World >> The Tribune


ਸੰਯੁਕਤ ਰਾਸ਼ਟਰ ’ਚ ਕਸ਼ਮੀਰ ਬਾਰੇ ਪਾਕਿਸਤਾਨ ਦੀਆਂ ਟਿੱਪਣੀਆਂ ‘ਗੈਰਵਾਜਬ’: ਭਾਰਤ


Link [2022-05-21 23:32:33]



ਸੰਯੁਕਤ ਰਾਸ਼ਟਰ, 20 ਮਈ

ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵਿਚ ਕਸ਼ਮੀਰ ਮੁੱਦਾ ਉਠਾਉਣ 'ਤੇ ਭਾਰਤ ਨੇ ਪਾਕਿਸਤਾਨ ਦੀ ਨਿਖੇਧੀ ਕੀਤੀ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸੰਯੁਕਤ ਰਾਸ਼ਟਰ ਵਿਚ ਜੰਮੂ ਕਸ਼ਮੀਰ ਬਾਰੇ 'ਗੈਰ-ਵਾਜਬ ਟਿੱਪਣੀਆਂ' ਕੀਤੀਆਂ ਹਨ। ਭਾਰਤ ਨੇ ਕਿਹਾ ਕਿ ਪਾਕਿਸਤਾਨ ਗਿਣੇ-ਮਿੱਥੇ ਢੰਗ ਨਾਲ ਹਰ ਮੰਚ 'ਤੇ ਹਰ ਮੁੱਦੇ ਨੂੰ ਭਾਰਤ ਖ਼ਿਲਾਫ਼ ਪ੍ਰਚਾਰ ਲਈ ਵਰਤਦਾ ਹੈ। ਦੱਸਣਯੋਗ ਹੈ ਕਿ ਬਿਲਾਵਲ ਨੇ ਪ੍ਰੀਸ਼ਦ ਵਿਚ ਵਿਚਾਰ-ਚਰਚਾ ਦੌਰਾਨ ਜੰਮੂ ਕਸ਼ਮੀਰ, ਧਾਰਾ 370 ਖ਼ਤਮ ਕਰਨ ਤੇ ਜੰਮੂ ਕਸ਼ਮੀਰ ਵਿਚ ਚੱਲ ਰਹੀ ਹੱਦਬੰਦੀ ਦੇ ਮੁੱਦੇ ਉਠਾਏ ਸਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ 'ਚ ਕੌਂਸਲਰ ਰਾਜੇਸ਼ ਪਰਿਹਾਰ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਪਹਿਲਾਂ ਵੀ ਭਾਰਤ ਦਾ ਹਿੱਸਾ ਸਨ, ਹੁਣ ਵੀ ਹਨ ਤੇ ਭਵਿੱਖ ਵਿਚ ਵੀ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਪਾਕਿਸਤਾਨ ਵੱਲੋਂ ਗੈਰਕਾਨੂੰਨੀ ਢੰਗ ਨਾਲ ਕਬਜ਼ੇ ਵਿਚ ਲਏ ਖੇਤਰ ਵੀ ਸ਼ਾਮਲ ਹਨ। ਪਰਿਹਾਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਬਿਆਨਬਾਜ਼ੀ ਤੇ ਕੂੜ ਪ੍ਰਚਾਰ ਇਸ ਤੱਥ ਨੂੰ ਮਿਟਾ ਨਹੀਂ ਸਕਦੇ। ਭਾਰਤ ਦੇ ਨੁਮਾਇੰਦੇ ਨੇ ਕਿਹਾ ਕਿ 'ਪਾਕਿਸਤਾਨ ਪਹਿਲਾਂ ਅਤਿਵਾਦ ਨੂੰ ਸ਼ਹਿ ਦੇਣੀ ਬੰਦ ਕਰੇ, ਐਨਾ ਹੀ ਯੋਗਦਾਨ ਉਨ੍ਹਾਂ ਵੱਲੋਂ ਕਾਫ਼ੀ ਹੋਵੇਗਾ। ਬਾਕੀ ਟਿੱਪਣੀਆਂ ਦੀ ਅਸੀਂ ਕਰੜੀ ਨਿਖੇਧੀ ਕਰਦੇ ਹਾਂ।' ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਭੁੱਟੋ ਆਪਣੇ ਅਮਰੀਕਾ ਦੇ ਪਹਿਲੇ ਦੌਰੇ ਉਤੇ ਹਨ। ਨਿਊ ਯਾਰਕ ਵਿਚ ਇਕ ਮੀਡੀਆ ਕਾਨਫਰੰਸ ਦੌਰਾਨ ਵੀ ਉਨ੍ਹਾਂ ਕਸ਼ਮੀਰ ਮੁੱਦਾ ਉਠਾਇਆ ਸੀ। ਪ੍ਰੈੱਸ ਕਾਨਫਰੰਸ ਵਿਚ ਬਿਲਾਵਲ ਨੇ ਕਿਹਾ ਸੀ ਕਿ ਭਾਰਤ ਨਾਲ ਰਿਸ਼ਤੇ ਕਾਫ਼ੀ ਗੁੰਝਲਦਾਰ ਦੌਰ 'ਚੋਂ ਗੁਜ਼ਰ ਰਹੇ ਹਨ। ਇਸ ਲਈ ਪਾਕਿ ਵਿਦੇਸ਼ ਮੰਤਰੀ ਨੇ ਧਾਰਾ 370 ਹਟਾਉਣ ਤੇ ਨਵੇਂ ਸਿਰਿਓਂ ਹਲਕਿਆਂ ਦੀ ਹੱਦਬੰਦੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਭਾਰਤ ਦੇ ਕਦਮ ਸੰਯੁਕਤ ਰਾਸ਼ਟਰ ਦੇ ਮਤਿਆਂ ਤੇ ਜਨੇਵਾ ਸੰਧੀ ਦੀ ਉਲੰਘਣਾ ਹਨ। ਇਸ ਤਰ੍ਹਾਂ ਦੇ ਕਦਮਾਂ ਨਾਲ ਭਾਰਤ-ਪਾਕਿ ਦਰਮਿਆਨ ਸੰਵਾਦ ਬਹੁਤ ਮੁਸ਼ਕਲ ਹੋ ਗਿਆ ਹੈ। -ਪੀਟੀਆਈ



Most Read

2024-09-19 16:51:20