Breaking News >> News >> The Tribune


ਸਰਕਾਰ ਦੇ ਅੱਠ ਸਾਲ ਵਿਕਾਸ ਨੂੰ ਸਮਰਪਿਤ ਰਹੇ: ਮੋਦੀ


Link [2022-05-21 23:32:25]



ਜੈਪੁਰ, 20 ਮਈ

ਆਪਣੀ ਸਰਕਾਰ ਦੇ ਅੱਠ ਵਰ੍ਹੇ ਚੰਗੇ ਸ਼ਾਸਨ, ਵਿਕਾਸ ਅਤੇ ਸਮਾਜਿਕ ਨਿਆਂ ਪ੍ਰਤੀ ਸਮਰਪਿਤ ਹੋਣ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਕੌਮੀ ਹਿੱਤਾਂ ਦੇ ਮੁੱਦਿਆਂ 'ਤੇ ਡਟੇ ਰਹਿਣ ਅਤੇ ਉਹ ਕੁਝ ਸਿਆਸੀ ਪਾਰਟੀਆਂ ਵੱਲੋਂ ਮੁੱਖ ਮੁੱਦਿਆਂ ਤੋਂ ਧਿਆਨ ਵੰਡਾਉਣ ਦੇ 'ਈਕੋ ਸਿਸਟਮ' ਦੇ ਜਾਲ 'ਚ ਨਾ ਫਸਣ।

ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਸ਼ਾਰਟਕੱਟ ਤੋਂ ਬਚਣ। 'ਭਾਜਪਾ ਲਈ ਅਗਲੇ 25 ਵਰ੍ਹਿਆਂ ਦੇ ਨਿਸ਼ਾਨੇ ਤੈਅ ਕਰਨ ਦਾ ਇਹ ਢੁਕਵਾਂ ਸਮਾਂ ਹੈ ਅਤੇ ਉਸ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰਨਾ ਪਵੇਗਾ।' ਪ੍ਰਧਾਨ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਨ੍ਹਾਂ ਦੀ ਸਰਕਾਰ ਅੱਠ ਸਾਲ ਮੁਕੰਮਲ ਕਰਨ ਜਾ ਰਹੀ ਹੈ ਅਤੇ ਗਿਆਨਵਾਪੀ ਮਸਜਿਦ 'ਚ 'ਸ਼ਿਵਲਿੰਗ' ਮਿਲਣ ਦੀਆਂ ਰਿਪੋਰਟਾਂ ਕਾਰਨ ਵਿਵਾਦ ਚੱਲ ਰਿਹਾ ਹੈ। ਵਿਰੋਧੀ ਧਿਰਾਂ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਕੌਮੀ ਸਿਆਸਤ ਦੀ ਮੁੱਖ ਧਾਰਾ 'ਚ ਵਿਕਾਸ ਲਿਆਂਦਾ ਹੈ ਜਦਕਿ ਕੁਝ ਸਿਆਸੀ ਪਾਰਟੀਆਂ ਆਪਣੇ ਲਾਹੇ ਲਈ ਦੇਸ਼ ਦੇ ਭਵਿੱਖ ਨਾਲ ਖੇਡ ਰਹੀਆਂ ਹਨ। 'ਆਪਣੇ ਸੌੜੇ ਹਿੱਤਾਂ ਲਈ ਇਹ ਪਾਰਟੀਆਂ ਕੁਝ ਤਣਾਅ ਅਤੇ ਕਮਜ਼ੋਰੀਆਂ ਲੱਭ ਕੇ ਸਮਾਜ 'ਚ ਜ਼ਹਿਰ ਫੈਲਾਉਣ ਦਾ ਕੰਮ ਕਰਦੀਆਂ ਹਨ। ਇਹ ਪਾਰਟੀਆਂ ਕਈ ਵਾਰ ਜਾਤ ਅਤੇ ਖੇਤਰਵਾਦ ਦੇ ਨਾਮ 'ਤੇ ਲੋਕਾਂ ਨੂੰ ਭੜਕਾਉਂਦੀਆਂ ਹਨ।' ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇ ਅੱਠ ਵਰ੍ਹੇ ਛੋਟੇ ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਦੀਆਂ ਆਸਾਂ ਪੂਰਾ ਕਰਨ ਪ੍ਰਤੀ ਸਮਰਪਿਤ ਰਹੇ। ਉਨ੍ਹਾਂ ਕਿਹਾ ਕਿ ਦੁਨੀਆ ਵੀ ਭਾਰਤ ਵੱਲ ਵੱਡੀਆਂ ਆਸਾਂ ਨਾਲ ਦੇਖ ਰਹੀ ਹੈ। ਉਨ੍ਹਾਂ ਪਰਿਵਾਰਵਾਦ ਵਾਲੀਆਂ ਪਾਰਟੀਆਂ 'ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਨੂੰ ਲੋਕਤੰਤਰ ਬਚਾਉਣ ਲਈ ਉਨ੍ਹਾਂ ਨਾਲ ਲਗਾਤਾਰ ਜੂਝਨਾ ਪਵੇਗਾ। ਇਨ੍ਹਾਂ ਪਾਰਟੀਆਂ ਨੇ ਸਿਰਫ਼ ਪਰਿਵਾਰ ਦੇ ਹਿੱਤਾਂ ਲਈ ਕੰਮ ਕੀਤਾ ਅਤੇ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸ੍ਰੀ ਮੋਦੀ ਨੇ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਮੁਹਿੰਮ ਚਲਾ ਕੇ ਯਕੀਨੀ ਬਣਾਉਣ ਕਿ ਕੋਈ ਵੀ ਗਰੀਬ ਜਾਂ ਯੋਗ ਲਾਭਪਾਤਰੀ ਸਰਕਾਰ ਦੀਆਂ ਭਲਾਈ ਯੋਜਨਾਵਾਂ ਤੋਂ ਵਾਂਝਾ ਨਾ ਰਹੇ। -ਪੀਟੀਆਈ

ਭਾਜਪਾ ਸਾਰੀਆਂ ਭਾਸ਼ਾਵਾਂ ਨੂੰ 'ਭਾਰਤੀਅਤਾ' ਦੀ ਆਤਮਾ ਸਮਝਦੀ ਹੈ: ਮੋਦੀ

ਜੈਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਭਾਸ਼ਾ ਦੇ ਆਧਾਰ 'ਤੇ ਵਿਵਾਦ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਲੋਕਾਂ ਨੂੰ ਚੌਕਸ ਕਰਨ। ਉਨ੍ਹਾਂ ਕਿਹਾ ਕਿ ਭਗਵਾ ਪਾਰਟੀ ਸਾਰੀ ਭਾਰਤੀ ਭਾਸ਼ਾਵਾਂ ਨੂੰ 'ਭਾਰਤੀਅਤਾ' ਦੀ ਆਤਮਾ ਮੰਨਦੀ ਹੈ ਅਤੇ ਇਹ ਸਨਮਾਨ ਦੇ ਲਾਇਕ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਦੇ ਸੱਭਿਆਚਾਰ ਅਤੇ ਭਾਸ਼ਾ ਵਿਭਿੰਨਤਾ ਨੂੰ ਕੌਮੀ ਮਾਣ ਨਾਲ ਜੋੜਿਆ ਹੈ। 'ਕੌਮੀ ਸਿੱਖਿਆ ਨੀਤੀ 'ਚ ਸਥਾਨਕ ਭਾਸ਼ਾਵਾਂ ਨੂੰ ਤਰਜੀਹ ਦੇਣਾ ਸਾਡੀ ਸਾਰੀਆਂ ਖੇਤਰੀ ਭਾਸ਼ਾਵਾਂ ਪ੍ਰਤੀ ਵਚਨਬੱਧਤਾ ਦੁਹਰਾਉਂਦੀ ਹੈ। ਮੈਂ ਇਸ ਵਿਸ਼ੇ ਨੂੰ ਇਸ ਲਈ ਛੋਹਿਆ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਭਾਸ਼ਾ ਦੇ ਆਧਾਰ 'ਤੇ ਨਵੇਂ ਵਿਵਾਦ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।' ਉਨ੍ਹਾਂ ਦਾ ਇਹ ਬਿਆਨ ਅਹਿਮੀਅਤ ਰਖਦਾ ਹੈ ਕਿਉਂਕਿ ਕਈ ਖੇਤਰੀ ਪਾਰਟੀਆਂ ਖਾਸ ਕਰਕੇ ਦੱਖਣੀ ਭਾਰਤੀ ਪਾਰਟੀਆਂ ਨੇ ਇਹ ਦੋਸ਼ ਲਾਏ ਸਨ ਕਿ ਮੋਦੀ ਸਰਕਾਰ ਖੇਤਰੀ ਭਾਸ਼ਾਵਾਂ ਦੀ ਕੀਮਤ 'ਤੇ ਹਿੰਦੀ ਨੂੰ ਅਹਿਮੀਅਤ ਦੇ ਰਹੀ ਹੈ। -ਪੀਟੀਆਈ



Most Read

2024-09-20 15:55:14