Breaking News >> News >> The Tribune


ਪੈਗਾਸਸ: ਸੁਪਰੀਮ ਕੋਰਟ ਨੇ ਜਾਂਚ ਰਿਪੋਰਟ ਜਮ੍ਹਾਂ ਕਰਵਾਉਣ ਦੀ ਮਿਆਦ ਵਧਾਈ


Link [2022-05-21 23:32:25]



ਨਵੀਂ ਦਿੱਲੀ, 20 ਮਈ

ਸੁਪਰੀਮ ਕੋਰਟ ਨੇ ਪੈਗਾਸਸ ਮਾਮਲੇ ਦੀ ਜਾਂਚ ਲਈ ਆਪਣੇ ਵੱੱਲੋਂ ਗਠਿਤ ਤਕਨੀਕੀ ਤੇ ਨਿਗਰਾਨ ਕਮੇਟੀਆਂ ਨੂੰ ਰਿਪੋਰਟ ਜਮ੍ਹਾਂ ਕਰਵਾਉਣ ਲਈ ਦਿੱਤੀ ਮਿਆਦ ਵਧਾ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ 29 'ਪ੍ਰਭਾਵਿਤ' ਮੋਬਾਈਲਾਂ ਦੀ ਸਪਾਈਵੇਅਰ ਲਈ ਪੜਚੋਲ ਕੀਤੀ ਜਾ ਰਹੀ ਹੈ ਤੇ ਇਹ ਸਾਰਾ ਅਮਲ ਚਾਰ ਹਫ਼ਤਿਆਂ ਵਿੱਚ ਪੂਰਾ ਹੋ ਜਾਣਾ ਚਾਹੀਦਾ ਹੈ।

ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਤਕਨੀਕੀ ਕਮੇਟੀ ਵੱਲੋਂ ਸਪਾਈਵੇਅਰ ਲਈ ਮੋਬਾਈਲਾਂ ਦੀ ਘੋਖ ਕਰਨ ਦੇ ਨਾਲ ਕੁਝ ਪੱਤਰਕਾਰਾਂ ਸਣੇ ਵਿਅਕਤੀਆਂ ਦੇ ਬਿਆਨ ਕਲਮਬੰਦ ਕੀਤੇ ਗੲੇ ਹਨ। ਬੈਂਚ ਨੇ ਕਿਹਾ ਕਿ ਨਿਰਧਾਰਿਤ ਮਾਪਦੰਡਾਂ ਮੁਤਾਬਕ 'ਪ੍ਰਭਾਵਿਤ ਮੋਬਾਈਲਾਂ' ਦੀ ਟੈਸਟਿੰਗ ਦੇ ਅਮਲ ਨੂੰ ਪੂਰਾ ਕਰ ਲਿਆ ਜਾਵੇਗਾ ਤੇ ਤਕਨੀਕੀ ਕਮੇਟੀ ਮਈ ਦੇ ਅਖੀਰ ਤੱਕ ਆਪਣੀ ਜਾਂਚ ਮੁਕੰਮਲ ਕਰ ਲਏਗੀ ਤੇ ਇਸ ਮਗਰੋਂ ਨਿਗਰਾਨ ਜੱਜ ਵੱਲੋਂ ਬੈਂਚ ਦੇ ਅਧਿਐਨ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ। ਸੀਜੇਆਈ ਨੇ ਕਿਹਾ, ''ਤਰਜੀਹੀ ਤੌਰ 'ਤੇ, ਤਕਨੀਕੀ ਕਮੇਟੀ ਦਾ ਅਮਲ ਚਾਰ ਹਫ਼ਤਿਆਂ ਵਿੱਚ ਪੂਰਾ ਹੋ ਜਾਣਾ ਚਾਹੀਦਾ ਹੈ ਤੇ ਨਿਗਰਾਨ ਜੱਜ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਉਸ ਮਗਰੋਂ ਨਿਗਰਾਨ ਜੱਜ ਆਪਣੀ ਰਿਪੋਰਟ ਪੇਸ਼ ਕਰੇ। ਕੇਸ ਦੀ ਅਗਲੀ ਸੁਣਵਾਈ ਜੁਲਾਈ ਲਈ ਸੂਚੀਬੰਦ ਕੀਤੀ ਜਾਵੇ।''

ਸੁਪਰੀਮ ਕੋਰਟ ਨੇ ਪਿਛਲੇ ਸਾਲ ਅਕਤੂਬਰ ਵਿੱਚ ਇਜ਼ਰਾਇਲੀ ਸਪਾਈਵੇਅਰ 'ਪੈਗਾਸਸ' ਦੀ ਕਥਿਤ ਵਰਤੋਂ ਦੀ ਜਾਂਚ ਦੇ ਹੁਕਮ ਦਿੱਤੇ ਸਨ। ਦੱਸ ਦੇਈੲੇ ਕਿ ਕੌਮਾਂਤਰੀ ਮੀਡੀਆ ਕੰਸੋਰਟੀਅਮ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਪੈਗਾਸਸ ਸਪਾਈਅਰ ਵੇਅਰ ਦੀ ਵਰਤੋਂ ਕਰਦਿਆਂ 300 ਤੋਂ ਵੱਧ ਮੋਬਾਈਲ ਫੋਨ ਨੰਬਰ ਜਾਸੂਸੀ ਲਈ ਸੰਭਾਵੀ ਨਿਸ਼ਾਨੇ ਵਾਲੀ ਸੂਚੀ ਵਿੱਚ ਸ਼ਾਮਲ ਸਨ। -ਪੀਟੀਆਈ



Most Read

2024-09-20 15:32:28