World >> The Tribune


ਸ੍ਰੀਲੰਕਾ: ਰਾਸ਼ਟਰਪਤੀ ਨੇ ਨੌਂ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ


Link [2022-05-21 23:32:33]



ਕੋਲੰਬੋ, 20 ਮਈ

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਅੱਜ ਨੌਂ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਪੂਰੀ ਕੈਬਨਿਟ ਦਾ ਗਠਨ ਹੋਣ ਤੱਕ ਮੁਲਕ ਵਿਚ ਸਥਿਰਤਾ ਯਕੀਨੀ ਬਣਾਉਣ ਲਈ ਇਨ੍ਹਾਂ ਨਵੇਂ ਮੰਤਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਰੀਬ ਹਫ਼ਤਾ ਪਹਿਲਾਂ ਰਾਸ਼ਟਰਪਤੀ ਨੇ ਰਨਿਲ ਵਿਕਰਮਸਿੰਘੇ ਨੂੰ ਮੁਲਕ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਗੋਟਾਬਾਯਾ ਦੇ ਭਰਾ ਮਹਿੰਦਾ ਰਾਜਪਕਸੇ ਨੇ ਪ੍ਰਧਾਨ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਪ੍ਰਧਾਨ ਮੰਤਰੀ ਦੇ ਅਸਤੀਫ਼ੇ ਮਗਰੋਂ ਮੰਤਰੀ ਮੰਡਲ ਭੰਗ ਹੋ ਗਿਆ ਸੀ।

ਨਵੇਂ ਮੰਤਰੀਆਂ ਵਿਚੋਂ ਦੋ ਜਣੇ ਮੁੱਖ ਵਿਰੋਧੀ ਧਿਰ ਐੱਸਜੇਬੀ ਵਿਚੋਂ ਹਨ ਜਦਕਿ ਬਾਕੀ ਰਾਜਪਕਸੇ ਦੀ ਐੱਸਐਲਪੀਪੀ ਪਾਰਟੀ ਵਿਚੋਂ ਹਨ। ਰਾਸ਼ਟਰਪਤੀ ਨੇ ਪਿਛਲੇ ਹਫ਼ਤੇ ਵੀ ਚਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਸੀ। ਹਾਲੇ ਤੱਕ ਵਿੱਤ ਮੰਤਰੀ ਦੀ ਨਿਯੁਕਤੀ ਨਹੀਂ ਹੋਈ ਹੈ ਜੋ ਕਿ ਵਿੱਤੀ ਸੰਕਟ ਦੇ ਮੱਦੇਨਜ਼ਰ ਆਈਐਮਐਫ ਨਾਲ ਚੱਲ ਰਹੀ ਗੱਲਬਾਤ ਦੇ ਪੱਖ ਤੋਂ ਅਹਿਮ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਬਨਿਟ 25 ਮੈਂਬਰਾਂ ਤੱਕ ਸੀਮਤ ਹੋਵੇਗੀ ਜਿਨ੍ਹਾਂ ਵਿਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਣਗੇ।

ਨਵੇਂ ਮੰਤਰੀਆਂ ਵਿਚ ਹੋਰ ਪਾਰਟੀਆਂ ਦੇ ਮੈਂਬਰ ਵੀ ਸ਼ਾਮਲ ਹਨ। ਇਸੇ ਦੌਰਾਨ ਮੁੱਖ ਵਿਰੋਧੀ ਧਿਰ ਐੱਸਜੇਬੀ ਨੇ ਕਿਹਾ ਹੈ ਕਿ ਉਹ ਮੰਤਰੀ ਦਾ ਅਹੁਦਾ ਲੈਣ ਵਾਲੇ ਆਪਣੇ ਦੋ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰੇਗੀ। ਸਾਬਕਾ ਰਾਸ਼ਟਰਪਤੀ ਮੈਤਰੀਪਲਾ ਸਿਰੀਸੇਨਾ ਦੀ ਪਾਰਟੀ ਐੱਸਐਲਐਫਪੀ ਪਹਿਲਾਂ ਹੀ ਸਰਕਾਰ ਨੂੰ ਬਾਹਰੋਂ ਸਮਰਥਨ ਦੇਣ ਦਾ ਐਲਾਨ ਕਰ ਚੁੱਕੀ ਹੈ। ਪਾਰਟੀ ਦੇ ਦੋ ਸੀਨੀਅਰ ਮੈਂਬਰ ਕੈਬਨਿਟ ਵਿਚ ਸ਼ਾਮਲ ਹੋਏ ਹਨ। ਦੱਸਣਯੋਗ ਹੈ ਕਿ ਸ੍ਰੀਲੰਕਾ ਵਿਚ ਰੋਸ ਮੁਜ਼ਾਹਰੇ ਅਜੇ ਵੀ ਜਾਰੀ ਹਨ।

ਸ੍ਰੀਲੰਕਾ ਸਿਰ ਵੱਡਾ ਕਰਜ਼ਾ ਖੜ੍ਹਾ ਹੈ ਤੇ ਮੁਲਕ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। -ਪੀਟੀਆਈ



Most Read

2024-09-19 16:49:16