World >> The Tribune


ਸੈਨਾ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਨਹੀਂ ਦਿੱਤਾ: ਵਿਕਰਮਸਿੰਘੇ


Link [2022-05-21 23:32:33]



ਕੋਲੰਬੋ, 19 ਮਈ

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅੱਜ ਸੰਸਦ ਨੂੰ ਦੱਸਿਆ ਕਿ ਸਰਕਾਰ ਵਿਰੋਧੀ ਹਿੰਸਕ ਰੋਸ ਮੁਜ਼ਾਹਰਿਆਂ ਦੌਰਾਨ ਮੁਜ਼ਾਹਰਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਕੋਈ ਵੀ ਹੁਕਮ ਰੱਖਿਆ ਮੰਤਰਾਲੇ ਨੂੰ ਨਹੀਂ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰਾਲੇ ਨੇ ਦੇਸ਼ 'ਚ ਆਰਥਿਕ ਤੇ ਸਿਆਸੀ ਸੰਕਟ ਖ਼ਿਲਾਫ਼ ਚੱਲ ਰਹੇ ਹਿੰਸਕ ਰੋਸ ਮੁਜ਼ਾਹਰਿਆਂ ਦੌਰਾਨ ਸੈਨਾ ਨੂੰ ਸਰਕਾਰੀ ਜਾਇਦਾਦ ਲੁੱਟਣ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ 'ਤੇ ਗੋਲੀ ਚਲਾਉਣ ਸਬੰਧੀ 10 ਮਈ ਨੂੰ ਹੁਕਮ ਦਿੱਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਵਿਕਰਮਸਿੰਘੇ ਨੇ ਕਿਹਾ ਕਿ ਲਿਖਤੀ ਤੌਰ 'ਤੇ ਅਜਿਹਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲੀਸ ਆਪਣੀ ਤਾਕਤ ਦੀ ਵਰਤੋਂ ਕਰ ਸਕਦੀ ਹੈ ਅਤੇ ਲੋੜ ਪੈਣ 'ਤੇ ਗੋਲੀ ਵੀ ਚਲਾ ਸਕਦੀ ਹੈ ਪਰ ਇਸ ਪਿੱਛੇ ਪ੍ਰਕਿਰਿਆ ਦਾ ਪਾਲਣ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਕੁਝ ਸੰਸਦ ਮੈਂਬਰਾਂ ਦੀ ਜਾਇਦਾਦ 'ਤੇ ਹਮਲਾ ਜ਼ਰੂਰ ਹੋਇਆ ਸੀ ਪਰ ਦੇਖਦੇ ਹੀ ਗੋਲੀ ਮਾਰਨ ਵਰਗਾ ਹੁਕਮ ਜਾਰੀ ਨਹੀਂ ਕੀਤਾ ਗਿਆ ਸੀ। ਦੂਜੇ ਪਾਸੇ ਸਰਕਾਰ ਵਿਰੋਧੀ ਤੇ ਸਰਕਾਰ ਹਮਾਇਤੀ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਦੇ ਮਾਮਲੇ 'ਚ ਪੁਲੀਸ ਨੇ ਹਾਕਮ ਐੱਸਐੱਲਪੀਪੀ ਸੰਸਦੀ ਗਰੁੱਪ ਦੇ ਤਿੰਨ ਹੋਰ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ ਹੈ।

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅਟਾਰਨੀ ਜਨਰਲ ਤੇ ਸਿਖਰਲੇ ਸੰਸਦ ਮੈਂਬਰਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਅਗਲੇ ਹਫ਼ਤੇ ਮੰਤਰੀ ਮੰਡਲ ਸਾਹਮਣੇ ਸੰਵਿਧਾਨ 'ਚ ਮਹੱਤਵਪੂਰਨ 21ਵੀਂ ਸੋਧ ਪੇਸ਼ ਕਰਨ ਦੀ ਯੋਜਨਾ ਬਣਾਈ ਹੈ। -ਪੀਟੀਆਈ

ਸ੍ਰੀਲੰਕਾ ਦੀ ਸੈਨਾ ਨੇ ਲਿੱਟੇ ਬਾਗੀਆਂ ਨਾਲ ਖਾਨਾਜੰਗੀ ਖਤਮ ਕੀਤੀ: ਰਾਜਪਕਸੇ

ਕੋਲੰਬੋ: ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਸਾਲ 2009 'ਚ ਲਿੱਟੇ ਨਾਲ ਖੂਨੀ ਸੰਘਰਸ਼ ਖਤਮ ਕਰਨ ਅਤੇ 'ਮਨੁੱਖਤਾਵਾਦੀ ਮੁਹਿੰਮ ਰਾਹੀਂ' ਅਮਨ ਨੂੰ ਉਤਸ਼ਾਹਿਤ ਕਰਨ ਲਈ ਅੱਜ ਦੇਸ਼ ਦੀ ਸੈਨਾ ਦੀ ਸ਼ਲਾਘਾ ਕੀਤੀ। ਜੰਗੀ ਨਾਇਕ ਦਿਵਸ ਮੌਕੇ ਰਾਜਪਕਸੇ ਜੋ ਸ੍ਰੀਲੰਕਾ ਦੇ ਰੱਖਿਆ ਮੰਤਰੀ ਵੀ ਹਨ, ਨੇ ਕਿਹਾ ਕਿ ਤਿੰਨੇ ਸੈਨਾਵਾਂ ਦੇਸ਼ ਦੀ ਆਜ਼ਾਦੀ ਤੇ ਪ੍ਰਭੂਸੱਤਾ ਦੀਆਂ ਰੱਖਿਅਕ ਹਨ ਤੇ ਦੇਸ਼ ਇਨ੍ਹਾਂ ਨੂੰ ਕਿਸੇ ਵੀ ਹਾਲਾਤ 'ਚ ਭੁਲਾ ਨਹੀਂ ਸਕਦਾ। ਤਾਮਿਲ ਟਾਈਗਰ ਨਾਲ ਵਿਵਾਦ ਸਮੇਂ ਦੇਸ਼ ਦੇ ਰੱਖਿਆ ਸਕੱਤਰ ਰਹੇ ਰਾਜਪਕਸੇ ਨੇ ਕਿਹਾ, 'ਸਾਡੀਆਂ ਸੈਨਾਵਾਂ ਨੇ ਜੰਗ ਖਤਮ ਕੀਤੀ ਅਤੇ ਮਨੁੱਖਤਾਵਾਦੀ ਮੁਹਿੰਮ ਰਾਹੀਂ ਦੇਸ਼ ਅੰਦਰ ਅਮਨ ਕਾਇਮ ਕੀਤਾ। ਇੱਥੇ ਕੋਈ ਨਫ਼ਰਤ, ਗੁੱਸਾ ਜਾਂ ਬਦਲੇ ਦੀ ਭਾਵਨਾ ਨਹੀਂ ਸੀ।' -ਪੀਟੀਆਈ



Most Read

2024-09-19 16:51:17