨੂੰ ਵੀ ਹੱਲਾਸ਼ੇਰੀ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਆਡ ਹਿੰਦ-ਪ੍ਰਸ਼ਾਂਤ ਖਿੱਤੇ ਲਈ ਰਚਨਾਤਮਕ ਏਜੰਡੇ ਨਾਲ ਅੱਗੇ ਵੱਧ ਰਿਹਾ ਹੈ, ਜਿਸ ਨਾਲ 'ਕੁੱਲ ਆਲਮ ਦੇ ਭਲੇ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੀ ਤਾਕਤ' ਦੇ ਰੂਪ ਵਿੱਚ ਇਸ ਦੀ ਦਿੱਖ ਹੋਰ ਮਜ਼ਬੂਤ ਹੋਵੇਗੀ। ਅਮਰੀਕੀ ਸਦਰ ਬਾਇਡਨ ਨੇ ਕਿਹਾ ਕਿ ਕੁਆਡ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ ਤੇ ਚਾਰ ਮੁਲਕੀ ਸਮੂਹ ਦਾ ਮਤਲਬ 'ਕਾਰੋਬਾਰ' ਹੈ। ਉਨ੍ਹਾਂ ਕਿਹਾ ਕਿ ਕੁਆਡ ਮੈਂਬਰ ਮੁਲਕਾਂ ਦੇ ਚਾਰ ਆਗੂ ਰਣਨੀਤਕ ਪੱਖੋਂ ਅਹਿਮ ਹਿੰਦ-ਪ੍ਰਸ਼ਾਂਤ ਖਿੱਤੇ ਲਈ ਚੀਜ਼ਾਂ ਦਰੁਸਤ ਕਰਨ ਦੇ ਇਰਾਦੇ ਨਾਲ ਇਥੇ ਆਏ ਹਨ। ਬਾਇਡਨ ਨੇ ਆਪਣੇ ਸੰਬੋਧਨ ਵਿੱਚ ਯੂਕਰੇਨ 'ਤੇ ਕੀਤੇ ਹਮਲੇ ਲਈ ਰੂਸ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮਾਸਕੋ ਸਭਿਆਚਾਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਬਾਇਡਨ ਨੇ ਸਿਖਰ ਵਾਰਤਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਕਿਹਾ ਕਿ 'ਤੁਹਾਨੂੰ ਮੁੜ ਵੇਖਣਾ ਸ਼ਾਨਦਾਰ ਹੈ।' ਬਾਇਡਨ ਨੇ ਕਿਹਾ ਕਿ ਰੂਸ ਜਿੰਨਾ ਚਿਰ ਯੂਕਰੇਨ ਖਿਲਾਫ਼ ਜੰਗ ਜਾਰੀ ਰੱਖੇਗਾ, ਅਮਰੀਕਾ ਆਪਣੇ ਭਾਈਵਾਲਾਂ ਨਾਲ ਕੰਮ ਕਰਦਾ ਰਹੇਗਾ। ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੁਆਡ ਮੁਲਕਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ''ਮੇਰੀ ਸਰਕਾਰ ਆਰਥਿਕ, ਸਾਈਬਰ, ਊਰਜਾ, ਸਿਹਤ ਤੇ ਵਾਤਾਵਰਨ ਸੁਰੱਖਿਆ ਜਿਹੇ ਮੁੱਦਿਆਂ ਰਾਹੀਂ ਹਿੰਦ-ਪ੍ਰਸ਼ਾਂਤ ਖਿੱਤੇ ਨੂੰ ਵਧੇਰੇ ਮਜ਼ਬੂਤ ਬਣਾਉਣ ਨੂੰ ਤਰਜੀਹ ਦੇਵੇਗੀ।'' ਉਨ੍ਹਾਂ ਕਿਹਾ ਕਿ ਆਸਟਰੇਲੀਆ ਅਗਲੇ ਸਾਲ ਕੁਆਡ ਸਿਖਰ ਵਾਰਤਾ ਦੀ ਮੇਜ਼ਬਾਨੀ ਗਰੇਗਾ। ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਕਿਹਾ ਕਿ ਰੂਸ ਵੱਲੋਂ ਯੂਕਰੇਨ 'ਤੇ ਕੀਤੀ ਚੜ੍ਹਾਈ ਯੂਐੱਨ ਚਾਰਟਰ ਦੇ ਸਿਧਾਂਤਾਂ ਦੀ ਖਿਲਾਫ਼ਵਰਜ਼ੀ ਹੈ। ਉਨ੍ਹਾਂ ਕਿਹਾ, ''ਅਸੀਂ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਅਜਿਹੀਆਂ ਘਟਨਾਵਾਂ ਦੀ ਇਜਾਜ਼ਤ ਨਹੀਂ ਦੇ ਸਕਦੇ।'' ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਕੁਆਡ ਆਗੂਆਂ ਨੇ ਕਿਹਾ, ''ਅਸੀਂ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਮੌਜੂਦ ਸਥਿਤੀ ਨੂੰ ਬਦਲਣ ਲਈ ਤਾਕਤ ਦੇ ਜ਼ੋਰ 'ਤੇ, ਭੜਕਾਊ ਜਾਂ ਫਿਰ ਇਕਤਰਫ਼ਾ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਦੇ ਹਾਂ। ਇਸ ਵਿੱਚ ਵਿਵਾਦਿਤ ਚੀਜ਼ਾਂ ਦਾ ਫੌਜੀਕਰਨ, ਸਾਹਿਲਾਂ ਦੀ ਰੱਖਿਆ ਲਈ ਬੇੜਿਆਂ ਤੇ ਸਾਗਰੀ ਮਿਲੀਸ਼ੀਆ ਦੀ ਖ਼ਤਰਨਾਕ ਵਰਤੋਂ, ਦੂਜੇ ਮੁਲਕਾਂ ਦੇ ਸਾਹਿਲੀ ਸਰੋਤਾਂ ਦੀ ਵਰਤੋਂ ਜਿਹੀਆਂ ਸਰਗਰਮੀਆਂ 'ਚ ਅੜਿੱਕਾ ਪਾਉਣਾ ਸ਼ਾਮਲ ਹਨ।'' ਕੁਆਡ ਆਗੂਆਂ ਨੇ ਕਿਹਾ ਕਿ ਉਹ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਨ ਦੇ ਹਮਾਇਤੀ ਹਨ, ਜਿਵੇਂ ਕਿ ਸਾਗਰੀ ਕਾਨੂੰਨ ਨੂੰ ਲੈ ਕੇ ਸਾਂਝੇ ਕਰਾਰ (ਯੂਐੱਨਸੀਐੱਲਓਐੱਸ) ਵਿੱਚ ਦਰਸਾਇਆ ਗਿਆ ਹੈ। ਕਾਬਿਲੇਗੌਰ ਹੈ ਕਿ ਇਹ ਸਿਖਰ ਵਾਰਤਾ ਅਜਿਹੇ ਮੌਕੇ ਹੋ ਰਹੀ ਹੈ ਜਦੋਂ ਚੀਨ ਅਤੇ ਕੁਆਡ ਮੈਂਬਰ ਮੁਲਕਾਂ ਦਰਮਿਆਨ ਰਿਸ਼ਤਿਆਂ 'ਚ ਕਸ਼ੀਦਗੀ ਸਿਖਰ 'ਤੇ ਹੈ। ਆਗੂਆਂ ਨੇ ਅਤਿਵਾਦ ਤੇ ਇਸ ਦੇ ਵੱਖ ਵੱਖ ਰੂਪਾਂ ਦੀ ਸਾਫ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ 26/11 ਮੁੰਬਈ ਤੇ ਪਠਾਨਕੋਟ ਹਮਲੇ ਸਣੇ ਦਹਿਸ਼ਤੀ ਹਮਲਿਆਂ ਨੂੰ ਜੰਮ ਕੇ ਭੰਡਿਆ, ਜਿਨ੍ਹਾਂ ਪਿੱਛੇ ਪਾਕਿਸਤਾਨ ਆਧਾਰਿਤ ਦਹਿਸ਼ਤੀ ਸਮੂਹਾਂ ਦਾ ਹੱਥ ਸੀ। ਕੁਆਡ ਆਗੂਆਂ ਨੇ ਜ਼ੋਰ ਦੇ ਕੇ ਆਖਿਆ ਕਿ ਦਹਿਸ਼ਤੀ ਕਾਰਵਾਈ ਨੂੰ ਕਿਸੇ ਵੀ ਆਧਾਰ 'ਤੇ ਨਿਆਂਸੰਗਤ ਨਹੀਂ ਠਹਿਰਾਇਆ ਜਾ ਸਕਦਾ। ਇਕ ਸਾਂਝੇੇ ਬਿਆਨ ਵਿੱਚ ਕੁਆਡ ਆਗੂਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤਾ ਨੰਬਰ 2593 (2021) ਦੀ ਤਾਈਦ ਕੀਤੀ, ਜੋ ਇਹ ਮੰਗ ਕਰਦਾ ਹੈ ਕਿ ਅਫ਼ਗ਼ਾਨ ਸਰਜ਼ਮੀਨ ਨੂੰ ਕਿਸੇ ਹੋਰ ਮੁਲਕ ਖਿਲਾਫ਼ ਹਮਲੇ ਜਾਂ ਦਹਿਸ਼ਗਰਦਾਂ ਨੂੰ ਸਿਖਲਾਈ ਜਾਂ ਪਨਾਹ ਦੇਣ ਜਾਂ ਦਹਿਸ਼ਤੀ ਹਮਲਿਆਂ ਲਈ ਵਿੱਤ ਜੁਟਾਉਣ ਵਜੋਂ ਨਹੀਂ ਵਰਤਿਆ ਜਾ ਸਕਦਾ। -ਪੀਟੀਆਈ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਮਿਲੇ ਮੋਦੀ

ਟੋਕੀਓ: ਜਾਪਾਨ ਦੀ ਆਪਣੀ ਦੋ ਰੋਜ਼ਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀਆਂ ਯੋਸ਼ੀਹਿਦੇ ਸੁਗਾ, ਯੋਸ਼ੀਰੋ ਮੋਰੀ ਤੇ ਸ਼ਿੰਜ਼ੋ ਆਬੇ ਨੂੰ ਵੀ ਮਿਲੇ। ਉਨ੍ਹਾਂ ਦੋਵਾਂ ਮੁਲਕਾਂ ਦਰਮਿਆਨ ਵਿਸ਼ੇਸ਼ ਰਣਨੀਤਕ ਤੇ ਆਲਮੀ ਭਾਈਵਾਲੀ ਨੂੰ ਹੋਰ ਮਜ਼ਬੁੂਤ ਕਰਨ ਦੇ ਮੁੱਦੇ 'ਤੇ ਵਿਚਾਰ ਚਰਚਾ ਕੀਤੀ। ਮੋਰੀ ਜਾਪਾਨ-ਭਾਰਤ ਐਸੋਸੀੲੇਸ਼ਨ (ਜੇਆਈੲੇ) ਦੇ ਮੌਜੂਦਾ ਚੇਅਰਪਰਸਨ ਹਨ, ਜਦੋਂਕਿ ਆਬੇ ਜਲਦੀ ਹੀ ਉਨ੍ਹਾਂ ਦੀ ਥਾਂ ਲੈਣਗੇ। ਜੇਆਈਏ ਦੀ ਸਥਾਪਨਾ 1903 ਵਿੱਚ ਕੀਤੀ ਗਈ ਸੀ। ਸ੍ਰੀ ਮੋਦੀ ਨੇ ਐਸੋਸੀਏਸ਼ਨ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਸੁਗਾ ਨਾਲ ਮੁਲਾਕਾਤ ਦੌਰਾਨ ਸ੍ਰੀ ਮੋਦੀ ਨੇ ਸਤੰਬਰ 2021 ਵਿੱਚ ਵਾਸ਼ਿੰਗਟਨ ਵਿੱਚ ਹੋਈ ਕੁਆਡ ਆਗੂਆਂ ਦੀ ਮੁਲਾਕਾਤ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਸੁਗਾ ਵੱਲੋਂ ਭਾਰਤ-ਜਾਪਾਨ ਰਿਸ਼ਤਿਆਂ ਦੀ ਮਜ਼ਬੂਤੀ ਲਈ ਪਾਏ ਯੋਗਦਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਸੁਗਾ ਨੂੰ ਜਾਪਾਨੀ ਸੰਸਦ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਕਰਦਿਆਂ ਭਾਰਤ ਆਉਣ ਦਾ ਸੱਦਾ ਦਿੱਤਾ। -ਪੀਟੀਆਈ

ਭਾਰਤ ਤੇ ਅਮਰੀਕਾ ਦਰਮਿਆਨ ਵਿਸ਼ਵਾਸ ਦੀ ਭਾਈਵਾਲੀ: ਮੋਦੀ

ਟੋਕੀਓ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਅਮਰੀਕਾ ਵਿਚਾਲੇ ਰਿਸ਼ਤਿਆਂ ਨੂੰ 'ਵਿਸ਼ਵਾਸ ਦੀ ਭਾਈਵਾਲੀ' ਦਸਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵਧੇਰੇ ਖੁ਼ਸ਼ਹਾਲ, ਮੁਕਤ ਤੇ ਸੁਰੱਖਿਅਤ ਵਿਸ਼ਵ ਲਈ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਜ਼ਾਹਿਰ ਕੀਤਾ। ਦੋਵਾਂ ਆਗੂਆਂ ਨੇ ਕੁਆਡ ਸਿਖਰ ਵਾਰਤਾ ਤੋਂ ਇਕ ਪਾਸੇ ਭਾਰਤ-ਅਮਰੀਕਾ ਰੱਖਿਆ ਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਦੁਹਰਾਈ। ਮੀਟਿੰਗ ਉਪਰਤ ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ਵਿੱਚ ਰਾਸ਼ਟਰਪਤੀ ਬਾਇਡਨ ਨਾਲ ਆਪਣੀ ਮੀਟਿੰਗ ਨੂੰ 'ਸਾਰਥਕ' ਦੱਸਿਆ। ਸ੍ਰੀ ਮੋਦੀ ਨੇ ਕਿਹਾ, ''ਅਮਰੀਕੀ ਰਾਸ਼ਟਰਪਤੀ ਬਾਇਡਨ ਨਾਲ ਸਾਰਥਕ ਬੈਠਕ ਹੋਈ। ਅਸੀਂ ਕਾਰੋਬਾਰ, ਨਿਵੇਸ਼, ਰੱਖਿਆ, ਲੋਕਾਂ ਦਰਮਿਆਨ ਸੰਪਰਕ ਸਣੇ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ।'' ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਦੋਵਾਂ ਆਗੂਆਂ ਨੇ ਅਹਿਮ ਤੇ ਉਭਰਦੀ ਤਕਨੀਕਾਂ ਬਾਰੇ ਭਾਰਤ-ਅਮਰੀਕੀ ਪਹਿਲ (ਆਈਸੀਈਟੀ) ਦੀ ਸ਼ੁਰੂਆਤ ਕੀਤੀ, ਜੋ ਆਰਟੀਫਿਸ਼ਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, 5ਜੀ, 6ਜੀ, ਬਾਇਓਟੈੱਕ, ਪੁਲਾੜ ਤੇ ਸੈਮੀਕੰਡਕਟਰ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਹੈ। ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਅਮਰੀਕੀ ਸਨਅਤਾਂ ਨੂੰ ਭਾਰਤ ਵਿੱਚ 'ਮੇਕ ਇਨ ਇੰਡੀਆ' ਤੇ 'ਆਤਮਨਿਰਭਰ ਭਾਰਤ' ਪ੍ਰੋਗਰਾਮਾਂ ਤਹਿਤ ਰੱਖਿਆ ਖੇਤਰ ਵਿੱਚ ਭਾਰਤ 'ਚ ਨਿਰਮਾਣ ਲਈ ਸੱਦਾ ਦਿੱਤਾ। ਉਧਰ ਬਾਇਡਨ ਨੇ ਯੂਕਰੇਨ ਖਿਲਾਫ਼ ਰੂਸ ਵੱਲੋਂ 'ਛੇੜੀ ਗੈਰਵਾਜਬ ਜੰਗ' ਦੀ ਨਿਖੇਧੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਆਡ ਸਿਖਰ ਵਾਰਤਾ ਤੋਂ ਇਕਪਾਸੇ ਆਸਟਰੇਲੀਆ ਤੇ ਜਾਪਾਨ ਦੇ ਆਪਣੇ ਹਮਰੁਤਬਾਵਾਂ ਨਾਲ ਵੀ ਮੁਲਾਕਾਤ ਕੀਤੀ। ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਦੁਵੱਲੇ ਰਿਸ਼ਤਿਆਂ 'ਤੇ ਜ਼ੋਰ ਦਿੱਤਾ। -ਪੀਟੀਆਈ

ਚੀਨ ਨੇ ਆਈਪੀਈਐੱਫ ਨੂੰ 'ਆਰਥਿਕ ਨਾਟੋ' ਕਰਾਰ ਦਿੱਤਾ

ਪੇਈਚਿੰਗ: ਚੀਨ ਨੇ ਅਮਰੀਕਾ ਵੱਲੋਂ ਭਾਰਤ ਸਣੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ 12 ਮੁਲਕਾਂ ਨਾਲ ਲੰਘੇ ਦਿਨ ਕੀਤੇ ਨਵੇਂ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਹੈ। ਪੇਈਚਿੰਗ, ਹਿੰਦ-ਪ੍ਰਸ਼ਾਂਤ ਆਰਥਿਕ ਚੌਖਟੇ (ਆਈਪੀਈਐੱਫ) ਨੂੰ ਖਿੱਤੇ ਵਿੱਚ ਆਪਣੀ ਪ੍ਰਭੂਸੱਤਾ ਲਈ ਚੁਣੌਤੀ ਵਜੋਂ ਵੇਖ ਰਿਹਾ ਹੈ। ਚੀਨ ਨੇ ਇਸ ਚੌਖਟੇ ਨੂੰ 'ਆਰਥਿਕ ਉੱਤਰ ਐਟਲਾਂਟਿਕ ਟਰੀਟੀ ਸੰਗਠਨ (ਇਕਨਾਮਿਕ ਨਾਟੋ) ਕਰਾਰ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੀ ਪੱਟੀ ਤੇ ਰੋਡ ਪਹਿਲਕਦਮੀ (ਬੀਆਰਆਈ) ਪ੍ਰਾਜੈਕਟਾਂ ਤੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਵਧੇਰੇ ਸਹਿਯੋਗ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਈਐੱਸਸੀਏਪੀ ਨੂੰ ਸੰਬੋਧਨ ਕਰਦਿਆਂ ਕਿਹਾ, ''ਏਸ਼ੀਆ-ਪ੍ਰਸ਼ਾਂਤ ਖਿੱਤਾ ਉਹ ਥਾਂ ਹੈ, ਜਿੱਥੇ ਚੀਨ ਰਹਿੰਦਾ ਹੈ ਤੇ ਪੈਦਾ ਹੋਇਆ ਹੈ।'' ਉਨ੍ਹਾਂ ਕਿਹਾ , ''ਚੀਨ ਆਪਣੇ ਹਿੱਤ ਲਈ ਏਸ਼ੀਆ-ਪ੍ਰਸ਼ਾਂਤ ਉੱਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖੇਗਾ।'' -ਪੀਟੀਆਈ



Most Read

2024-09-19 16:52:21