Breaking News >> News >> The Tribune


ਭਾਰਤੀ ਲੋਕਤੰਤਰ ’ਚ ਦਰਾਰ ਦੁਨੀਆ ਲਈ ਚੰਗੀ ਨਹੀਂ ਹੋਵੇਗੀ: ਰਾਹੁਲ


Link [2022-05-22 19:29:50]



ਮੁੱਖ ਅੰਸ਼

ਲੰਡਨ 'ਚ ਕਾਂਗਰਸ ਆਗੂ ਨੇ ਭਾਜਪਾ 'ਤੇ ਸੇਧਿਆ ਨਿਸ਼ਾਨਾ ਰਾਹੁਲ ਮੁਤਾਬਕ 'ਪੂਰੇ ਦੇਸ਼ ਵਿਚ ਮਿੱਟੀ ਦਾ ਤੇਲ ਫੈਲਿਆ, ਬਸ ਇਕ ਚੰਗਿਆੜੀ ਕਾਫ਼ੀ'

ਨਵੀਂ ਦਿੱਲੀ, 21 ਮਈ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਵਿਚ ਲੋਕਤੰਤਰ ਦਾ ਰਹਿਣਾ ਦੁਨੀਆ ਦੇ ਲੋਕਾਂ ਲਈ ਜ਼ਰੂਰੀ ਤੇ ਚੰਗਾ ਹੈ। ਇਹ ਧਰਤੀ ਦੇ ਕੇਂਦਰੀ ਆਧਾਰ ਦੇ ਰੂਪ ਵਿਚ ਕੰਮ ਕਰਦਾ ਹੈ ਤੇ ਜੇ ਭਾਰਤੀ ਲੋਕਤੰਤਰ ਵਿਚ ਦਰਾਰ ਆਉਂਦੀ ਹੈ ਤਾਂ ਇਸ ਨਾਲ ਸਾਡੇ ਪੂਰੇ ਗ੍ਰਹਿ ਲਈ ਸਮੱਸਿਆਵਾਂ ਖੜ੍ਹੀਆਂ ਹੋ ਜਾਣਗੀਆਂ। ਬਰਤਾਨੀਆ ਦੇ ਦੌਰੇ ਉਤੇ ਗਏ ਰਾਹੁਲ ਨੇ ਗੈਰ-ਲਾਭਕਾਰੀ ਥਿੰਕ ਟੈਂਕ 'ਬ੍ਰਿਜ ਇੰਡੀਆ' ਵੱਲੋਂ ਲੰਡਨ 'ਚ ਕਰਵਾਈ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਵਿਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਰਤ ਵਿਚ ਸ਼ਾਸਨ ਦੇ ਦੋ ਅਲੱਗ-ਅਲੱਗ ਸਰੂਪ ਚੱਲ ਰਹੇ ਹਨ, ਇਕ ਜੋ ਆਵਾਜ਼ਾਂ ਨੂੰ ਦਬਾਉਂਦਾ ਹੈ ਤੇ ਦੂਜਾ ਜੋ ਉਨ੍ਹਾਂ ਨੂੰ ਸੁਣਦਾ ਹੈ। ਇਸ ਮੌਕੇ ਰਾਹੁਲ ਨੇ ਸਮੂਹਿਕ ਕਾਰਵਾਈ ਲਈ ਆਪਣੀ ਪਾਰਟੀ ਦੇ ਦ੍ਰਿਸ਼ਟੀਕੋਣ ਨੂੰ ਵੀ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਲਈ ਕੁਝ 'ਚੰਗਾ' ਹੋਵੇਗਾ। ਇਸ ਮੌਕੇ ਸੀਪੀਐਮ ਆਗੂ ਸੀਤਾਰਾਮ ਯੇਚੁਰੀ, ਆਰਜੇਡੀ ਆਗੂ ਤੇਜਸਵੀ ਯਾਦਵ ਤੇ ਟੀਐਮਸੀ ਦੀ ਮਹੂਆ ਮੋਇਤਰਾ ਵੀ ਹਾਜ਼ਰ ਸਨ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਪੂਰੇ ਦੇਸ਼ ਵਿਚ 'ਮਿੱਟੀ ਦਾ ਤੇਲ' ਫੈਲਿਆ ਹੋਇਆ ਹੈ ਤੇ ਅੱਗ ਲਾਉਣ ਲਈ ਬਸ ਇਕ ਚੰਗਿਆੜੀ ਦੀ ਲੋੜ ਹੈ। ਉਨ੍ਹਾਂ ਕਿਹਾ, 'ਇਕ ਵਰਕਰ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਕਹੋਗੇ ਤੇ ਹੋਰ ਕੁਝ ਨਹੀਂ। ਇਹ ਵਰਕਰ ਲੋਕਾਂ ਦੇ ਗਲ ਦੇ ਥੱਲੇ ਇਕ ਖਾਸ ਤਰ੍ਹਾਂ ਦੇ ਵਿਚਾਰਾਂ ਨੂੰ ਉਤਾਰਨ ਲਈ ਤਿਆਰ ਕੀਤਾ ਗਿਆ ਹੈ, ਫਿਰ ਚਾਹੇ ਉਹ ਕਮਿਊਨਿਸਟ ਵਿਚਾਰਧਾਰਾ ਹੋਵੇ ਜਾਂ ਰਾਸ਼ਟਰੀ ਸਵੈਮ ਸੇਵਕ (ਆਰਐੱਸਐੱਸ) ਸੰਘ ਦੀ ਸੋਚ।' ਰਾਹੁਲ ਨੇ ਕਿਹਾ, 'ਸਾਡੇ ਵਰਕਰ ਇਸ ਤਰ੍ਹਾਂ ਤਿਆਰ ਨਹੀਂ ਕੀਤੇ ਗਏ ਹਨ, ਉਨ੍ਹਾਂ ਨੂੰ ਭਾਰਤ ਦੇ ਲੋਕਾਂ ਦੀ ਆਵਾਜ਼ ਸੁਣਨ, ਉਨ੍ਹਾਂ ਦੇ ਵਿਚਾਰਾਂ ਨੂੰ ਬਾਹਰ ਕੱਢਣ ਤੇ ਉਨ੍ਹਾਂ ਨੂੰ ਸਾਹਮਣੇ ਰੱਖਣ ਲਈ ਤਿਆਰ ਕੀਤਾ ਗਿਆ ਹੈ।' ਰਾਹੁਲ ਨੇ ਕਿਹਾ ਕਿ ਭਾਰਤ ਹੀ ਇਕੱਲਾ ਅਜਿਹਾ ਮੁਲਕ ਹੈ, ਜੋ ਐਨੇ ਵੱਡੇ ਪੈਮਾਨੇ 'ਤੇ ਲੋਕਤੰਤਰ ਚਲਾਉਣ ਵਿਚ ਸਫ਼ਲ ਰਿਹਾ ਹੈ। ਕਾਂਗਰਸ ਪਾਰਟੀ ਨੇ ਰਾਹੁਲ ਦੇ ਹਵਾਲੇ ਨਾਲ ਕਿਹਾ, 'ਸਾਡਾ ਮੰਨਣਾ ਹੈ ਕਿ ਭਾਰਤ ਆਪਣੇ ਲੋਕਾਂ ਨੂੰ ਬੰਨ੍ਹਣ ਵਾਲੀ ਡੋਰ ਹੈ, ਜਦਕਿ ਭਾਜਪਾ ਤੇ ਆਰਐੱਸਐੱਸ ਦਾ ਮੰਨਣਾ ਹੈ ਕਿ ਭਾਰਤ ਇਕ ਭੂਗੋਲਿਕ ਸਥਾਨ ਹੈ, ਇਹ ਇਕ ਸੋਨੇ ਦੀ ਚਿੜੀ ਹੈ, ਜਿਸ ਦਾ ਲਾਭ ਚੰਦ ਲੋਕਾਂ ਵਿਚ ਵੰਡਣਾ ਚਾਹੀਦਾ ਹੈ। ਸਾਡਾ ਮੰਨਣਾ ਹੈ ਕਿ ਲਾਭ ਤੱਕ ਸਾਰਿਆਂ ਨੂੰ ਇਕੋ ਜਿਹੀ ਪਹੁੰਚ ਮਿਲਣੀ ਚਾਹੀਦੀ ਹੈ।' ਰਾਹੁਲ ਨੇ ਇਸ ਮੌਕੇ ਰੂਸ-ਯੂਕਰੇਨ ਟਕਰਾਅ ਦੀ ਤੁਲਨਾ ਭਾਰਤ ਵਿਚ ਚੀਨ ਦੀ ਕਾਰਵਾਈ ਨਾਲ ਕੀਤੀ। ਕਾਂਗਰਸ ਆਗੂ ਨੇ ਨਾਲ ਹੀ ਕਿਹਾ ਕਿ ਜੋ ਯੂਕਰੇਨ ਵਿਚ ਹੋ ਰਿਹਾ ਹੈ, ਉਹੀ ਲੱਦਾਖ ਤੇ ਡੋਕਲਾਮ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨੀ ਕਹਿ ਰਹੇ ਹਨ ਅਸੀਂ 'ਇਸ ਖੇਤਰ ਉਤੇ ਤੁਹਾਡੇ ਅਧਿਕਾਰ ਨੂੰ ਸਵੀਕਾਰ ਨਹੀਂ ਕਰਦੇ।' ਕਾਂਗਰਸ ਆਗੂ ਨੇ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ਉਤੇ ਸਮੱਸਿਆ ਹੈ ਤੇ ਇਸ ਨਾਲ ਨਜਿੱਠਣ ਲਈ ਤਿਆਰੀ ਕਰਨੀ ਹੋਵੇਗੀ। ਰਾਹੁਲ ਨੇ ਕਿਹਾ, 'ਚੀਨੀ ਫ਼ੌਜ ਅੱਜ ਭਾਰਤ ਦੇ ਅੰਦਰ ਬੈਠੀ ਹੈ, ਉਹ ਪੁਲ ਬਣਾ ਰਹੇ ਹਨ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਹੇ ਹਨ।' ਉਹ ਯਕੀਨੀ ਤੌਰ 'ਤੇ ਕਿਸੇ ਚੀਜ਼ ਦੀ ਤਿਆਰੀ ਕਰ ਰਹੇ ਹਨ। ਪਰ ਸਰਕਾਰ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਸਰਕਾਰ ਚਰਚਾ ਨੂੰ ਦਬਾਉਣਾ ਚਾਹੁੰਦੀ ਜੋ ਕਿ ਭਾਰਤ ਲਈ ਬਿਲਕੁਲ ਚੰਗਾ ਨਹੀਂ ਹੈ। ਰਾਹੁਲ ਗਾਂਧੀ ਨੇ ਕੁਝ ਯੂਰੋਪੀ ਨੌਕਰਸ਼ਾਹਾਂ ਦੀ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ 'ਭਾਰਤੀ ਵਿਦੇਸ਼ ਸੇਵਾ ਬਦਲ ਗਈ ਹੈ, ਇਹ ਹੰਕਾਰੀ ਹੋ ਗਈ ਹੈ।' -ਪੀਟੀਆਈ

ਬਿਆਨਬਾਜ਼ੀ ਨਾਲ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਨੇ ਰਾਹੁਲ ਗਾਂਧੀ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਨਫ਼ਰਤ ਨਾਲ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ਤੋਂ ਉਨ੍ਹਾਂ ਵੱਲੋਂ ਦੇਸ਼ ਬਾਰੇ ਵਾਰ-ਵਾਰ ਕੀਤੀਆਂ ਜਾ ਰਹੀਆਂ ਆਲੋਚਨਾਤਮਕ ਟਿੱਪਣੀਆਂ ਦੇਸ਼ ਨੂੰ 'ਧੋਖਾ ਦੇਣ' ਦੇ ਬਰਾਬਰ ਹਨ। ਪਾਰਟੀ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ 'ਰਾਹੁਲ ਗਾਂਧੀ ਤੇ ਗਾਂਧੀ ਪਰਿਵਾਰ ਵਿਦੇਸ਼ ਜਾ ਕੇ ਦੇਸ਼ ਦੀ ਸਾਖ਼ ਨੂੰ ਸੱਟ ਮਾਰਦੇ ਹਨ, ਪ੍ਰਧਾਨ ਮੰਤਰੀ ਮੋਦੀ ਨਾਲ ਨਫ਼ਰਤ ਕਰਦੇ-ਕਰਦੇ ਉਹ ਦੇਸ਼ ਨੂੰ ਹੀ ਨੁਕਸਾਨ ਪਹੁੰਚਾ ਦਿੰਦੇ ਹਨ।' ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਨੂੰ ਵਿਦੇਸ਼ ਵਿਚ ਭਾਰਤ ਖ਼ਿਲਾਫ਼ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦਾ ਵਿਰੋਧ ਕਰ ਸਕਦੇ ਹਨ, ਇਹ ਸਿਹਤਮੰਦ ਰਾਜਨੀਤੀ ਦਾ ਹਿੱਸਾ ਹੈ। ਪਰ ਦੇਸ਼ ਖ਼ਿਲਾਫ਼ ਬੋਲਣ 'ਤੇ ਭਾਜਪਾ ਪੁਰਜ਼ੋਰ ਤਰੀਕੇ ਨਾਲ ਵਿਰੋਧ ਕਰੇਗੀ। ਰਾਹੁਲ ਗਾਂਧੀ ਦੀ 'ਮਿੱਟੀ ਦਾ ਤੇਲ ਛਿੜਕਣ' ਦੀ ਟਿੱਪਣੀ 'ਤੇ ਭਾਜਪਾ ਬੁਲਾਰੇ ਨੇ ਕਿਹਾ ਕਿ 'ਮਿੱਟੀ ਦਾ ਤੇਲ ਕਾਂਗਰਸ ਪਾਰਟੀ ਛਿੜਕਦੀ ਹੈ। 1984 ਦਾ ਜੋ ਕਤਲੇਆਮ ਹੋਇਆ, ਉਹ ਕਾਂਗਰਸ ਦੇ ਨੇਤਾਵਾਂ ਨੇ ਕਰਵਾਇਆ, ਉਸ ਵੇਲੇ ਮਿੱਟੀ ਦਾ ਤੇਲ ਪਾਉਣ ਵਾਲੇ ਕਾਂਗਰਸ ਦੇ ਨੇਤਾ ਸਨ।' ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਭਾਰਤ ਮੋਦੀ ਦੀ ਅਗਵਾਈ ਵਿਚ ਅੱਗੇ ਵੱਧ ਰਿਹਾ ਹੈ ਤੇ ਦੁਨੀਆ ਨੂੰ ਰਾਹ ਦਿਖਾ ਰਿਹਾ ਹੈ। ਭਾਰਤੀ ਵਿਦੇਸ਼ ਸੇਵਾ ਬਾਰੇ ਰਾਹੁਲ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ, 'ਹਾਂ ਭਾਰਤੀ ਵਿਦੇਸ਼ ਸੇਵਾ ਬਦਲ ਗਈ ਹੈ, ਇਸ ਨੂੰ ਹੰਕਾਰ ਨਹੀਂ ਕਿਹਾ ਜਾ ਸਕਦਾ, ਇਹ ਆਤਮਵਿਸ਼ਵਾਸ ਹੈ, ਅਸੀਂ ਦੂਜਿਆਂ ਦੇ ਤਰਕਾਂ ਦਾ ਵਿਰੋਧ ਕਰਦੇ ਹਾਂ ਤੇ ਇਹ ਰਾਸ਼ਟਰ ਹਿੱਤ ਦੇਖ ਕੇ ਕੀਤਾ ਜਾਂਦਾ ਹੈ।' -ਪੀਟੀਆਈ

'ਖੇਤਰੀ ਪਾਰਟੀਆਂ ਨਾਲ ਮਿਲ ਕੇ ਭਾਜਪਾ ਵਿਰੁੱਧ ਮੁਹਿੰਮ ਛੇੜਾਂਗੇ'

ਰਾਹੁਲ ਗਾਂਧੀ ਨੇ ਉਦੈਪੁਰ 'ਚਿੰਤਨ ਸ਼ਿਵਿਰ' ਦੇ ਆਪਣੇ ਰੁਖ਼ ਤੋਂ ਪਿੱਛੇ ਹਟਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਰੀਆਂ ਖੇਤਰੀ ਧਿਰਾਂ ਦਾ ਆਦਰ ਕਰਦੀ ਹੈ ਤੇ 'ਬਿਗ ਡੈਡੀ' ਨਹੀਂ ਬਣਨਾ ਚਾਹੁੰਦੀ। ਰਾਹੁਲ ਨੇ ਨਾਲ ਹੀ ਕਿਹਾ ਕਿ ਭਾਜਪਾ ਖ਼ਿਲਾਫ਼ 'ਜੰਗ ਇਕ ਸਮੂਹਿਕ ਕੋਸ਼ਿਸ਼ ਹੋਵੇਗੀ'। ਲੰਡਨ 'ਚ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਵਿਚ ਰਾਹੁਲ ਨੇ ਭਾਜਪਾ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਵਿਚ ਸੰਸਥਾਵਾਂ ਉਤੇ ਹੱਲਾ ਬੋਲ ਕੇ ਉਨ੍ਹਾਂ ਉਤੇ ਕਬਜ਼ਾ ਕੀਤਾ ਜਾ ਰਿਹਾ ਹੈ ਤੇ ਮੀਡੀਆ ਵਰਗੀਆਂ ਇਕਾਈਆਂ ਨੂੰ ਕਬਜ਼ੇ ਹੇਠ ਕੀਤਾ ਜਾ ਰਿਹਾ ਹੈ। ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਨੇ ਮੀਡੀਆ ਉਤੇ '100 ਫ਼ੀਸਦ ਕਬਜ਼ਾ' ਕਰ ਲਿਆ ਹੈ। ਸੰਸਥਾਗਤ ਢਾਂਚੇ ਤੇ ਸੰਚਾਰ ਉਤੇ ਵੀ ਇਸ ਦਾ ਪੂਰਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਖੇਤਰੀ ਧਿਰਾਂ ਨਾਲ ਰਲ ਕੇ ਬੇਰੁਜ਼ਗਾਰੀ, ਮਹਿੰਗਾਈ ਤੇ ਹੋਰ ਮੁੱਦਿਆਂ ਉਤੇ ਵੱਡੇ ਪੱਧਰ ਦੇ ਜਨ ਅੰਦੋਲਨ ਛੇੜੇਗੀ। ਸਾਬਕਾ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਖੇਤਰੀ ਧਿਰਾਂ ਨਾਲ ਤਾਲਮੇਲ ਕਰਕੇ ਸੱਤਾਧਾਰੀ ਧਿਰ ਵਿਰੁੱਧ ਕੌਮੀ ਪੱਧਰ 'ਤੇ ਵਿਆਪਕ ਅੰਦੋਲਨ ਛੇੜੇਗੀ। ਇਸ ਦੌਰਾਨ ਲੋਕਾਂ ਨਾਲ ਵੱਡੇ ਪੱਧਰ ਉਤੇ ਰਾਬਤਾ ਕੀਤਾ ਜਾਵੇਗਾ। ਰਾਹੁਲ ਨੇ ਕਿਹਾ ਕਿ ਉਦੈਪੁਰ ਵਿਚ ਉਨ੍ਹਾਂ ਜਿਹੜਾ ਨੁਕਤਾ ਰੱਖਿਆ ਸੀ, ਉਸ ਦਾ ਗਲਤ ਮਤਲਬ ਕੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਕਾਂਗਰਸ ਤਾਮਿਲ ਸਿਆਸੀ ਸੰਗਠਨ ਵਜੋਂ ਡੀਐਮਕੇ ਦਾ ਸਤਿਕਾਰ ਕਰਦੀ ਹੈ, ਪਰ ਕਾਂਗਰਸ ਇਕ ਅਜਿਹੀ ਪਾਰਟੀ ਵੀ ਹੈ ਜਿਸ ਦੀ ਵਿਚਾਰਧਾਰਾ ਕੌਮੀ ਪੱਧਰ ਦੀ ਹੈ। ਇਸ ਲਈ ਕਾਂਗਰਸ ਨੂੰ ਖ਼ੁਦ ਨੂੰ ਇਕ ਢਾਂਚੇ ਵਜੋਂ ਲੈਣਾ ਪਏਗਾ ਜੋ ਵਿਰੋਧੀ ਧਿਰ ਦੀ ਮਦਦ ਕਰ ਸਕੇ। ਰਾਹੁਲ ਨੇ ਕਿਹਾ ਕਿ ਕੌਮੀ ਪੱਧਰ 'ਤੇ ਕਾਂਗਰਸ ਦੀ ਟੱਕਰ ਆਰਐੱਸਐੱਸ ਦੀ ਵਿਚਾਰਧਾਰਾ ਨਾਲ ਹੀ ਹੈ।' ਉਦੈਪੁਰ 'ਚ ਰਾਹੁਲ ਨੇ ਕਿਹਾ ਸੀ ਕਿ 'ਕਾਂਗਰਸ ਹੀ ਹੈ ਜੋ ਕੌਮੀ ਪੱਧਰ ਉਤੇ ਭਾਜਪਾ ਨੂੰ ਟੱਕਰ ਦੇ ਸਕਦੀ ਹੈ ਤੇ ਖੇਤਰੀ ਪਾਰਟੀਆਂ ਇਹ ਜੰਗ ਨਹੀਂ ਲੜ ਸਕਦੀਆਂ ਕਿਉਂਕਿ ਉਹ ਕਿਸੇ ਵਿਚਾਰਧਾਰਾ ਨਾਲ ਨਹੀਂ ਜੁੜੀਆਂ ਹੋਈਆਂ।' ਰਾਹੁਲ ਦੇ ਇਨ੍ਹਾਂ ਬਿਆਨਾਂ 'ਤੇ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਕਾਂਗਰਸ ਆਗੂ ਨੇ ਨਾਲ ਹੀ ਕਿਹਾ ਕਿ ਸੀਬੀਆਈ ਦੇ ਈਡੀ ਵਰਗੀਆਂ ਏਜੰਸੀਆਂ 'ਇਕ ਮੁਲਕ ਵਜੋਂ ਭਾਰਤ ਨੂੰ ਚੱਬ-ਖਾ ਰਹੀਆਂ ਹਨ', ਜਿਵੇਂ ਪਾਕਿਸਤਾਨ ਵਿਚ ਹੁੰਦਾ ਹੈ।' -ਪੀਟੀਆਈ



Most Read

2024-09-20 12:42:48