Breaking News >> News >> The Tribune


ਲੋਕ ਸਭਾ ਚੋਣਾਂ ਲਈ ‘ਐਕਸ਼ਨ ਗਰੁੱਪ’ ਦਾ ਗਠਨ ਕਰੇਗੀ ਕਾਂਗਰਸ


Link [2022-04-26 09:59:58]



ਨਵੀਂ ਦਿੱਲੀ, 25 ਅਪਰੈਲ

ਕਾਂਗਰਸ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ ਉਤੇ ਵਿਚਾਰ ਲਈ ਗਠਿਤ ਕਮੇਟੀ ਦੀ ਰਿਪੋਰਟ 'ਤੇ ਮੰਥਨ ਕਰਨ ਮਗਰੋਂ ਅੱਜ ਫ਼ੈਸਲਾ ਕੀਤਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਮਕਸਦ ਨਾਲ ਇਕ 'ਵਿਸ਼ੇਸ਼ ਅਧਿਕਾਰ ਪ੍ਰਾਪਤ ਕਾਰਜ ਸਮੂਹ' ਦਾ ਗਠਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਦੈਪੁਰ ਵਿਚ 13-15 ਮਈ ਤੱਕ ਪਾਰਟੀ ਦਾ 'ਚਿੰਤਨ ਸ਼ਿਵਿਰ' ਸੱਦਣ ਦਾ ਫ਼ੈਸਲਾ ਵੀ ਕੀਤਾ ਹੈ। ਇਸ ਮੌਕੇ ਦੇਸ਼ ਭਰ ਦੇ ਕਾਂਗਰਸ ਆਗੂ ਜੁੜਨਗੇ ਤੇ ਪਾਰਟੀ ਦੇ ਅੰਦਰੂਨੀ ਮਸਲਿਆਂ 'ਤੇ ਵਿਚਾਰ-ਚਰਚਾ ਕਰਨਗੇ। ਸੰਗਠਨ ਨੂੰ ਮਜ਼ਬੂਤ ਕਰਨ ਦੇ ਹੱਲ ਵੀ ਸੁਝਾਏ ਜਾਣਗੇ। ਸੋਨੀਆ ਨੇ ਛੇ ਤਾਲਮੇਲ ਕਮੇਟੀਆਂ ਵੀ ਬਣਾਈਆਂ ਹਨ ਜੋ ਰਾਜਨੀਤਕ ਤੇ ਜਥੇਬੰਦਕ ਮਹੱਤਵ, ਸਮਾਜਿਕ ਨਿਆਂ, ਆਰਥਿਕ, ਕਿਸਾਨਾਂ ਤੇ ਨੌਜਵਾਨਾਂ ਦੇ ਮੁੱਦਿਆਂ ਉਤੇ ਵਿਚਾਰ ਲਈ ਖਰੜਾ ਤਿਆਰ ਕਰਨਗੀਆਂ। ਇਨ੍ਹਾਂ ਉਤੇ ਉਦੈਪੁਰ ਵਿਚ ਵਿਚਾਰ ਕੀਤਾ ਜਾਵੇਗਾ। ਮਲਿਕਾਰਜੁਨ ਖੜਗੇ ਸਿਆਸੀ ਮੁੱਦਿਆਂ ਬਾਰੇ ਕਮੇਟੀ, ਭੁਪਿੰਦਰ ਸਿੰਘ ਹੁੱਡਾ ਖੇਤੀਬਾੜੀ ਤੇ ਕਿਸਾਨੀ ਬਾਰੇ ਕਮੇਟੀ ਦੀ ਅਗਵਾਈ ਕਰਨਗੇ। ਮੁਕੁਲ ਵਾਸਨਿਕ ਜਥੇਬੰਦਕ ਮੁੱਦਿਆਂ ਬਾਰੇ ਤਾਲਮੇਲ ਕਮੇਟੀ ਦੀ ਅਗਵਾਈ ਕਰਨਗੇ। ਆਰਥਿਕਤਾ ਬਾਰੇ ਕਮੇਟੀ ਦੀ ਅਗਵਾਈ ਪੀ. ਚਿਦੰਬਰਮ ਕਰਨਗੇ। ਪਾਰਟੀ ਦੇ ਜਥੇਬੰਦਕ ਪੁਨਰਗਠਨ ਦੀ ਮੰਗ ਕਰ ਚੁੱਕੇ ਜੀ23 ਦੇ ਆਗੂਆਂ ਨੂੰ ਵੀ ਕਈ ਕਮੇਟੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਤੇ ਹੋਰ ਸ਼ਾਮਲ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸੋਨੀਆ ਗਾਂਧੀ ਜਲਦੀ ਵਿਸ਼ੇਸ਼ ਅਧਿਕਾਰ ਪ੍ਰਾਪਤ ਗਰੁੱਪ ਦਾ ਗਠਨ ਕਰਨਗੇ। ਸੁਰਜੇਵਾਲਾ ਨੇ ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਨਾਲ ਜੁੜੇ ਸਵਾਲਾਂ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ। -ਪੀਟੀਆਈ

ਕਾਂਗਰਸ ਪ੍ਰਧਾਨ ਦੇ ਘਰ ਤਿੰਨ ਘੰਟੇ ਤੋਂ ਵੱਧ ਚੱਲੀ ਮੀਟਿੰਗ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਸ਼ੋਰ ਦੀਆਂ ਸਲਾਹਾਂ ਉਤੇ ਵਿਚਾਰ ਲਈ ਗਠਿਤ ਅੱਠ ਮੈਂਬਰੀ ਕਮੇਟੀ ਦੀ ਰਿਪੋਰਟ 'ਤੇ ਸੀਨੀਅਰ ਆਗੂਆਂ ਨਾਲ ਚਰਚਾ ਕੀਤੀ ਹੈ। ਕਾਂਗਰਸ ਪ੍ਰਧਾਨ ਦੇ ਘਰ ਤਿੰਨ ਘੰਟੇ ਤੋਂ ਵੱਧ ਚੱਲੀ ਮੀਟਿੰਗ ਵਿਚ ਪ੍ਰਿਯੰਕਾ ਗਾਂਧੀ ਵਾਡਰਾ, ਅੰਬਿਕਾ ਸੋਨੀ, ਪੀ. ਚਿਦੰਬਰਮ, ਮੁਕੁਲ ਵਾਸਨਿਕ, ਕੇ.ਸੀ. ਵੇਣੂਗੋਪਾਲ, ਦਿਗਵਿਜੈ ਸਿੰਘ ਤੇ ਕੁਝ ਹੋਰ ਆਗੂ ਸ਼ਾਮਲ ਹੋਏ। ਇਸ ਬੈਠਕ ਤੋਂ ਬਾਅਦ ਸੁਰਜੇਵਾਲਾ ਨੇ ਮੀਡੀਆ ਨੂੰ ਦੱਸਿਆ ਕਿ ਕਾਂਗਰਸ ਪ੍ਰਧਾਨ ਨੇ ਸੰਗਠਨ ਤੇ ਸਿਆਸੀ ਚੁਣੌਤੀਆਂ ਨੂੰ ਦੇਖਣ ਤੇ ਪਰਖ਼ਣ ਲਈ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ 21 ਅਪਰੈਲ ਨੂੰ ਆਪਣੀ ਰਿਪੋਰਟ ਸੌਂਪੀ ਸੀ। ਸੋਨੀਆ ਨੇ ਅੱਜ ਇਸ ਕਮੇਟੀ ਨਾਲ ਬੈਠਕ ਕੀਤੀ ਤੇ 'ਐਂਪਾਵਰਡ ਐਕਸ਼ਨ ਗਰੁੱਪ' ਦੇ ਗਠਨ ਦਾ ਫ਼ੈਸਲਾ ਲਿਆ।



Most Read

2024-09-20 15:41:07