Breaking News >> News >> The Tribune


ਪ੍ਰਧਾਨ ਮੰਤਰੀ ਦਾ ਸਾਂਬਾ ਦੌਰਾ ਅੱਜ


Link [2022-04-24 08:15:01]



ਨਵੀਂ ਦਿੱਲੀ, 23 ਅਪਰੈਲ

ਮੁੱਖ ਅੰਸ਼

ਪੰਚਾਇਤੀ ਰਾਜ ਦਿਵਸ ਮੌਕੇ ਪਾਲੀ 'ਚ ਰੈਲੀ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਭਲਕੇ ਜੰਮੂ ਕਸ਼ਮੀਰ 'ਚ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਜਾਣਗੇ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੋ ਖ਼ਿੱਤਿਆਂ ਨੂੰ ਜੋੜਨ ਵਾਲੇ ਬਨਿਹਾਲ-ਕਾਜ਼ੀਗੁੰਡ ਰੋਡ ਟਨਲ (ਸੁਰੰਗ) ਨੂੰ ਵੀ ਖੋਲ੍ਹਿਆ ਜਾਵੇਗਾ। ਸ੍ਰੀ ਮੋਦੀ ਵੱਲੋਂ ਕੌਮੀ ਪੰਚਾਇਤੀ ਰਾਜ ਦਿਵਸ ਦੇ ਸਮਾਗਮਾਂ ਤਹਿਤ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ ਸਾਂਬਾ ਜ਼ਿਲ੍ਹੇ ਦੀ ਪਾਲੀ ਪੰਚਾਇਤ 'ਚ ਹੋਣ ਵਾਲੀ ਰੈਲੀ ਲਈ 30 ਹਜ਼ਾਰ ਪੰਚਾਇਤ ਮੈਂਬਰਾਂ ਸਮੇਤ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਸਵਾਗਤ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ਨੂੰ ਸ੍ਰੀ ਮੋਦੀ ਵੱਲੋਂ ਸੰਬੋਧਨ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਦੇ ਭਲਕੇ ਸਾਂਬਾ ਜ਼ਿਲ੍ਹੇ ਦੀ ਪਾਲੀ ਪੰਚਾਇਤ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਜੰਮੂ ਕਸ਼ਮੀਰ 'ਚ ਸੁਰੱਖਿਆ ਦੇ ਬਹੁ-ਪਰਤੀ ਪ੍ਰਬੰਧ ਕੀਤੇ ਗਏ ਹਨ। ਜੰਮੂ ਨੇੜੇ ਸੁੰਜਵਾਂ 'ਚ ਸ਼ੁੱਕਰਵਾਰ ਨੂੰ ਹੋਏ ਮੁਕਾਬਲੇ ਮਗਰੋਂ ਵਧੇਰੇ ਚੌਕਸੀ ਰੱਖੀ ਜਾ ਰਹੀ ਹੈ। ਸੁੰਜਵਾਂ ਆਰਮੀ ਕੈਂਪ ਨੇੜੇ ਮੁਕਾਬਲੇ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਰੈੱਡ ਅਲਰਟ ਐਲਾਨ ਦਿੱਤਾ ਗਿਆ ਹੈ। ਜੈਸ਼-ਏ-ਮੁਹੰਮਦ ਦੇ ਦੋ ਫਿਦਾਈਨਾਂ ਵੱਲੋਂ ਸੀਆਈਐੱਸਐੱਫ ਦੀ ਬੱਸ 'ਤੇ ਹਮਲਾ ਕੀਤਾ ਗਿਆ ਸੀ ਜਿਸ 'ਚ ਇਕ ਅਧਿਕਾਰੀ ਸ਼ਹੀਦ ਅਤੇ 9 ਹੋਰ ਜ਼ਖ਼ਮੀ ਹੋ ਗਏ ਸਨ। ਇਸ ਮਗਰੋਂ ਮੁਕਾਬਲੇ 'ਚ ਦੋਵੇਂ ਫਿਦਾਈਨਾਂ ਨੂੰ ਮਾਰ ਮੁਕਾਇਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਸ਼ਹਿਰ ਤੋਂ 17 ਕਿਲੋਮੀਟਰ ਦੂਰ ਪਾਲੀ ਪੰਚਾਇਤ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਜੰਮੂ-ਪਠਾਨਕੋਟ ਹਾਈਵੇਅ 'ਤੇ ਕੰਬਾਇਨਾਂ ਅਤੇ ਭਾਰੀ ਵਾਹਨਾਂ ਦੇ 24 ਅਪਰੈਲ ਨੂੰ ਚੱਲਣ 'ਤੇ ਰੋਕ ਲਗਾਈ ਗਈ ਹੈ। ਉਥੇ ਪੁਲੀਸ, ਬੀਐੱਸਐੱਫ ਅਤੇ ਸੀਆਰਪੀਐੱਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਜੋ ਸਖ਼ਤ ਚੌਕਸੀ ਰੱਖ ਰਹੇ ਹਨ।ਸ੍ਰੀ ਮੋਦੀ ਵੱਲੋਂ ਮੁਲਕ ਦੇ ਹਰੇਕ ਜ਼ਿਲ੍ਹੇ 'ਚ 75 ਜਲ ਸਥਾਨਾਂ ਨੂੰ ਵਿਕਸਤ ਕਰਨ ਲਈ 'ਅੰਮ੍ਰਿਤ ਸਰੋਵਰ' ਨਾਮ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ। ਉਹ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਵੀ ਰਖਣਗੇ ਜੋ 7500 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਸ੍ਰੀ ਮੋਦੀ ਕਿਸ਼ਤਵਾੜ 'ਚ ਚਨਾਬ ਦਰਿਆ 'ਤੇ ਰਾਤਲੇ ਅਤੇ ਕਵਾਰ ਹਾਈਡਰੋਇਲੈਕਟ੍ਰਿਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰਖਣਗੇ। ਪ੍ਰਧਾਨ ਮੰਤਰੀ ਜੰਮੂ ਕਸ਼ਮੀਰ 'ਚ 100 ਜਨ ਔਸ਼ਧੀ ਕੇਂਦਰਾਂ ਦਾ ਵੀ ਉਦਘਾਟਨ ਕਰਨਗੇ। ਸ੍ਰੀ ਮੋਦੀ ਵੱਲੋਂ ਪਾਲੀ 'ਚ 500 ਕੇਡਬਲਿਊ ਸੋਲਰ ਪਾਵਰ ਪਲਾਂਟ ਦਾ ਵੀ ਉਦਘਾਟਨ ਕੀਤਾ ਜਾਵੇਗਾ ਜਿਸ ਨਾਲ ਮੁਲਕ 'ਚ ਇਹ ਪਹਿਲੀ ਪੰਚਾਇਤ ਹੋਵੇਗੀ ਜੋ ਕਾਰਬਨ ਰਹਿਤ ਹੋਵੇਗੀ। ਉਹ ਵੱਖ ਵੱਖ ਵਰਗਾਂ 'ਚ ਜੇਤੂ ਰਹੀਆਂ ਪੰਚਾਇਤਾਂ ਨੂੰ ਨਕਦ ਇਨਾਮਾਂ ਨਾਲ ਵੀ ਸਨਮਾਨਤ ਕਰਨਗੇ। ਸ੍ਰੀ ਮੋਦੀ ਸ਼ਾਮ ਨੂੰ ਮੁੰਬਈ 'ਚ ਮਾਸਟਰ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਸਮਾਗਮ 'ਚ ਹਿੱਸਾ ਲੈਣ ਲਈ ਜਾਣਗੇ। -ਪੀਟੀਆਈ

ਸੁੰਜਵਾਂ ਮੁਕਾਬਲਾ: ਦੋ ਗ੍ਰਿਫ਼ਤਾਰ; ਮਾਰੇ ਗਏ ਫਿਦਾਈਨਾਂ ਦੇ ਪਾਕਿਸਤਾਨੀ ਜਾਂ ਅਫ਼ਗਾਨੀ ਹੋਣ ਦਾ ਸ਼ੱਕ

ਜੰਮੂ: ਸੁੰਜਵਾਂ ਮੁਕਾਬਲੇ ਦੇ ਸਬੰਧ 'ਚ ਪੁਲੀਸ ਨੇ ਦੋ ਕਸ਼ਮੀਰੀ ਨਾਗਰਿਕਾਂ ਸ਼ਫੀਕ ਅਹਿਮਦ ਸ਼ੇਖ ਅਤੇ ਇਕਬਾਲ (ਕੁਲਗਾਮ) ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨ ਹੋਏ ਇਸ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਦੋ ਆਤਮਘਾਤੀ ਹਮਲਾਵਰ ਮਾਰੇ ਗਏ ਹਨ। ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਪੁਲੀਸ ਇਸ ਸਾਜ਼ਿਸ਼ 'ਚ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਦੀ ਮਦਦ ਨਾਲ ਦੋਵੇਂ ਅਤਿਵਾਦੀ ਭਾਰੀ ਹਥਿਆਰਾਂ ਨਾਲ ਸਾਂਬਾ ਆ ਸਕੇ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਇੱਕ ਵਿਅਕਤੀ ਨੇ ਦੱਸਿਆ ਕਿ ਬੀਤੇ ਦਿਨ ਮਾਰੇ ਗਏ ਅਤਿਵਾਦੀ ਪਸ਼ਤੋ ਬੋਲਦੇ ਸਨ ਅਤੇ ਇਹ ਦੋਵੇਂ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਜਾਂ ਫਿਰ ਅਫ਼ਗਾਨਿਸਤਾਨ ਦੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਫੀਕ ਅਤੇ ਉਸ ਦਾ ਭਰਾ ਇਕੋ ਫੈਕਟਰੀ 'ਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਜੈਸ਼-ਏ-ਮੁਹੰਮਦ ਨਾਲ ਸਬੰਧ ਸਨ। ਸ਼ਫੀਕ ਨੇ ਪਾਕਿਸਤਾਨ 'ਚ ਜੈਸ਼ ਦੇ ਕਮਾਂਡਰ ਨਾਲ ਸੰਪਰਕ ਬਣਾਇਆ ਅਤੇ ਉਸ ਨੂੰ ਦੱਸਿਆ ਗਿਆ ਕਿ ਕੋਕਰਨਾਗ ਦਾ ਬਿਲਾਲ ਅਹਿਮਦ ਦੋ ਫਿਦਾਈਨ ਨੂੰ ਲੈ ਕੇ ਆਵੇਗਾ ਜਿਨ੍ਹਾਂ ਨੂੰ ਉਹ ਆਪਣੇ ਘਰ 'ਚ ਪਨਾਹ ਦੇਵੇ। ਏਡੀਜੀਪੀ ਨੇ ਕਿਹਾ ਕਿ ਦੋਵੇਂ ਅਤਿਵਾਦੀਆਂ ਨੇ ਹਮਲੇ ਤੋਂ ਪਹਿਲਾਂ ਪਾਕਿਸਤਾਨ ਸਥਿਤ ਜੈਸ਼ ਕਮਾਂਡਰ ਨਾਲ ਸ਼ਫੀਕ ਦੇ ਫੋਨ 'ਤੇ ਗੱਲਬਾਤ ਵੀ ਕੀਤੀ ਸੀ। -ਪੀਟੀਆਈ

ਦੋ ਪਾਕਿਸਤਾਨੀ ਅਤਿਵਾਦੀ ਮੁਕਾਬਲੇ 'ਚ ਹਲਾਕ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਅੱਜ ਸੁਰੱਖਿਆ ਬਲਾਂ ਨਾਲ ਜਾਰੀ ਮੁਕਾਬਲੇ 'ਚ ਪਾਕਿਸਤਾਨ ਨਾਲ ਸਬੰਧਤ ਜੈਸ਼-ਏ-ਮੁਹੰਮਦ ਦੇ ਦੋ ਅਤਿਵਾਦੀ ਹਲਾਕ ਹੋ ਗਏ। ਖ਼ਬਰ ਲਿਖਣ ਤੱਕ ਮੁਕਾਬਲਾ ਚੱਲ ਰਿਹਾ ਸੀ। ਖ਼ੁਫੀਆ ਜਾਣਕਾਰੀ ਦੇ ਅਧਾਰ ਉਤੇ ਸੁਰੱਖਿਆ ਬਲਾਂ ਨੇ ਮੀਰਹਾਮਾ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸੇ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਕਾਰਵਾਈ 'ਚ ਦੋ ਅਤਿਵਾਦੀ ਮਾਰੇ ਗਏ। ਉਧਰ ਅਤਿਵਾਦੀ ਹਮਲੇ 'ਚ ਜ਼ਖ਼ਮੀ ਹੋਏ ਰੇਲਵੇ ਪੁਲੀਸ (ਆਰਪੀਐੱਫ) ਦੇ ਏਐੱਸਆਈ ਦੇਵਰਾਜ ਦੀ ਅੱਜ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਆਰਪੀਐਫ 'ਤੇ ਹਮਲਾ ਕਰਨ ਵਾਲੇ ਦੋ ਅਤਿਵਾਦੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੋਵੇਂ ਲਸ਼ਕਰ-ਏ-ਤਾਇਬਾ ਨਾਲ ਸਬੰਧਤ ਹਨ।

ਐੱਨਆਈਏ ਮੁਖੀ ਵੱਲੋਂ ਮੁਕਾਬਲੇ ਵਾਲੀ ਥਾਂ ਦਾ ਦੌਰਾ

ਜੰਮੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਮੁਖੀ ਕੁਲਦੀਪ ਸਿੰਘ ਨੇ ਅੱਜ ਜੰਮੂ 'ਚ ਸੁੰਜਵਾਂ ਇਲਾਕੇ ਦਾ ਦੌਰਾ ਕੀਤਾ ਜਿਥੇ ਜੈਸ਼-ਏ-ਮੁਹੰਮਦ ਦੇ ਦੋ ਫਿਦਾਈਨਾਂ ਨੂੰ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਮਾਰ ਮੁਕਾਇਆ ਸੀ। ਕੁਲਦੀਪ ਸਿੰਘ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਵੀ ਹਨ। ਉਨ੍ਹਾਂ ਪ੍ਰਧਾਨ ਮੰਤਰੀ ਦੀ ਸਾਂਬਾ ਜ਼ਿਲ੍ਹੇ ਦੇ ਪਾਲੀ ਪਿੰਡ 'ਚ ਰੈਲੀ ਵਾਲੀ ਥਾਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੈਲੀ ਵਾਲੀ ਥਾਂ 'ਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਵੀ ਦਿੱਤੀ। ਸੁੰਜਵਾਂ ਦਹਿਸ਼ਤੀ ਹਮਲੇ ਦੀ ਜਾਂਚ ਐੱਨਆਈਏ ਵੱਲੋਂ ਆਪਣੇ ਹੱਥਾਂ 'ਚ ਲੈਣ ਬਾਰੇ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਿਦੱਤਾ।



Most Read

2024-09-20 18:26:07