Breaking News >> News >> The Tribune


ਭਾਰਤ ਤੇ ਯੂਰੋਪੀਅਨ ਯੂਨੀਅਨ ਵਪਾਰ-ਤਕਨੀਕ ਕੌਂਸਲ ਦੇ ਗਠਨ ਲਈ ਸਹਿਮਤ


Link [2022-04-26 09:59:58]



ਨਵੀਂ ਦਿੱਲੀ, 25 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਨ ਦਰਮਿਆਨ ਹੋਈ ਗੱਲਬਾਤ ਵਿਚ ਦੋਵਾਂ ਧਿਰਾਂ ਨੇ ਵਪਾਰ ਤੇ ਤਕਨੀਕ ਦੇ ਪੱਖ ਤੋਂ ਕਈ ਅਹਿਮ ਫ਼ੈਸਲਿਆਂ ਉਤੇ ਸਹਿਮਤੀ ਜ਼ਾਹਿਰ ਕੀਤੀ ਹੈ। ਇਸ ਮੌਕੇ ਯੂਰੋਪੀਅਨ ਯੂਨੀਅਨ-ਭਾਰਤ ਨੇ ਵਪਾਰ ਅਤੇ ਤਕਨੀਕ ਕੌਂਸਲ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਕਿ ਤੇਜ਼ੀ ਨਾਲ ਬਦਲ ਰਹੀ ਭੂਗੋਲਿਕ ਤੇ ਸਿਆਸੀ ਸਥਿਤੀ ਦਾ ਟਾਕਰਾ ਕਰਨ ਦੇ ਸਮਰੱਥ ਹੋਵੇ। ਉਨ੍ਹਾਂ ਕਿਹਾ ਕਿ ਇਸ ਲਈ ਭਰੋਸੇਯੋਗ ਤਕਨੀਕ ਤੇ ਸੁਰੱਖਿਆ ਢਾਂਚਾ ਸਹਾਈ ਹੋ ਸਕਦਾ ਹੈ। ਯੂਰੋਪੀਅਨ ਯੂਨੀਅਨ ਨੇ ਕਿਹਾ ਕਿ ਰਣਨੀਤਕ ਤਾਲਮੇਲ ਦੋਵਾਂ ਭਾਈਵਾਲਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ। ਇਸ ਨਾਲ ਵਪਾਰ ਤੇ ਸੁਰੱਖਿਆ ਦੇ ਪੱਖ ਤੋਂ ਸਹਿਯੋਗ ਮਜ਼ਬੂਤ ਹੋਵੇਗਾ।

ਯੂਰੋਪੀਅਨ ਯੂਨੀਅਨ ਦੀ ਆਗੂ ਨੇ ਕਿਹਾ ਕਿ ਵਪਾਰ ਤੇ ਤਕਨੀਕੀ ਕੌਂਸਲ ਸਿਆਸੀ ਪੱਧਰ 'ਤੇ ਰਾਹ ਤਲਾਸ਼ੇਗੀ। ਇਸ ਰਾਹੀਂ ਰਾਜਨੀਤਕ ਪੱਧਰ ਉਤੇ ਫ਼ੈਸਲੇ ਲੈਣ, ਆਪਸੀ ਤਾਲਮੇਲ ਰਾਹੀਂ ਤਕਨੀਕੀ ਕਾਰਜਾਂ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ ਜਾਰੀ ਕਾਰਜਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਤੇ ਯੂਨੀਅਨ ਦੇ ਹਿੱਤ ਤੇ ਕਦਰਾਂ-ਕੀਮਤਾਂ ਸਾਂਝੇ ਹਨ, ਇਹ ਸਾਂਝ ਦਹਾਕਿਆਂ ਪੁਰਾਣੀ ਹੈ। ਇਕ ਟਵੀਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਯੂਰੋਪੀਅਨ ਆਗੂ ਨਾਲ ਮੁਲਾਕਾਤ ਕਰ ਕੇ ਖੁਸ਼ੀ ਹੋਈ ਹੈ ਤੇ ਦੋਵਾਂ ਧਿਰਾਂ ਨੇ ਵਿਸਥਾਰ ਵਿਚ ਗੱਲਬਾਤ ਕੀਤੀ ਹੈ। ਉਰਸੁਲਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਵੀ ਮੁਲਾਕਾਤ ਕੀਤੀ। ਮੋਦੀ ਨੇ ਕਿਹਾ ਕਿ ਦੋਵੇਂ ਧਿਰਾਂ ਨਿਯਮਾਂ ਨਾਲ ਚੱਲਦੀ ਕੌਮਾਂਤਰੀ ਵਿਵਸਥਾ ਦਾ ਪਾਲਣ ਕਰਦੀਆਂ ਹਨ ਤੇ ਸਾਨੂੰ ਆਲਮੀ ਪੱਧਰ 'ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਪਹਿਲੀ ਵਾਰ ਆਪਣੇ ਕਿਸੇ ਭਾਈਵਾਲ ਨਾਲ ਅਜਿਹੀ ਕੌਂਸਲ ਦਾ ਗਠਨ ਕਰੇਗਾ ਜਦਕਿ ਯੂਰੋਪੀਅਨ ਯੂਨੀਅਨ ਦੂਜੀ ਵਾਰ ਅਜਿਹਾ ਕਰ ਰਹੀ ਹੈ। ਇਸ ਤੋਂ ਪਹਿਲਾਂ ਯੂਨੀਅਨ ਨੇ ਅਮਰੀਕਾ ਨਾਲ ਰਲ ਕੇ ਅਜਿਹੀ ਕੌਂਸਲ ਦਾ ਗਠਨ ਕੀਤਾ ਹੈ। ਉਰਸੁਲਾ ਐਤਵਾਰ ਨੂੰ ਭਾਰਤ ਦੇ ਦੋ ਦਿਨਾਂ ਦੇ ਦੌਰੇ ਉਤੇ ਪੁੱਜੀ ਸੀ। ਐਤਵਾਰ ਇਕ ਸਮਾਗਮ ਵਿਚ ਉਨ੍ਹਾਂ ਕਿਹਾ ਸੀ ਕਿ ਰੂਸ ਵੱਲੋਂ ਯੂਕਰੇਨ 'ਚ ਲੜੀ ਜਾ ਰਹੀ ਜੰਗ ਇਹ ਯਾਦ ਕਰਾਉਂਦੀ ਹੈ ਕਿ ਰੂਸ ਦੇ ਊਰਜਾਂ ਸਰੋਤਾਂ ਉਤੇ ਨਿਰਭਰ ਨਹੀਂ ਰਿਹਾ ਜਾ ਸਕਦਾ। ਉਨ੍ਹਾਂ ਭਾਰਤ ਤੇ ਯੂਰੋਪੀਅਨ ਯੂਨੀਅਨ ਵੱਲੋਂ ਸਾਫ਼-ਸੁਥਰੀ ਊਰਜਾ ਪੈਦਾ ਕਰਨ ਦੇ ਯਤਨਾਂ ਦਾ ਪੱਖ ਪੂਰਿਆ ਸੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਲੇਨ ਨਾਲ ਮੁਲਾਕਾਤ ਕੀਤੀ ਸੀ। -ਪੀਟੀਆਈ

ਯੂਕਰੇਨ ਘਟਨਾਕ੍ਰਮ ਦਾ ਅਸਰ ਹਿੰਦ-ਪ੍ਰਸ਼ਾਂਤ ਖੇਤਰ 'ਤੇ ਵੀ ਪਏਗਾ: ਉਰਸੁਲਾ

ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਨ ਨੇ ਕਿਹਾ ਹੈ ਕਿ ਯੂਰੋਪ ਇਹ ਯਕੀਨੀ ਬਣਾਏਗਾ ਕਿ ਰੂਸ, ਯੂਕਰੇਨ ਵਿਚ ਨਾਕਾਮ ਹੋਵੇ। 'ਰਾਇਸੀਨਾ ਡਾਇਲਾਗ' 'ਤੇ ਸੰਬੋਧਨ ਕਰਦਿਆਂ ਉਰਸੁਲਾ ਨੇ ਕਿਹਾ ਕਿ ਯੂਕਰੇਨ ਵਿਚ ਜੋ ਵੀ ਵਾਪਰੇਗਾ, ਉਸ ਦਾ ਅਸਰ ਹਿੰਦ-ਪ੍ਰਸ਼ਾਂਤ ਖੇਤਰ ਉਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਰੂਸ ਦੇ ਹਮਲਾਵਰ ਰੁਖ਼ ਵਿਰੁੱਧ ਸੰਸਾਰ ਦੀ ਜੋ ਵੀ ਪ੍ਰਤੀਕਿਰਿਆ ਹੋਵੇਗੀ, ਉਹੀ ਕੌਮਾਂਤਰੀ ਢਾਂਚੇ ਤੇ ਆਲਮੀ ਆਰਥਿਕਤਾ ਦਾ ਭਵਿੱਖ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿਰਫ਼ ਯੂਰੋਪ ਦਾ ਹੀ ਨਹੀਂ ਬਲਕਿ ਹਿੰਦ-ਪ੍ਰਸ਼ਾਂਤ ਖੇਤਰ ਦਾ ਭਵਿੱਖ ਵੀ ਤੈਅ ਹੋਵੇਗਾ। ਉਨ੍ਹਾਂ ਯੂਕਰੇਨ ਜੰਗ ਲਈ ਰੂਸ ਦੀ ਕਰੜੀ ਨਿਖੇਧੀ ਕੀਤੀ।



Most Read

2024-09-20 15:51:52