Breaking News >> News >> The Tribune


ਸੂਬਾ ਸਰਕਾਰ ਕੋਲ ਲਾਊਡ ਸਪੀਕਰ ਲਗਾਉਣ ਜਾਂ ਹਟਾਉਣ ਦਾ ਹੱਕ ਨਹੀਂ: ਪਾਟਿਲ


Link [2022-04-26 09:59:58]



ਮੁੰਬਈ, 25 ਅਪਰੈਲ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਕੋਲ ਲਾਊਡ ਸਪੀਕਰ ਲਗਾਉਣ ਜਾਂ ਹਟਾਉਣ ਦਾ ਕੋਈ ਹੱਕ ਨਹੀਂ ਹੈ। ਇਸ ਮੁੱਦੇ 'ਤੇ ਸੱਦੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪਾਟਿਲ ਨੇ ਇਹ ਗੱਲ ਆਖੀ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਲਾਊਡ ਸਪੀਕਰਾਂ ਬਾਰੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਤਹਿਤ ਦਿਸ਼ਾ ਨਿਰਦੇਸ਼ ਬਣਾਏ। ਸੂਬਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਭਾਜਪਾ ਨੇ ਮੀਟਿੰਗ ਦਾ ਬਾਈਕਾਟ ਕੀਤਾ ਹੈ। ਭਾਜਪਾ ਨੇ ਕਿਹਾ ਕਿ ਆਲ ਪਾਰਟੀ ਮੀਟਿੰਗ 'ਚ ਜੇਕਰ ਮੁੱਖ ਮੰਤਰੀ ਮੌਜੂਦ ਨਹੀਂ ਸਨ ਤਾਂ ਕੀ ਗ੍ਰਹਿ ਮੰਤਰੀ ਨੂੰ ਇਸ ਮੁੱਦੇ ਦਾ ਨਿਬੇੜਾ ਕਰਨ ਦਾ ਕੋਈ ਅਧਿਕਾਰ ਹਾਸਲ ਨਹੀਂ ਹੈ। ਭਾਜਪਾ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ। ਵਾਲਸੇ ਪਾਟਿਲ ਨੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਜਾਂ ਉਸ ਦੇ ਮੁਖੀ ਰਾਜ ਠਾਕਰੇ ਦਾ ਨਾਮ ਲਏ ਬਿਨਾਂ ਕਿਹਾ,''ਕੁਝ ਸਿਆਸੀ ਪਾਰਟੀਆਂ ਲਾਊਡ ਸਪੀਕਰਾਂ ਦੀ ਵਰਤੋਂ ਨੂੰ ਨਿਯਮਤ ਕਰਨ ਦੀਆਂ ਮੰਗ ਕਰ ਰਹੀਆਂ ਹਨ ਅਤੇ ਉਨ੍ਹਾਂ ਸੂਬਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ।'' ਜ਼ਿਕਰਯੋਗ ਹੈ ਕਿ ਰਾਜ ਠਾਕਰੇ ਨੇ ਮਸਜਿਦਾਂ ਉਪਰੋਂ ਲਾਊਡ ਸਪੀਕਰ ਹਟਾਉਣ ਲਈ ਸੂਬਾ ਸਰਕਾਰ ਨੂੰ 3 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਆਲ ਪਾਰਟੀ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਸਰਕਾਰ ਸੂਬੇ 'ਚ ਅਮਨ-ਅਮਾਨ ਬਹਾਲ ਰੱਖਣ ਲਈ ਸਾਰੇ ਕਦਮ ਉਠਾਏ। ਵਾਲਸੇ ਪਾਟਿਲ ਨੇ ਕਿਹਾ ਕਿ ਅਦਾਲਤਾਂ ਦੇ ਫ਼ੈਸਲਿਆਂ ਮੁਤਾਬਕ ਹੀ ਮਹਾਰਾਸ਼ਟਰ ਸਰਕਾਰ 2015 ਤੋਂ 2017 ਵਿਚਕਾਰ ਲਾਊਡਸਪੀਕਰਾਂ ਦੀ ਵਰਤੋਂ ਅਤੇ ਇਸ ਦੀ ਇਜਾਜ਼ਤ ਬਾਰੇ ਕੁਝ ਮਤੇ ਅਤੇ ਸਰਕੁਲਰ ਲੈ ਕੇ ਆਈ ਸੀ। ਉਸੇ ਆਧਾਰ 'ਤੇ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। -ਪੀਟੀਆਈ

ਦਾਦਾਗਿਰੀ ਬਰਦਾਸ਼ਤ ਨਹੀਂ ਕਰਾਂਗਾ: ਊਧਵ ਠਾਕਰੇ

ਮੁੰਬਈ: ਹਨੂੰਮਾਨ ਚਾਲੀਸਾ ਵਿਵਾਦ ਬਾਰੇ ਆਪਣੀ ਚੁੱਪ ਤੋੜਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ, ''ਮੇਰੇ ਘਰ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰੋ ਕੋਈ ਸਮੱਸਿਆ ਨਹੀਂ ਪਰ ਇਕ ਢੁਕਵੇਂ ਤਰੀਕੇ ਨਾਲ, ਦਾਦਾਗਿਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਤੁਸੀਂ ਦਾਦਾਗਿਰੀ ਨਾਲ ਮੇਰੇ ਘਰ ਆਉਣਾ ਚਾਹੁੰਦੇ ਹੋ ਤਾਂ ਬਾਲਾਸਾਹੇਬ ਨੇ ਸਾਨੂੰ ਇਹ ਸਿਖਾਇਆ ਹੈ ਕਿ ਦਾਦਾਗਿਰੀ ਤੋੜਨੀ ਕਿਵੇਂ ਹੈ।'' ਉਹ ਬੈਸਟ ਦੇ ਹੈੱਡਕੁਆਰਟਰ ਵਿਖੇ ਨੈਸ਼ਨਲ ਕਾਮਨ ਮੋਬੀਲਿਟੀ ਕਾਰਡ ਲਾਂਚ ਕਰਨ ਮੌਕੇ ਬੋਲ ਰਹੇ ਸਨ। ਸ੍ਰੀ ਠਾਕਰੇ ਨੇ ਭਗਵਾਨ ਹਨੂੰਮਾਨ ਦਾ ਸੰਦਰਭ ਦਿੰਦੇ ਹੋਏ ਕਿਹਾ ਕਿ ਸ਼ਿਵ ਸੈਨਾ ਦਾ ਹਿੰਦੁਤਵ 'ਗਦਾਧਾਰੀ' ਹੈ, ਜਦਕਿ ਵਿਰੋਧੀਆਂ ਦਾ ਹਿੰਦੁਤਵ 'ਘੰਟਾਧਾਰੀ' ਹੈ। ਉਨ੍ਹਾਂ ਕਿਹਾ, ''ਮੈਨੂੰ ਹਿੰਦੁਤਵ ਸਿਖਾਉਣ ਵਾਲਿਆਂ ਨੂੰ ਖ਼ੁਦ ਤੋਂ ਹਿੰਦੁਤਵ ਪ੍ਰਤੀ ਯੋਗਦਾਨ ਬਾਰੇ ਪੁੱਛਣਾ ਚਾਹੀਦਾ ਹੈ। ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ ਤਾਂ ਤੁਸੀਂ ਚੂਹੇ ਦੀ ਖੁੱਡ ਵਿੱਚ ਛੁਪ ਗਏ ਸੀ।'' -ਪੀਟੀਆਈ



Most Read

2024-09-20 15:43:08