World >> The Tribune


ਕੋਵਿਡ ਵੈਕਸੀਨ ਵਾਂਗ ਨਾ ਹੋਵੇ ਅਨਾਜ ਦੀ ਵੰਡ: ਭਾਰਤ


Link [2022-05-21 23:32:33]



ਸੰਯੁਕਤ ਰਾਸ਼ਟਰ, 19 ਮਈ

ਭਾਰਤ ਨੇ ਅਨਾਜ ਦੀਆਂ ਕੀਮਤਾਂ 'ਚ ਹੋਏ ਵੱਡੇ ਵਾਧੇ ਦਰਮਿਆਨ ਉਸ ਦੀ ਜਮ੍ਹਾਂਖੋਰੀ ਤੇ ਵੰਡ 'ਚ ਭੇਦਭਾਵ 'ਤੇ ਚਿੰਤਾ ਜ਼ਾਹਿਰ ਕਰਦਿਆਂ ਪੱਛਮੀ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਅਨਾਜ ਦੀ ਵੰਡ ਕੋਵਿਡ-19 ਰੋਕੂ ਵੈਕਸੀਨ ਵਾਂਗ ਨਹੀਂ ਹੋਣਾ ਚਾਹੀਦੀ। ਉਨ੍ਹਾਂ ਕਿਹਾ ਕਿ ਕਣਕ ਦੀ ਬਰਾਮਦ 'ਤੇ ਪਾਬੰਦੀ ਲਾਉਣ ਸਬੰਧੀ ਉਸ ਦੇ ਫ਼ੈਸਲੇ ਨਾਲ ਇਹ ਯਕੀਨੀ ਹੋਵੇਗਾ ਕਿ ਉਹ ਲੋੜਵੰਦ ਲੋਕਾਂ ਦੀ ਜ਼ਰੂਰਤ ਪੂਰੀ ਕਰ ਸਕਦਾ ਹੈ।

ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਬੀਤੇ ਦਿਨ ਇੱਥੇ ਕਿਹਾ, 'ਘੱਟ ਆਮਦਨ ਵਾਲੇ ਵੱਖ ਵੱਖ ਵਰਗ ਅੱਜ ਅਨਾਜ ਦੀਆਂ ਵਧਦੀਆਂ ਕੀਮਤਾਂ ਤੇ ਉਨ੍ਹਾਂ ਦੀ ਪਹੁੰਚ ਤੱਕ ਮੁਸ਼ਕਿਲ ਦੀ ਦੂਹਰੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਇੱਥੋਂ ਤੱਕ ਕਿ ਲੋੜੀਂਦੇ ਭੰਡਾਰ ਵਾਲੇ ਭਾਰਤ ਵਰਗੇ ਮੁਲਕਾਂ ਨੇ ਅਨਾਜ ਕੀਮਤਾਂ 'ਚ ਅਥਾਹ ਵਾਧਾ ਦੇਖਿਆ ਹੈ। ਇਹ ਸਪੱਸ਼ਟ ਹੈ ਕਿ ਜਮ੍ਹਾਂਖੋਰੀ ਕੀਤੀ ਜਾ ਰਹੀ ਹੈ। ਅਸੀਂ ਇਸ ਨੂੰ ਚੱਲਣ ਨਹੀਂ ਦੇ ਸਕਦੇ।' ਮੁਰਲੀਧਰਨ 'ਗਲੋਬਲ ਫੂਡ ਸਕਿਓਰਿਟੀ ਕਾਲ ਟੂ ਐਕਸ਼ਨ' ਬਾਰੇ ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੀ ਪ੍ਰਧਾਨਗੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕੀਤੀ। ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ ਨੇ ਲੰਘੇ ਸ਼ੁੱਕਰਵਾਰ ਕਣਕ ਦੀ ਬਰਾਮਦ 'ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਦਾ ਮਕਸਦ ਕਣਕ ਅਤੇ ਕਣਕ ਦੇ ਆਟੇ ਦੀਆਂ ਪ੍ਰਚੂਨ ਕੀਮਤਾਂ ਨੂੰ ਕਾਬੂ ਕਰਨਾ ਹੈ, ਜੋ ਪਿਛਲੇ ਇੱਕ ਸਾਲ ਅੰਦਰ ਔਸਤਨ 14 ਤੋਂ 20 ਫੀਸਦ ਤੱਕ ਵੱਧ ਗਈਆਂ ਹਨ। ਨਾਲ ਹੀ ਇਸ ਦਾ ਮਕਸਦ ਗੁਆਂਢੀ ਤੇ ਕਮਜ਼ੋਰ ਮੁਲਕਾਂ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨਾ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਦੀ ਉੱਚ ਪੱਧਰੀ ਮੀਟਿੰਗ 'ਚ ਪਹਿਲੀ ਵਾਰ ਕਣਕ ਦੀ ਬਰਾਮਦ 'ਤੇ ਪਾਬੰਦੀ ਦੇ ਮੁੱਦੇ 'ਤੇ ਅਪਣੀ ਗੱਲ ਰੱਖੀ ਹੈ। ਮੁਰਲੀਧਰਨ ਨੇ ਕਿਹਾ ਕਿ ਭਾਰਤ ਸਰਕਾਰ ਕਣਕ ਦੀਆਂ ਆਲਮੀ ਕੀਮਤਾਂ 'ਚ ਅਚਾਨਕ ਹੋਏ ਵਾਧੇ ਨੂੰ ਸਵੀਕਾਰ ਕਰਦੀ ਹੈ ਜਿਸ ਨਾਲ ਸਾਡੀ ਤੇ ਸਾਡੇ ਗੁਆਂਢੀ ਮੁਲਕਾਂ ਤੇ ਹੋਰ ਕਮਜ਼ੋਰ ਮੁਲਕਾਂ ਦੀ ਖੁਰਾਕ ਸੁਰੱਖਿਆ ਖਤਰੇ 'ਚ ਪੈ ਗਈ ਹੈ। ਉਨ੍ਹਾਂ ਕਿਹਾ, 'ਅਸੀਂ ਆਪਣੀ ਖੁਰਾਕ ਸੁਰੱਖਿਆ ਨਾਲ ਨਜਿੱਠਣ ਤੇ ਗੁਆਂਢੀ ਤੇ ਹੋਰ ਕਮਜ਼ੋਰ ਵਿਕਾਸਸ਼ੀਲ ਮੁਲਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ 13 ਮਈ ਨੂੰ ਕਣਕ ਦੀ ਬਰਾਮਦ ਦੇ ਸਬੰਧ 'ਚ ਕੁਝ ਉਪਾਅ ਐਲਾਨੇ ਸਨ।' ਭਾਰਤ ਨੇ ਪੱਛਮੀ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਅਨਾਜ ਦਾ ਮੁੱਦਾ ਕੋਵਿਡ-19 ਰੋਕੂ ਟੀਕੇ ਦੀ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਮੀਰ ਮੁਲਕਾਂ ਨੇ ਵੱਡੀ ਮਾਤਰਾ 'ਚ ਕੋਵਿਡ ਰੋਕੂ ਟੀਕੇ ਖਰੀਦ ਲਈ ਜਿਸ ਕਾਰਨ ਗਰੀਬ ਤੇ ਘੱਟ ਵਿਕਸਿਤ ਦੇਸ਼ ਆਪਣੀ ਆਬਾਦੀ ਨੂੰ ਪਹਿਲੀ ਖੁਰਾਕ ਦੇਣ ਲਈ ਵੀ ਜੂਝਦੇ ਨਜ਼ਰ ਆਏ ਸਨ। -ਪੀਟੀਆਈ



Most Read

2024-09-19 16:51:58