Breaking News >> News >> The Tribune


‘ਆਸ਼ੀਸ਼ ਦੀ ਜ਼ਮਾਨਤ ਰੱਦ ਹੋਣ ਨਾਲ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਵਧਿਆ’


Link [2022-04-26 09:59:58]



ਬਹਿਰਾਈਚ (ਉੱਤਰ ਪ੍ਰਦੇਸ਼), 25 ਅਪਰੈਲ

ਸੁਪਰੀਮ ਕੋਰਟ ਵੱਲੋਂ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੇ ਜਾਣ ਤੇ ਜੇਲ੍ਹ ਪਰਤਣ ਤੋਂ ਇਕ ਦਿਨ ਬਾਅਦ ਪੀੜਤ ਪਰਿਵਾਰਾਂ ਨੇ ਅੱਜ ਸਿਖਰਲੀ ਅਦਾਲਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਘਟਨਾ ਵਿੱਚ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੇ ਕਿਹਾ ਹੈ ਕਿ ਸਿਖ਼ਰਲੀ ਅਦਾਲਤ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦਾ ਨਿਆਂ ਪ੍ਰਣਾਲੀ 'ਚ ਵਿਸ਼ਵਾਸ ਵਧਿਆ ਹੈ।

ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਅਲਾਹਬਾਦ ਹਾਈ ਕੋਰਟ ਤੋਂ ਮਿਲੀ ਜ਼ਮਾਨਤ 18 ਅਪਰੈਲ ਨੂੰ ਰੱਦ ਕਰ ਦਿੱਤੀ ਸੀ ਅਤੇ ਉਸ ਨੂੰ ਇਕ ਹਫ਼ਤੇ ਦੇ ਅੰਦਰ ਆਤਮ-ਸਮਰਪਣ ਕਰਨ ਲਈ ਕਿਹਾ ਸੀ। ਮੁਲਜ਼ਮ ਨੇ ਐਤਵਾਰ ਨੂੰ ਲਖੀਮਪੁਰ ਵਿੱਚ ਇਕ ਸਥਾਨਕ ਅਦਾਲਤ 'ਚ ਆਤਮ-ਸਮਰਪਣ ਕੀਤਾ ਸੀ। ਹਿੰਸਾ ਵਿੱਚ ਮਾਰੇ ਗਏ ਮੋਹਰਨੀਆ ਦੇ ਕਿਸਾਨ ਗੁਰਵਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ''ਅਦਾਲਤ ਦੇ ਹੁਕਮ ਸੁਣਨ ਤੋਂ ਬਾਅਦ ਮੈਨੂੰ ਲੱਗਿਆ ਕਿ ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ, ਗੁੰਡਿਆਂ ਦਾ ਨਹੀਂ। ਇਸ ਫ਼ੈਸਲੇ ਨਾਲ ਰੱਬ ਅਤੇ ਨਿਆਂ ਪ੍ਰਣਾਲੀ ਵਿੱਚ ਸਾਡਾ ਵਿਸ਼ਵਾਸ ਵਧਿਆ ਹੈ।'' ਸੁਖਵਿੰਦਰ ਸਿੰਘ ਦੇ ਵੱਡੇ ਭਰਾ ਸੁਖਦੇਵ ਸਿੰਘ ਨੇ ਕਿਹਾ, ''ਮੰਤਰੀ ਦੇ ਪੁੱਤਰ ਦੀ ਰਿਹਾਈ ਅਤੇ ਉਸ ਦਾ ਖੁੱਲ੍ਹੇ ਘੁੰਮਣਾ ਕਿਸਾਨਾਂ ਦੇ ਮੂੰਹ 'ਤੇ ਚਪੇੜ ਵਾਂਗ ਸੀ। ਤਾਨਾਸ਼ਾਹਾਂ ਦੀਆਂ ਸਰਕਾਰਾਂ ਦੌਰਾਨ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਨਾਲ ਸਾਨੂੰ ਦੇਸ਼ ਵਿੱਚ ਕਾਨੂੰਨ ਦੀ ਹੋਂਦ ਮਹਿਸੂਸ ਕਰਵਾਈ ਹੈ। ਅਸੀਂ ਸਾਰੇ ਇਸ ਫ਼ੈਸਲੇ ਤੋਂ ਬਹੁਤ ਖੁਸ਼ ਹਾਂ।'' ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਖੇਤਰ ਦੇ ਦੌਰੇ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਵਿੱਚ ਲਖੀਮਪੁਰ ਖੀਰੀ 'ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਚਾਰ ਕਿਸਾਨ ਅਤੇ ਇਕ ਪੱਤਰਕਾਰ ਵੀ ਸ਼ਾਮਲ ਸੀ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਭਾਜਪਾ ਵਰਕਰਾਂ ਦੀਆਂ ਕਾਰਾਂ ਨੇ ਦਰੜ ਦਿੱਤਾ ਸੀ। ਐੱਫਆਈਆਰ ਅਨੁਸਾਰ ਇਨ੍ਹਾਂ ਵਿੱਚੋਂ ਇਕ ਕਾਰ 'ਚ ਆਸ਼ੀਸ਼ ਮਿਸ਼ਰਾ ਵੀ ਬੈਠਾ ਹੋਇਆ ਸੀ। -ਪੀਟੀਆਈ



Most Read

2024-09-20 15:55:50