Breaking News >> News >> The Tribune


ਅਸਾਮ-ਅਰੁਣਾਚਲ ਸਰਹੱਦੀ ਵਿਵਾਦ ਅਗਲੇ ਸਾਲ ਤੱਕ ਸੁਲਝਣ ਦੀ ਆਸ: ਸ਼ਾਹ


Link [2022-05-22 19:29:50]



ਦੇਵਮਾਲੀ (ਅਰੁਣਾਚਲ ਪ੍ਰਦੇਸ਼), 21 ਮਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਰੁਣਾਚਲ ਪ੍ਰਦੇਸ਼ ਤੇ ਅਸਾਮ ਵਿਚਾਲੇ ਕੌਮਾਂਤਰੀ ਸਰਹੱਦੀ ਵਿਵਾਦ ਅਗਲੇ ਸਾਲ ਤੱਕ ਸੁਲਝਣ ਦੀ ਆਸ ਹੈ। ਸ਼ਾਹ ਨੇ ਕਿਹਾ ਕਿ ਪੂਰਬ-ਉੱਤਰ ਨੂੰ ਅਤਿਵਾਦ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ 'ਚ ਮੋਦੀ ਸਰਕਾਰ ਦੇ ਪਿਛਲੇ ਅੱਠ ਸਾਲਾਂ ਦੌਰਾਨ ਇਲਾਕੇ ਦੇ ਨੌਂ ਹਜ਼ਾਰ ਅਤਿਵਾਦੀਆਂ ਨੇ ਆਤਮਸਮਰਪਣ ਕੀਤਾ ਹੈ।

ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਦੇ ਨਰੋਤਮ ਨਗਰ 'ਚ ਰਾਮਕ੍ਰਿਸ਼ਨ ਮਿਸ਼ਨ ਸਕੂਲ ਦੇ ਗੋਲਡਨ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਇਲਾਕੇ 'ਚ ਸ਼ਾਂਤੀ ਤੇ ਵਿਕਾਸ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੀਆਂ ਸਰਕਾਰਾਂ ਅੰਤਰਰਾਜੀ ਸਰਹੱਦੀ ਵਿਵਾਦ ਦੇ ਪੱਕੇ ਹੱਲ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ, 'ਪੂਰਬ-ਉੱਤਰ ਦੇ ਨੌਜਵਾਨ ਹੁਣ ਬੰਦੂਕਾਂ ਤੇ ਪੈਟਰੋਲ ਬੰਬ ਨਹੀਂ ਰੱਖਦੇ। ਉਹ ਹੁਣ ਲੈਪਟਾਪ ਰੱਖਦੇ ਹਨ ਅਤੇ ਸਟਾਰਟਅੱਪ ਸ਼ੁਰੂ ਕਰ ਰਹੇ ਹਨ। ਇਹ ਵਿਕਾਸ ਦਾ ਉਹ ਮਾਰਗ ਹੈ ਜਿਸ ਦੀ ਕਲਪਨਾ ਕੇਂਦਰ ਨੇ ਇਸ ਇਲਾਕੇ ਲਈ ਕੀਤੀ ਹੈ।' ਉਨ੍ਹਾਂ ਕਿਹਾ, 'ਮਨੀਪੁਰ ਜਿਸ ਨੂੰ ਪਹਿਲਾਂ ਸਾਲ 'ਚ 200 ਤੋਂ ਵੱਧ ਦਿਨਾਂ ਲਈ ਬੰਦ ਤੇ ਨਾਕੇਬੰਦੀ ਲਈ ਜਾਣਿਆ ਜਾਂਦਾ ਸੀ, ਉਹ ਹੁਣ ਪਿਛਲੇ ਪੰਜ ਸਾਲਾਂ ਦੇ ਭਾਜਪਾ ਸ਼ਾਸਨ ਦੌਰਾਨ ਬਿਨਾਂ ਕਿਸੇ ਬੰਦ ਦੇ ਬਦਲਾਅ ਦੇਖ ਰਿਹਾ ਹੈ।' ਸ਼ਾਹ ਨੇ ਕਿਹਾ ਕਿ ਅਸਾਮ ਦੇ ਬੋਡੋਲੈਂਡ ਇਲਾਕੇ 'ਚ ਅਤਿਵਾਦ ਨੂੰ ਬੋਡੋ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਰਾਹੀਂ ਸੁਲਝਾਇਆ ਗਿਆ ਹੈ। ਉਨ੍ਹਾਂ ਕਿਹਾ, 'ਤ੍ਰਿਪੁਰਾ 'ਚ ਅਤਿਵਾਦੀ ਗਰੁੱਪਾਂ ਦਾ ਆਤਮਸਮਰਪਣ ਅਤੇ ਬਰੂ ਸ਼ਰਨਾਰਥੀਆਂ ਦੇ ਮੁੱਦੇ ਦਾ ਹੱਲ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਸਾਮ ਦੇ ਕਾਰਬੀ ਐਂਗਲੌਂਗ 'ਚ ਸ਼ਾਂਤੀ ਲਿਆਉਣ ਦੀ ਪਹਿਲ ਕੀਤੀ ਹੈ।' -ਪੀਟੀਆਈ



Most Read

2024-09-20 15:38:29