Breaking News >> News >> The Tribune


ਕੁਝ ਲੋਕ ਸੱਤਾ ਗੁਆਉਣ ਮਗਰੋਂ ਚਿੰਤਤ ਹੋ ਰਹੇ ਨੇ: ਪਵਾਰ


Link [2022-04-26 09:59:58]



ਪੁਣੇ, 25 ਅਪਰੈਲ

ਮਹਾਰਾਸ਼ਟਰ ਵਿੱਚ ਵਿਰੋਧੀ ਧਿਰ ਭਾਜਪਾ 'ਤੇ ਨਿਸ਼ਾਨਾ ਸੇਧਦਿਆਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਸੱਤਾ ਗੁਆਉਣ ਮਗਰੋਂ ਕੁਝ ਲੋਕ ਚਿੰਤਤ ਹੋ ਰਹੇ ਹਨ।

ਪਵਾਰ ਨੇ ਇੱਕ ਪ੍ਰੋਗਰਾਮ ਦੌਰਾਨ ਵੱਖਰੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸੂਬਾ ਸਰਕਾਰ ਨੇ ਧਾਰਮਿਕ ਸਥਾਨਾਂ 'ਤੇ ਲਾਊਡਸਪੀਕਰ ਦੇ ਮੁੱਦੇ 'ਤੇ ਸਰਬ-ਪਾਰਟੀ ਮੀਟਿੰਗ ਸੱਦਣ ਦਾ ਫ਼ੈਸਲਾ ਲਿਆ ਹੈ ਅਤੇ ਜੇਕਰ ਮੀਟਿੰਗ 'ਚੋਂ ਕੁਝ ਵਧੀਆ ਨਿਕਲਦਾ ਹੈ ਤਾਂ ਉਹ ਬਹੁਤ ਖੁਸ਼ ਹੋਣਗੇ।

ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਸੂਬੇ ਵਿੱਚ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਬਣਾਉਣ ਲਈ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਨਾਲ ਗੱਠਜੋੜ ਕੀਤਾ ਸੀ। ਵਿਰੋਧੀ ਆਗੂਆਂ ਦੇ ਇਸ ਬਿਆਨ ਬਾਰੇ ਪੁੱਛਣ ਕਿ ਮਹਾਰਾਸ਼ਟਰ ਵਿੱਚ ਮੌਜੂਦਾ ਸਥਿਤੀ 'ਚ ਰਾਸ਼ਟਰਪਤੀ ਸ਼ਾਸਨ ਦੀ ਲੋੜ ਹੈ, ਪਵਾਰ ਨੇ ਕਿਹਾ ਕਿ ਇਹ ਸੱਚ ਹੈ ਕਿ ਸੱਤਾ ਤੋਂ ਬਾਹਰ ਹੋਣ ਮਗਰੋਂ ਕੁਝ ਲੋਕ ਚਿੰਤਤ ਹੋ ਰਹੇ ਹਨ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਇਹ ਕੋਈ ਨਵੀਂ ਗੱਲ ਨਹੀਂ ਹੈ। ਹਰ ਕੋਈ ਮੇਰੇ ਵਰਗਾ ਨਹੀਂ ਹੈ। ਸਾਲ 1980 ਵਿੱਚ ਸਾਡੀ (ਸੂਬਾ) ਸਰਕਾਰ ਬਰਖਾਸਤ ਹੋਣ ਮਗਰੋਂ, ਮੈਨੂੰ ਦੇਰ ਰਾਤ 12.30 ਵਜੇ ਇਸ ਬਾਰੇ ਦੱਸਿਆ ਗਿਆ ਸੀ। ਮੈਂ ਤੁਰੰਤ ਆਪਣੇ ਦੋਸਤਾਂ ਨਾਲ ਮੁੱਖ ਮੰਤਰੀ ਰਿਹਾਇਸ਼ ਖਾਲੀ ਕੀਤੀ ਸੀ ਅਤੇ ਅਗਲੇ ਦਿਨ ਕਿਸੇ ਹੋਰ ਥਾਂ 'ਤੇ ਚਲਾ ਗਿਆ ਸੀ। ਅਸੀਂ ਸਾਰੇ ਵਾਨਖੇੜੇ ਸਟੇਡੀਅਮ ਵਿੱਚ ਇਕ ਕ੍ਰਿਕਟ ਮੈਚ ਦੇਖਣ ਗਏ ਅਤੇ ਪੂਰੇ ਦਿਨ ਇਸਦਾ ਆਨੰਦ ਲਿਆ ਸੀ।''

ਐੱਨਸੀਪੀ ਮੁਖੀ ਨੇ ਕਿਹਾ ਕਿ ਸੱਤਾ ਆਉਂਦੀ-ਜਾਂਦੀ ਰਹਿੰਦੀ ਹੈ, ਚਿੰਤਾ ਕਰਨ ਦੀ ਲੋੜ ਨਹੀਂ।

ਮੁੰਬਈ ਵਿੱਚ ਵਾਪਰੀਆਂ ਕੁਝ ਘਟਨਾਵਾਂ ਨੂੰ ਲੈ ਕੇ ਭਾਜਪਾ ਦੇ ਇਕ ਵਫ਼ਦ ਵੱਲੋਂ ਕੇਂਦਰੀ ਗ੍ਰਹਿ ਸਕੱਤਰ ਨਾਲ ਮੁਲਾਕਾਤ ਕਰਨ ਬਾਰੇ ਪੁੱਛਣ 'ਤੇ ਸ੍ਰੀ ਪਵਾਰ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੁਝ 'ਚਿੰਤਤ ਲੋਕ' ਜਾਣਗੇ ਅਤੇ ਆਪਣੇ ਬਦਲ ਲੱਭਣਗੇ, ਪਰ ਇਸ ਸਬੰਧ ਵਿੱਚ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ।

ਪਵਾਰ ਨੇ ਕਿਹਾ, ''ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਧਮਕੀ ਹਮੇਸ਼ਾ ਦਿੱਤੀ ਜਾਂਦੀ ਹੈ, ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਦਾ। ਜੇਕਰ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਸਥਿਤੀ ਪੈਦਾ ਹੁੰਦੀ ਹੈ, ਤਾਂ ਹਾਲ ਹੀ ਵਿੱਚ ਕੋਲਹਾਪੁਰ ਉਪ ਚੋਣ ਦੇ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਨਤੀਜਾ ਹੋਵੇਗਾ।'' ਮਹਾਰਾਸ਼ਟਰ ਦੀ ਕੋਲਹਾਪੁਰਾ ਉੱਤਰ ਵਿਧਾਨ ਸਭਾ ਸੀਟ ਦੀ ਉਪ ਚੋਣ ਵਿੱਚ ਹਾਲ ਹੀ 'ਚ ਕਾਂਗਰਸ ਨੇ ਭਾਜਪਾ ਨੂੰ ਹਰਾ ਕੇ ਸੀਟ ਬਰਕਰਾਰ ਰੱਖੀ। -ਪੀਟੀਆਈ



Most Read

2024-09-20 15:34:06