World >> The Tribune


ਯੂਕਰੇਨ ਵੱਲੋਂ ਰੂਸੀ ਹੱਲਾ ਨਾਕਾਮ ਕਰਨ ਦਾ ਦਾਅਵਾ


Link [2022-05-21 23:32:33]



ਕੀਵ, 20 ਮਈ

ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਸੈਨਿਕਾਂ ਨੇ ਦੇਸ਼ ਦੇ ਪੂਰਬੀ ਹਿੱਸੇ ਵਿਚ ਰੂਸੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਰੂਸ ਨੂੰ ਪੂਰਬੀ ਖਿੱਤੇ ਵਿਚ ਅੱਗੇ ਵਧਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਜਦਕਿ ਜੰਗ ਹੁਣ ਇਸੇ ਖੇਤਰ ਵਿਚ ਕੇਂਦਰਤ ਹੋ ਗਈ ਹੈ ਤੇ ਰੂਸ ਨੇ ਆਪਣੀ ਮੁਹਿੰਮ ਨੂੰ ਰਫ਼ਤਾਰ ਦਿੱਤੀ ਹੈ। ਬਰਤਾਨੀਆ ਦੇ ਰੱਖਿਆ ਮੰਤਰਾਲੇ ਦਾ ਮੰਨਣਾ ਹੈ ਕਿ ਬੰਦਰਗਾਰ ਸ਼ਹਿਰ ਮਾਰੀਓਪੋਲ ਵਿਚ ਮਹੀਨਿਆਂ ਦੀ ਘੇਰਾਬੰਦੀ ਤੋਂ ਰੂਸੀ ਸੈਨਿਕ ਨਿਰਾਸ਼ ਹਨ ਤੇ ਉਨ੍ਹਾਂ ਨੂੰ ਮੁੜ ਸੰਗਠਿਤ ਹੋਣ ਲਈ ਸਮਾਂ ਚਾਹੀਦਾ ਹੈ ਜੋ ਸੰਭਾਵੀ ਤੌਰ ਉਤੇ ਨਹੀਂ ਮਿਲੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਹਾਲ ਹੀ 'ਚ 1700 ਤੋਂ ਵੱਧ ਯੂਕਰੇਨੀ ਸੈਨਿਕਾਂ ਦੇ ਆਤਮ ਸਮਰਪਣ ਦੇ ਬਾਵਜੂਦ ਅੱਜ ਕਈ ਯੂਕਰੇਨੀ ਸੈਨਿਕ ਮਾਰੀਓਪੋਲ ਸਟੀਲ ਪਲਾਂਟ ਵਿਚ ਡਟੇ ਹੋਏ ਹਨ। ਹਾਲਾਂਕਿ ਉਨ੍ਹਾਂ ਦੀ ਗਿਣਤੀ ਸਪੱਸ਼ਟ ਨਹੀਂ ਹੈ। ਕੁਝ ਰਿਪੋਰਟਾਂ ਮੁਤਾਬਕ ਰੂਸੀ ਕਮਾਂਡਰ ਹੁਣ ਆਪਣੇ ਸੈਨਿਕਾਂ ਨੂੰ ਡੋਨਬਾਸ ਭੇਜਣ ਲਈ ਦਬਾਅ ਵਿਚ ਹਨ। ਜ਼ਿਕਰਯੋਗ ਹੈ ਕਿ ਰੂਸੀ ਸੈਨਾ ਰਾਜਧਾਨੀ ਕੀਵ ਉਤੇ ਵੀ ਕਬਜ਼ਾ ਕਰਨ ਵਿਚ ਅਸਫ਼ਲ ਹੋ ਗਈ ਸੀ। ਡੋਨਬਾਸ ਵਿਚ ਅੱਜ ਰੂਸੀ ਸੈਨਾ ਨੇ ਲੁਹਾਂਸਕ ਖੇਤਰ 'ਚ ਹਮਲੇ ਕੀਤੇ ਹਨ। ਇਲਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਡੋਨਬਾਸ ਵਿਚ ਸਥਿਤੀ ਚਿੰਤਾਜਨਕ ਹੈ। ਰੂਸ ਅੰਨ੍ਹੇਵਾਹ ਬੰਬਾਰੀ ਕਰ ਰਿਹਾ ਹੈ ਤੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ।

ਇਸੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ ਕਿ ਯੂਕਰੇਨ 'ਤੇ ਫ਼ੌਜੀ ਕਾਰਵਾਈ ਦੇ ਮੱਦੇਨਜ਼ਰ ਉਨ੍ਹਾਂ ਦੇ ਦੇਸ਼ ਨੂੰ ਪੱਛਮ ਵੱਲੋਂ ਸਾਈਬਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਹਮਲਿਆਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ। -ਏਪੀ



Most Read

2024-09-19 16:51:54