World >> The Tribune


ਅਮਰੀਕੀ ਵਿਦੇਸ਼ ਅਤੇ ਰੱਖਿਆ ਮੰਤਰੀ ਵੱਲੋਂ ਜ਼ੇਲੈਂਸਕੀ ਨਾਲ ਮੁਲਾਕਾਤ


Link [2022-04-26 10:00:03]



ਕੀਵ, 25 ਅਪਰੈਲ

ਮੁੱਖ ਅੰਸ਼

ਯੂਕਰੇਨ ਨੂੰ ਹੋਰ ਅਮਰੀਕੀ ਸਹਾਇਤਾ ਦੇਣ ਦਾ ਕੀਤਾ ਐਲਾਨ ਜ਼ੇਲੈਂਸਕੀ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤੀ ਹਮਾਇਤ ਦੀ ਕੀਤੀ ਸ਼ਲਾਘਾ

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰੂਸ ਖ਼ਿਲਾਫ਼ ਹਮਾਇਤ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਹੀ ਅਮਰੀਕੀ ਸਫ਼ੀਰ ਯੂਕਰੇਨ ਪਰਤ ਆਵੇਗਾ। ਜ਼ੇਲੈਂਸਕੀ ਨਾਲ ਮੀਟਿੰਗਾਂ ਦੌਰਾਨ ਬਲਿੰਕਨ ਅਤੇ ਆਸਟਿਨ ਨੇ ਕਿਹਾ ਕਿ ਅਮਰੀਕਾ ਨੇ ਯੂਕਰੇਨ ਨੂੰ 16.5 ਕਰੋੜ ਡਾਲਰ ਦੇ ਗੋਲੀ-ਸਿੱਕੇ ਅਤੇ ਵਿਦੇਸ਼ੀ ਫ਼ੌਜੀ ਸਹਾਇਤਾ ਲਈ 30 ਕਰੋੜ ਡਾਲਰ ਤੋਂ ਜ਼ਿਆਦਾ ਰਕਮ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਬਲਿੰਕਨ ਨੇ ਪੋਲੈਂਡ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਕਰੇਨ ਨੂੰ 30 ਤੋਂ ਵਧ ਮੁਲਕਾਂ ਤੋਂ ਸਹਾਇਤਾ ਮਿਲ ਰਹੀ ਹੈ ਅਤੇ ਰੂਸ ਭਾਰੀ ਦਬਾਅ ਹੇਠ ਆ ਗਿਆ ਹੈ। ਉਨ੍ਹਾਂ ਕਿਹਾ ਕਿ ਰੂਸ ਆਪਣੇ ਇਰਾਦਿਆਂ 'ਚ ਨਾਕਾਮ ਅਤੇ ਯੂਕਰੇਨ ਸਫ਼ਲ ਹੋ ਰਿਹਾ ਹੈ। 'ਰੂਸ ਦਾ ਉਦੇਸ਼ ਯੂਕਰੇਨ ਦੀ ਆਜ਼ਾਦੀ ਖੋਹ ਕੇ ਉਸ ਦੇ ਟੋਟੇ ਕਰਨਾ ਹੈ ਅਤੇ ਉਹ ਇਸ 'ਚ ਨਾਕਾਮ ਹੋ ਰਿਹਾ ਹੈ।' ਆਸਟਿਨ ਨੇ ਕਿਹਾ ਕਿ ਯੂਕਰੇਨੀ ਫ਼ੌਜ ਦੀਆਂ ਲੋੜਾਂ ਬਦਲ ਰਹੀਆਂ ਹਨ ਅਤੇ ਜ਼ੇਲੈਂਸਕੀ ਹੁਣ ਟੈਂਕਾਂ, ਤੋਪਾਂ ਅਤੇ ਹੋਰ ਸਮੱਗਰੀ ਵੱਲ ਧਿਆਨ ਕੇਂਦਰਤ ਕਰ ਰਹੇ ਹਨ। ਕਰੀਬ ਤਿੰਨ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਜ਼ੇਲੈਂਸਕੀ ਨੇ ਕਿਹਾ ਕਿ ਉਹ ਅਮਰੀਕੀ ਸਹਾਇਤਾ ਪ੍ਰਤੀ ਸ਼ੁਕਰਗੁਜ਼ਾਰ ਹਨ ਅਤੇ ਉਨ੍ਹਾਂ ਰਾਸ਼ਟਰਪਤੀ ਜੋਅ ਬਾਇਡਨ ਦੀ ਉਚੇਚੇ ਤੌਰ 'ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਅਮਰੀਕਾ ਅਤੇ ਹੋਰ ਹਮਾਇਤੀ ਮੁਲਕਾਂ ਤੋਂ ਹਥਿਆਰਾਂ ਦੀ ਲੋੜ ਹੈ। ਇਸ ਤੋਂ ਇਲਾਵਾ ਰੂਸ ਖ਼ਿਲਾਫ਼ ਹੋਰ ਸਖ਼ਤ ਪਾਬੰਦੀਆਂ ਲਾਈਆਂ ਜਾਣ ਕਿਉਂਕਿ ਉਸ ਨੇ ਯੂਕਰੇਨ 'ਚ ਵੱਡੇ ਜੰਗੀ ਅਪਰਾਧ ਕੀਤੇ ਹਨ।

ਉਧਰ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਮਾਰੀਓਪੋਲ ਦੇ ਸਟੀਲ ਪਲਾਂਟ 'ਚ ਜਮ੍ਹਾਂ ਯੂਕਰੇਨੀ ਫ਼ੌਜੀਆਂ ਵੱਲੋਂ ਰੂਸੀ ਫ਼ੌਜ ਦਾ ਡੱਟ ਕੇ ਟਾਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸੀ ਫ਼ੌਜ ਬੱਝ ਕੇ ਰਹਿ ਗਈ ਹੈ ਅਤੇ ਉਸ ਦੀ ਤਾਕਤ ਵੀ ਘਟੀ ਹੈ। -ਏਪੀ

ਅਮਰੀਕਾ ਬਲਦੀ 'ਤੇ ਪਾ ਰਿਹੈ ਤੇਲ: ਰੂਸ

ਲੰਡਨ: ਰੂਸ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਯੂਕਰੇਨ ਨੂੰ ਹੋਰ ਹਥਿਆਰ ਭੇਜਣ ਤੋਂ ਗੁਰੇਜ਼ ਕਰੇ। ਰੂਸ ਦੇ ਅਮਰੀਕਾ 'ਚ ਸਫ਼ੀਰ ਰਹੇ ਅਨਾਤੋਲੀ ਐਂਟੋਨੋਵ ਨੇ ਕਿਹਾ ਕਿ ਪੱਛਮੀ ਮੁਲਕਾਂ ਵੱਲੋਂ ਯੂਕਰੇਨ ਨੂੰ ਦਿੱਤੇ ਜਾ ਰਹੇ ਹਥਿਆਰ ਬਲਦੀ 'ਚ ਤੇਲ ਦਾ ਕੰਮ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੇ ਹਥਕੰਡਿਆਂ ਨਾਲ ਹੋਰ ਵਧੇਰੇ ਨੁਕਸਾਨ ਹੋਵੇਗਾ। ਐਂਟੋਨੋਵ ਨੇ ਕਿਹਾ ਕਿ ਸ਼ਾਂਤੀ ਸਮਝੌਤੇ ਦਾ ਕੋਈ ਰਾਹ ਲੱਭਣ ਦੀ ਬਜਾਏ ਅਮਰੀਕਾ ਹਥਿਆਰ ਭੇਜ ਕੇ ਰੂਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸੀ ਚਿੰਤਾਵਾਂ ਪ੍ਰਤੀ ਵਾਸ਼ਿੰਗਟਨ ਨੂੰ ਇਕ ਕੂਟਨੀਤਕ ਨੋਟ ਭੇਜਿਆ ਗਿਆ ਹੈ ਪਰ ਉਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। -ਰਾਇਟਰਜ਼



Most Read

2024-09-20 07:05:20