ਨਵੀਂ ਦਿੱਲੀ, 23 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜਹਾਂਗੀਰਪੁਰੀ 'ਚ ਹਾਲ ਹੀ ਵਿੱਚ ਹੋਈ ਹਿੰਸਾ ਦੇ ਮਾਮਲੇ 'ਚ ਮੁੱਖ ਮੁਲਜ਼ਮ ਮੁਹੰਮਦ ਅੰਸਾਰ ਸਮੇਤ ਹੋਰ ਮਸ਼ਕੂਕਾਂ ਖ਼ਿਲਾਫ਼ ਕਾਲੇ ਧਨ ਨੂੰ ਸਫੈਦ ਕਰਨ ਤੋਂ ਰੋਕਣ ਸਬੰਧੀ ਕਾਨੂੰਨ (ਪੀਐਮਐਲਏ) ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦਿੱਲੀ ਪੁਲੀਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਹਾਲ ਹੀ 'ਚ ਈਡੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਦੀ ਅਪੀਲ ਕੀਤੀ ਸੀ। ਉਨ੍ਹਾਂ ਇਸ ਮਾਮਲੇ 'ਚ ਦਿੱਲੀ ਪੁਲੀਸ ਦੇ ਅਧਿਕਾਰੀਆਂ ਤੋਂ ਪ੍ਰਾਪਤ ਕੀਤੇ ਗਏ ਮੁੱਢਲੇ ਤੱਥਾਂ ਤੇ ਉਨ੍ਹਾਂ ਵੱਲੋਂ ਦਰਜ ਕੀਤੀ ਗਈ ਐਫਆਈਆਰ ਦਾ ਹਵਾਲਾ ਦਿੱਤਾ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਦਰਜ ਕੀਤੀਆਂ ਗਈਆਂ ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਈਡੀ ਨੇ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਇਸ ਘਟਨਾ ਦੇ ਸਬੰਧ 'ਚ ਹੁਣ ਤੱਕ 25 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ । -ਪੀਟੀਆਈ
ਜਹਾਂਗੀਰਪੁਰੀ ਦੇ ਲੋਕ ਘਰਾਂ ਅੰਦਰ ਕੈਦ: ਟੀਐੱਮਸੀ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਦਿੱਲੀ ਦੇ ਜਹਾਂਗੀਰਪੁਰੀ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਉਹ ਪਿਛਲੇ ਹਫ਼ਤੇ ਇੱਥੇ ਹੋਈ ਹਿੰਸਾ ਮਗਰੋਂ ਲਾਈਆਂ ਪਾਬੰਦੀਆਂ ਕਾਰਨ ਪ੍ਰੇਸ਼ਾਨੀ ਝੱਲ ਰਹੇ ਹਨ। ਟੀਐੱਮਸੀ ਦੀ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਦੀ ਅਗਵਾਈ ਹੇਠ ਬੀਤੇ ਦਿਨ ਪਾਰਟੀ ਦੀ ਤੱਥ ਪੜਤਾਲ ਟੀਮ ਜਹਾਂਗੀਰਪੁਰੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ 16 ਅਪਰੈਲ ਨੂੰ ਹੋਈ ਹਿੰਸਾ ਦਾ ਕੇਂਦਰ ਰਿਹਾ ਜਹਾਂਗੀਰਪੁਰੀ ਦਾ 'ਸੀ-ਬਲਾਕ' ਇਲਾਕਾ ਪਿੰਜਰੇ ਦੀ ਤਰ੍ਹਾਂ ਹੋ ਗਿਆ ਹੈ ਜਿੱਥੇ ਲੋਕਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਵੀ ਨਹੀਂ ਮਿਲ ਰਿਹਾ। -ਪੀਟੀਆਈ
2024-11-10 17:26:17