Breaking News >> News >> The Tribune


ਪੰਜਾਬ ਦੇ ਕਿਸਾਨ ਆਪਣੀ ਫ਼ਸਲ ਵੇਚਦੇ ਨੇ ਖੁਦ ਨਹੀਂ ਖਾਂਦੇ: ਤੋਮਰ


Link [2022-04-26 09:59:58]



ਨਵੀਂ ਦਿੱਲੀ, 25 ਅਪਰੈਲ

ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਰਸਾਇਣਕ ਖੇਤੀ ਦਾ ਨੁਕਸਾਨ ਅਜਿਹਾ ਹੈ ਕਿ ਪੰਜਾਬ ਦਾ ਕਿਸਾਨ ਆਪਣੀ ਬੀਜੀ ਫ਼ਸਲ ਹੋਰਾਂ ਨੂੰ ਤਾਂ ਵੇਚਦਾ ਹੈ ਪਰ ਉਹ ਆਪ ਇਸ ਦੀ ਵਰਤੋਂ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਰੁਝਾਨ ਨੂੰ ਬਦਲਣਾ ਪਵੇਗਾ।

ਸ੍ਰੀ ਤੋਮਰ ਨੇ ਨਿਵੇਕਲੀ ਖੇਤੀ ਬਾਰੇ ਇਥੇ ਕੌਮੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਖੇਤੀ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਬਦਲਵੇਂ ਢੰਗ-ਤਰੀਕਿਆਂ ਖਾਸ ਕਰਕੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਦੇਸ਼ 'ਚ ਖੇਤੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਵੱਡੀ ਫ਼ੀਸਦੀ ਆਬਾਦੀ ਅਜੇ ਵੀ ਆਪਣੀ ਰੋਜ਼ੀ-ਰੋਟੀ ਲਈ ਖੇਤੀ 'ਤੇ ਨਿਰਭਰ ਹੈ। ਕੁਦਰਤੀ ਖੇਤੀ ਅਪਣਾਉਣ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਰਸਾਇਣਾਂ ਨਾਲ ਖੇਤੀ 1950ਵਿਆਂ 'ਚ ਹਰੇ ਇਨਕਲਾਬ ਦੌਰਾਨ ਸ਼ੁਰੂ ਕੀਤੀ ਗਈ ਸੀ ਅਤੇ ਇਸ ਨਾਲ ਦੇਸ਼ 'ਚ ਵਾਧੂ ਅਨਾਜ ਪੈਦਾ ਹੋ ਗਿਆ ਸੀ ਪਰ ਖੇਤੀ ਦੇ ਇਸ ਤਰੀਕੇ ਦਾ ਮਾੜਾ ਅਸਰ ਮਿੱਟੀ, ਪਾਣੀ ਅਤੇ ਆਲਮੀ ਤਪਸ਼ 'ਤੇ ਪਿਆ। ਸ੍ਰੀ ਤੋਮਰ ਨੇ ਕਿਹਾ,''ਰਸਾਇਣਕ ਖੇਤੀ ਨੇ ਅਨਾਜ ਦੀ ਪੈਦਾਵਾਰ ਵਧਾਉਣ 'ਚ ਸਹਾਇਤਾ ਕੀਤੀ ਪਰ ਇਸ ਦੀ ਹੱਦ ਹੁੰਦੀ ਹੈ। ਕਿਸਾਨ ਆਮਦਨ ਕਮਾ ਸਕਦਾ ਹੈ ਪਰ ਉਹ ਖਾਦਾਂ ਅਤੇ ਪਾਣੀ ਦੀ ਵਧੇਰੇ ਖਪਤ ਕਾਰਨ ਹੁਣ ਭਾਰੀ ਦਬਾਅ ਹੇਠ ਹੈ।'' ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨੂੰ ਅਜਿਹੇ ਇਲਾਕਿਆਂ 'ਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਜਿਥੇ ਫ਼ਸਲਾਂ ਉਗਾਉਣ ਲਈ ਕਿਸੇ ਰਸਾਇਣ ਦੀ ਵਰਤੋਂ ਨਹੀਂ ਹੋਈ ਜਾਂ ਬਹੁਤ ਘੱਟ ਵਰਤੋਂ ਹੁੰਦੀ ਹੈ। ਮੰਤਰੀ ਮੁਤਾਬਕ ਮੌਜੂਦਾ ਸਮੇਂ 'ਚ ਕਰੀਬ 38 ਲੱਖ ਹੈਕਟੇਅਰ ਰਕਬਾ ਆਰਗੈਨਿਕ ਖੇਤੀ ਹੇਠ ਲਿਆਂਦਾ ਜਾ ਚੁੱਕਿਆ ਹੈ। ਇਸੇ ਤਰ੍ਹਾਂ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਦੀ ਉਪ ਯੋਜਨਾ ਤਹਿਤ ਕਰੀਬ 4 ਲੱਖ ਹੈਕਟੇਅਰ ਰਕਬਾ ਕੁਦਰਤੀ ਖੇਤੀ ਹੇਠ ਹੈ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੇ ਗੁਜਰਾਤ ਦੇ ਕੁਝ ਹਿੱਸੇ 'ਚ ਕੁਦਰਤੀ ਖੇਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੀਤੀ ਆਯੋਗ ਕੁਦਰਤੀ ਖੇਤੀ ਬਾਰੇ ਖਾਕਾ ਤਿਆਰ ਕਰੇਗਾ। ਸ੍ਰੀ ਤੋਮਰ ਨੇ ਕਿਹਾ ਕਿ ਕੁਝ ਲੋਕਾਂ ਨੂੰ ਖ਼ਦਸ਼ਾ ਹੈ ਕਿ ਕੁਦਰਤੀ ਖੇਤੀ ਕਰਨ ਨਾਲ ਫ਼ਸਲ ਦਾ ਝਾੜ ਘਟੇਗਾ ਪਰ ਅਜਿਹੇ ਲੋਕਾਂ ਨੂੰ ਕੁਦਰਤੀ ਖੇਤੀ ਦੀਆਂ ਸਫ਼ਲ ਕਹਾਣੀਆਂ ਨੂੰ ਦੇਖਣਾ ਚਾਹੀਦਾ ਹੈ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਵਾਤਾਵਰਨ ਬਦਲਾਅ, ਪਾਣੀ ਦੀ ਵਧੇਰੇ ਵਰਤੋਂ ਅਤੇ ਰਸਾਇਣਾਂ ਤੇ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਖੇਤੀ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਦੇ ਮੁਕਾਬਲੇ ਦੀ ਲੋੜ ਹੈ। ਉਨ੍ਹਾਂ ਕਿਹਾ,''ਨਵੇਂ ਇਨਕਲਾਬ ਦੀ ਲੋੜ ਹੈ। ਕੁਦਰਤੀ ਖੇਤੀ ਸਮੇਂ ਦੀ ਲੋੜ ਹੈ। ਹਰੇ ਇਨਕਲਾਬ ਕਾਰਨ ਉਤਪਾਦਨ ਦੀ ਲਾਗਤ ਵਧੀ ਅਤੇ ਪਾਣੀ ਦੀ ਵਰਤੋਂ ਘਟੀ ਹੈ।'' ਵਰਕਸ਼ਾਪ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਂਦੇ ਸਾਉਣੀ ਦੇ ਸੀਜ਼ਨ 'ਚ 135 ਫਾਰਮਾਂ 'ਚ ਕੁਦਰਤੀ ਖੇਤੀ ਸ਼ੁਰੂ ਕਰੇਗੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਵਾਲੀ ਰਕਮ ਵਧਾ ਕੇ 31 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਕੀਤੀ ਜਾਵੇ। ਮੌਜੂਦਾ ਸਮੇਂ 'ਚ ਯੂਪੀ 'ਚ 542 ਅਗਾਂਹਵਧੂ ਕਿਸਾਨ 527 ਹੈਕਟੇਅਰ ਰਕਬੇ 'ਤੇ ਕੁਦਰਤੀ ਖੇਤੀ ਕਰ ਰਹੇ ਹਨ। -ਪੀਟੀਆਈ



Most Read

2024-09-20 15:53:55