Breaking News >> News >> The Tribune


ਪੈਟਰੋਲ ਅਤੇ ਡੀਜ਼ਲ ਹੋਏ ਸਸਤੇ


Link [2022-05-22 19:29:50]



ਮੁੱਖ ਅੰਸ਼

ਪੈਟਰੋਲ ਦੀ ਕੀਮਤ ਸਾਢੇ ਨੌਂ ਤੇ ਡੀਜ਼ਲ ਦੀ ਸੱਤ ਰੁਪਏ ਘਟੀ 'ਉੱਜਵਲਾ ਯੋਜਨਾ' ਤਹਿਤ ਮਿਲੇਗੀ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ

ਵਿੱਤ ਮੰਤਰੀ ਵੱਲੋਂ ਸੂਬਿਆਂ ਨੂੰ ਵੀ ਛੋਟ ਦੇਣ ਦੀ ਅਪੀਲ

ਨਵੀਂ ਦਿੱਲੀ, 21 ਮਈ

ਕੇਂਦਰ ਸਰਕਾਰ ਨੇ ਅੱਜ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ-ਡੀਜ਼ਲ ਤੋਂ ਐਕਸਾਈਜ਼ ਡਿਊਟੀ (ਆਬਕਾਰੀ ਡਿਊਟੀ) ਘਟਾ ਦਿੱਤੀ ਹੈ। ਇਸ ਨਾਲ ਪੈਟਰੋਲ ਹੁਣ 9.5 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 7 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਬਾਰੇ ਟਵੀਟ ਕਰਦਿਆਂ ਕਿਹਾ ਕਿ ਪੈਟਰੋਲ 'ਤੇ ਕੇਂਦਰੀ ਐਕਸਾਈਜ਼ ਡਿਊਟੀ 8 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਉਤੇ ਛੇ ਰੁਪਏ ਪ੍ਰਤੀ ਲਿਟਰ ਘਟਾਈ ਜਾ ਰਹੀ ਹੈ। ਸੀਤਾਰਾਮਨ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਪ੍ਰਤੀ ਸਾਲ ਕਰੀਬ ਇਕ ਲੱਖ ਕਰੋੜ ਰੁਪਏ ਦਾ ਮਾਲੀ ਘਾਟਾ ਸਹਿਣਾ ਪਵੇਗਾ। ਕੇਂਦਰੀ ਮੰਤਰੀ ਨੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸੇ ਤਰ੍ਹਾਂ ਦੀ ਛੋਟ ਲੋਕਾਂ ਨੂੰ ਦੇਣ, ਖਾਸ ਤੌਰ 'ਤੇ ਜਿਨ੍ਹਾਂ ਪਿਛਲੇ ਗੇੜ (ਨਵੰਬਰ 2021) ਵਿਚ ਅਜਿਹਾ ਕੱਟ ਨਹੀਂ ਲਾਇਆ ਸੀ, ਉਹ ਹੁਣ ਲਾਉਣ। ਦੱਸਣਯੋਗ ਹੈ ਕਿ ਨਵੰਬਰ 2021 ਤੋਂ ਬਾਅਦ ਕਰੀਬ 25 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵੈਟ ਘਟਾਇਆ ਸੀ। ਇਸ ਤੋਂ ਬਾਅਦ ਰਿਕਾਰਡ 137 ਦਿਨਾਂ ਤੱਕ ਸਰਕਾਰੀ ਤੇਲ ਕੰਪਨੀਆਂ ਨੇ ਤੇਲ ਕੀਮਤਾਂ ਵਿਚ ਵਾਧਾ ਨਹੀਂ ਕੀਤਾ। ਇਸ ਤੋਂ ਬਾਅਦ 22 ਮਾਰਚ ਤੋਂ ਕੀਮਤਾਂ ਲਗਾਤਾਰ 16 ਦਿਨ ਤੱਕ ਵਧਦੀਆਂ ਰਹੀਆਂ। ਦਿੱਲੀ ਵਿਚ ਹੁਣ ਭਲਕ ਤੋਂ ਪੈਟਰੋਲ 95.91 ਰੁਪਏ ਪ੍ਰਤੀ ਲਿਟਰ ਮਿਲੇਗਾ ਜਦਕਿ ਅੱਜ ਇਹ 105.41 ਰੁਪਏ ਪ੍ਰਤੀ ਲਿਟਰ ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 89.67 ਰੁਪਏ ਪ੍ਰਤੀ ਲਿਟਰ ਹੋਵੇਗੀ ਜੋ ਕਿ ਅੱਜ ਤੱਕ 96.67 ਰੁਪਏ ਪ੍ਰਤੀ ਲਿਟਰ ਸੀ। ਵਿੱਤ ਮੰਤਰੀ ਨੇ ਨਾਲ ਹੀ ਕਿਹਾ ਕਿ ਇਸ ਸਾਲ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 200 ਰੁਪਏ ਪ੍ਰਤੀ ਗੈਸ ਸਿਲੰਡਰ (12 ਸਿਲੰਡਰਾਂ ਤੱਕ) ਦੀ ਸਬਸਿਡੀ ਦੇਵੇਗੀ। ਦੱਸਣਯੋਗ ਹੈ ਕਿ ਦਿੱਲੀ ਵਿਚ ਇਸ ਵੇਲੇ 14.2 ਕਿਲੋਗ੍ਰਾਮ ਦਾ ਐਲਪੀਜੀ ਸਿਲੰਡਰ 1003 ਰੁਪਏ ਦਾ ਮਿਲ ਰਿਹਾ ਹੈ। ਉੱਜਵਲਾ ਯੋਜਨਾ ਤਹਿਤ ਜਿਨ੍ਹਾਂ ਮਹਿਲਾ ਲਾਭਪਾਤਰੀਆਂ ਨੂੰ ਮੁਫ਼ਤ ਕੁਨੈਕਸ਼ਨ ਮਿਲਦਾ ਹੈ, ਉਨ੍ਹਾਂ ਨੂੰ ਹੁਣ ਬੈਂਕ ਖਾਤੇ ਵਿਚ 200 ਰੁਪਏ ਦੀ ਸਬਸਿਡੀ ਮਿਲੇਗੀ ਤੇ ਸਿਲੰਡਰ 803 ਰੁਪਏ ਵਿਚ ਪਏਗਾ। ਮੰਤਰੀ ਨੇ ਕਿਹਾ ਕਿ ਸਰਕਾਰ ਕੱਚੇ ਮਾਲ ਤੇ ਪਲਾਸਟਿਕ ਉਤਪਾਦਾਂ ਨਾਲ ਸਬੰਧਤ ਕਸਟਮ ਡਿਊਟੀ ਉਤੇ ਵੀ ਰਾਹਤ ਦੇਣ ਜਾ ਰਹੀ ਹੈ। ਸਟੀਲ ਨਾਲ ਜੁੜੇ ਕੱਚੇ ਮਾਲ ਉਤੇ ਵੀ ਰਾਹਤ ਦਿੱਤੀ ਜਾਵੇਗੀ ਤੇ ਦਰਾਮਦ ਡਿਊਟੀ ਘਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੀਮਿੰਟ ਦੀ ਕੀਮਤ ਘਟਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ। -ਪੀਟੀਆਈ

ਐਕਸਾਈਜ਼ ਡਿਊਟੀ 'ਤੇ ਕਟੌਤੀ 'ਅੰਕੜਿਆਂ ਦੀ ਬਾਜ਼ੀਗਰੀ': ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਪੈਟਰੋਲ ਤੇ ਡੀਜ਼ਲ ਉਤੇ ਆਬਕਾਰੀ ਡਿਊਟੀ ਵਿਚ ਕਟੌਤੀ ਦੇ ਐਲਾਨ ਤੋਂ ਬਾਅਦ ਅੱਜ ਕਿਹਾ ਕਿ 'ਸਰਕਾਰ ਅੰਕੜਿਆਂ ਵਿਚ ਹੇਰ-ਫੇਰ' ਕਰਕੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਨੂੰ 'ਅੰਕੜਿਆਂ ਦੀ ਬਾਜ਼ੀਗਰੀ' ਕਰਨ ਦੀ ਬਜਾਏ ਪੈਟਰੋਲ ਤੇ ਡੀਜ਼ਲ ਉਤੇ ਐਕਸਾਈਜ਼ ਡਿਊਟੀ ਨੂੰ ਯੂਪੀਏ ਸਰਕਾਰ ਦੇ ਸਮੇਂ ਦੇ ਪੱਧਰ ਉਤੇ ਲਿਆਉਣਾ ਚਾਹੀਦਾ ਹੈ। ਸੁਰਜੇਵਾਲਾ ਨੇ ਕਿਹਾ ਕਿ ਵਿੱਤ ਮੰਤਰੀ ਲੋਕਾਂ ਨੂੰ ਬੇਵਕੂਫ਼ ਨਾ ਬਣਾਉਣ। -ਪੀਟੀਆਈ

ਸਾਡੇ ਲਈ ਲੋਕ ਹਮੇਸ਼ਾ ਪਹਿਲਾਂ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ ਦੇਸ਼ ਦੇ ਲੋਕ ਸਭ ਤੋਂ ਪਹਿਲਾਂ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, 'ਅੱਜ ਦੇ ਫ਼ੈਸਲੇ ਤੇ ਖਾਸ ਕਰਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਦੇ ਫ਼ੈਸਲੇ ਨਾਲ ਵੱਖ ਵੱਖ ਵਰਗਾਂ 'ਤੇ ਸਾਕਾਰਾਤਮਕ ਅਸਰ ਪਵੇਗਾ ਅਤੇ ਦੇਸ਼ ਦੇ ਲੋਕਾਂ ਨੂੰ ਰਾਹਤ ਮਿਲੇਗੀ।' ਉਨ੍ਹਾਂ ਕਿਹਾ ਕਿ ਉਜਵਲਾ ਯੋਜਨਾ ਕਰੋੜਾਂ ਭਾਰਤੀਆਂ ਲਈ ਮਦਦਗਾਰ ਹੈ ਅਤੇ ਸਬਸਿਡੀ ਸਬੰਧੀ ਅੱਜ ਦੇ ਫ਼ੈਸਲੇ ਨਾਲ ਪਰਿਵਾਰਾਂ ਨੂੰ ਰਾਹਤ ਮਿਲੇਗੀ।

ਸੀਐੱਨਜੀ ਦੀ ਕੀਮਤ 'ਚ 2 ਰੁਪਏ ਪ੍ਰਤੀ ਕਿਲੋ ਵਾਧਾ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਸੀਐੱਨਜੀ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਵਾਧਾ ਕੀਤਾ ਗਿਆ ਹੈ। ਸੀਐੱਨਜੀ ਕੀਮਤਾਂ ਵਿੱਚ ਦੋ ਮਹੀਨਿਆਂ ਦੌਰਾਨ 13ਵੀਂ ਵਾਰ ਇਹ ਵਾਧਾ ਹੋਇਆ ਹੈ। ਇੰਦਰਪ੍ਰਸਥ ਗੈਸ ਲਿਮਟਿਡ (ਆਈਜੀਐੱਲ) ਦੀ ਵੈੱਬਸਾਈਟ 'ਤੇ ਪੋਸਟ ਜਾਣਕਾਰੀ ਮੁਤਾਬਕ ਦਿੱਲੀ ਵਿੱਚ ਸੀਐੱਨਜੀ ਦੀ ਕੀਮਤ 73.61 ਰੁਪਏ ਤੋਂ ਵਧ ਕੇ 75.61 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। -ਪੀਟੀਆਈ



Most Read

2024-09-20 12:44:39