Breaking News >> News >> The Tribune


ਇਕ ਟਰਮ ਦੀ ਪ੍ਰੀਖਿਆ ਨਾ ਦੇਣ ’ਤੇ ਵੀ ਨਤੀਜਾ ਐਲਾਨੇਗਾ ਸੀਬੀਐੱਸਈ


Link [2022-04-26 09:59:58]



ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 25 ਅਪਰੈਲ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੀਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 26 ਅਪਰੈਲ ਤੋਂ ਸ਼ੁਰੂ ਹੋ ਰਹੀਆਂ ਹਨ। ਜੇ ਕੋਈ ਵਿਦਿਆਰਥੀ ਟਰਮ-1 ਜਾਂ ਟਰਮ-2 'ਚੋਂ ਕਿਸੇ ਇਕ ਟਰਮ ਦੀਆਂ ਪ੍ਰੀਖਿਆਵਾਂ ਨਹੀਂ ਦਿੰਦਾ ਤਾਂ ਵੀ ਬੋਰਡ ਵੱਲੋਂ ਉਸ ਵਿਦਿਆਰਥੀ ਦਾ ਨਤੀਜਾ ਐਲਾਨਿਆ ਜਾਵੇਗਾ ਪਰ ਵਿਦਿਆਰਥੀਆਂ ਨੂੰ ਪ੍ਰੀਖਿਆ ਨਾ ਦੇਣ ਦੇ ਕਾਰਨ ਬੋਰਡ ਨੂੰ ਸਪੱਸ਼ਟ ਕਰਨੇ ਪੈਣਗੇ।

ਸੀਬੀਐੱਸਈ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਟਰਮ-1 ਦੀਆਂ ਪ੍ਰੀਖਿਆਵਾਂ ਨਹੀਂ ਦਿੱਤੀਆਂ ਉਹ ਟਰਮ-2 ਦੀ ਪ੍ਰੀਖਿਆ ਦੇ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਦਾ ਨਤੀਜਾ ਬਾਕੀ ਵਿਦਿਆਰਥੀਆਂ ਵਾਂਗ ਐਲਾਨਿਆ ਜਾਵੇਗਾ ਪਰ ਪ੍ਰੀਖਿਆ ਨਾ ਦੇਣ ਦੇ ਕਾਰਨ ਬੋਰਡ ਨੂੰ ਸਪੱਸ਼ਟ ਕਰਨੇ ਪੈਣਗੇ। ਜਵਾਬ ਤਸੱਲੀਬਖਸ਼ ਹੋਣ 'ਤੇ ਬੋਰਡ ਵੱਲੋਂ ਅੰਕ ਨਿਰਧਾਰਨ ਪ੍ਰਣਾਲੀ ਜ਼ਰੀਏ ਨਤੀਜਾ ਐਲਾਨਿਆ ਜਾਵੇਗਾ। ਬੋਰਡ ਅਧਿਕਾਰੀ ਅਨੁਸਾਰ ਸੀਬੀਐੱਸਈ ਕਈ ਥਿਊਰੀਆਂ ਨੂੰ ਧਿਆਨ ਵਿਚ ਰੱਖ ਕੇ ਨਤੀਜਾ ਤਿਆਰ ਕਰੇਗਾ। ਟਰਮ-1 ਤੇ 2, ਅੰਦਰੂਨੀ ਮੁਲਾਂਕਣ ਤੇ ਪ੍ਰੈਕਟੀਕਲ ਆਧਾਰ 'ਤੇ ਹੀ ਨਤੀਜੇ ਤਿਆਰ ਕੀਤੇ ਜਾਣਗੇ ਪਰ ਹਾਲੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਕਿ ਟਰਮ-1 ਵਿਚ ਕਿੰਨੇ ਫੀਸਦ ਤੇ ਟਰਮ-2 ਦੇ ਕਿੰਨੇ ਫੀਸਦ ਅੰਕ ਮਿਲਣਗੇ ਪਰ ਸੂਤਰਾਂ ਅਨੁਸਾਰ ਬੋਰਡ ਟਰਮ-1 ਤੇ ਟਰਮ-2 ਦੇ ਬਰਾਬਰ-ਬਰਾਬਰ ਅੰਕ ਦੇਣ 'ਤੇ ਸਹਿਮਤ ਹੋਇਆ ਹੈ। ਜੇ ਕੋਈ ਵਿਦਿਆਰਥੀ ਦੋਵਾਂ ਟਰਮਾਂ ਵਿਚੋਂ ਗਾਇਬ ਰਹਿੰਦਾ ਹੈ ਤਾਂ ਉਸ ਦਾ ਨਤੀਜਾ ਨਹੀਂ ਐਲਾਨਿਆ ਜਾਵੇਗਾ। ਸੀਬੀਐੱਸਈ ਨੇ ਕਰੋਨਾ ਪੀੜਤ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਦੇ ਕਰੋਨਾ ਪੀੜਤ ਹੋਣ ਤੋਂ ਬਾਅਦ ਵੀ ਪ੍ਰੀਖਿਆ ਲੈਣ ਦਾ ਫ਼ੈਸਲਾ ਕੀਤਾ ਹੈ ਪਰ ਇਨ੍ਹਾਂ ਵਿਦਿਆਰਥੀਆਂ ਨੂੰ ਇਕਾਂਤਵਾਸ ਕੇਂਦਰਾਂ ਵਿੱਚ ਜਾ ਕੇ ਪ੍ਰੀਖਿਆ ਦੇਣੀ ਪਵੇਗੀ। ਬੋਰਡ ਨੇ ਕਿਹਾ ਹੈ ਕਿ ਜੇ ਕਿਸੇ ਵਿਦਿਆਰਥੀ ਦਾ ਪਰਿਵਾਰਕ ਮੈਂਬਰ ਵੀ ਕਰੋਨਾ ਪੀੜਤ ਪਾਇਆ ਜਾਂਦਾ ਹੈ ਤਾਂ ਇਸ ਸਬੰਧੀ ਸਕੂਲ ਅਥਾਰਿਟੀ ਨੂੰ ਜਾਣਕਾਰੀ ਦਿੱਤੀ ਜਾਵੇ। ਇਹ ਪਹਿਲੀ ਵਾਰ ਹੈ ਕਿ ਸੀਬੀਐੱਸਈ ਇਸ ਵਾਰ ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਵਾ ਰਿਹਾ ਹੈ। ਟਰਮ-1 ਦੀ ਪ੍ਰੀਖਿਆ ਪਿਛਲੇ ਸਾਲ ਨਵੰਬਰ-ਦਸੰਬਰ ਵਿਚ ਹੋਈ ਸੀ। ਇਸ ਵਾਰ ਇਕ ਕਮਰੇ ਵਿਚ 18 ਵਿਦਿਆਰਥੀ ਪ੍ਰੀਖਿਆ ਦੇ ਸਕਣਗੇ ਤੇ ਉਸ ਕਮਰੇ ਦੀ ਨਿਗਰਾਨੀ ਲਈ ਦੋ ਅਧਿਆਪਕ ਤਾਇਨਾਤ ਰਹਿਣਗੇ। ਬੋਰਡ ਨੇ ਇਹ ਵੀ ਕਿਹਾ ਹੈ ਕਿ ਪ੍ਰਾਈਵੇਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਫੋਟੋ ਵਾਲੇ ਪਛਾਣ ਪੱਤਰ ਨਾਲ ਦਾਖਲਾ ਮਿਲੇਗਾ। ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਮੌਕੇ ਸਕੂਲੀ ਵਰਦੀ ਤੇ ਪ੍ਰਾਈਵੇਟ ਵਿਦਿਆਰਥੀਆਂ ਨੂੰ ਹਲਕੇ ਰੰਗ ਦੇ ਕੱਪੜੇ ਪਾਉਣ ਲਈ ਕਿਹਾ ਗਿਆ ਹੈ।



Most Read

2024-09-20 15:40:10