Breaking News >> News >> The Tribune


‘ਆਪ’ ਤੋਂ ਡਰੀ ਹੋਈ ਹੈ ਭਾਜਪਾ: ਕੇਜਰੀਵਾਲ


Link [2022-04-24 08:15:01]



ਧਰਮਸ਼ਾਲਾ, 23 ਅਪਰੈਲ

ਹਿਮਾਚਲ ਪ੍ਰਦੇਸ਼ ਵਿਚ ਅੱਜ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ, 'ਆਪ' ਤੋਂ ਡਰੀ ਹੋਈ ਹੈ। ਕੇਜਰੀਵਾਲ ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ 'ਤੇ ਵਿਅੰਗ ਕਸਦਿਆਂ ਕਿਹਾ ਕਿ ਉਨ੍ਹਾਂ ਵੱਲੋਂ 125 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ ਇਸ ਡਰ ਵਿਚੋਂ ਹੀ ਨਿਕਲਿਆ ਹੈ। ਧਰਮਸ਼ਾਲਾ ਨੇੜੇ ਚੰਬੀ ਵਿਚ ਆਪਣੇ 20 ਮਿੰਟ ਦੇ ਭਾਸ਼ਣ 'ਚ 'ਆਪ' ਦੇ ਕੌਮੀ ਕਨਵੀਨਰ ਨੇ ਕਿਹਾ, 'ਮੈਨੂੰ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਵਿਚ ਵਿਧਾਨ ਸਭਾ ਚੋਣਾਂ ਤੈਅ ਸਮੇਂ ਤੋਂ ਪਹਿਲਾਂ ਹੀ ਕਰਵਾਉਣ ਦੇ ਚਾਹਵਾਨ ਹਨ।' ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਲਈ ਤਿਆਰ ਤੇ ਉਤਸ਼ਾਹਿਤ ਹੈ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਦਸੰਬਰ ਵਿਚ ਹੋਣੀਆਂ ਹਨ। 'ਆਪ' ਆਗੂ ਨੇ ਕਿਹਾ ਕਿ ਸ੍ਰੀ ਠਾਕੁਰ ਨੇ ਹਾਲ ਹੀ ਵਿਚ ਹਿਮਾਚਲੀਆਂ ਨੂੰ 125 ਯੂਨਿਟ ਬਿਜਲੀ ਦੇਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਝਿੜਕਿਆ ਤੇ ਦੁਬਾਰਾ ਅਜਿਹੀ ਪੇਸ਼ਕਸ਼ ਨਾ ਕਰਨ ਲਈ ਕਿਹਾ। ਸ਼ਾਹਪੁਰ ਹਲਕੇ ਦੇ ਚੰਬੀ ਮੈਦਾਨ ਵਿਚ ਕੇਜਰੀਵਾਲ ਨੇ ਕਿਹਾ ਕਿ ਜੇ ਭਾਜਪਾ ਲੋਕਾਂ ਨੂੰ ਅਜਿਹੀ ਰਾਹਤ ਦੇਣ ਬਾਰੇ ਗੰਭੀਰ ਹੈ ਤਾਂ ਭਾਜਪਾ ਸ਼ਾਸਿਤ ਹੋਰਨਾਂ ਸੂਬਿਆਂ- ਹਰਿਆਣਾ, ਮੱਧ ਪ੍ਰਦੇਸ਼ ਤੇ ਗੁਜਰਾਤ ਵਿਚ ਵੀ ਦੇ ਸਕਦੀ ਹੈ। ਜੈਰਾਮ ਠਾਕੁਰ ਨੇ ਹਾਲ ਹੀ ਵਿਚ ਔਰਤਾਂ ਨੂੰ ਸਰਕਾਰੀ ਬੱਸਾਂ ਦੇ ਕਿਰਾਏ ਵਿਚ ਛੋਟ ਦੇਣ ਤੇ ਪਾਣੀ ਦੇ ਬਿੱਲ ਮੁਆਫ਼ ਕਰਨ ਦਾ ਐਲਾਨ ਵੀ ਕੀਤਾ ਸੀ। ਕੇਜਰੀਵਾਲ ਦਾ ਇਕ ਮਹੀਨੇ ਵਿਚ ਹਿਮਾਚਲ ਦਾ ਇਹ ਦੂਜਾ ਦੌਰਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਸਰਕਾਰੀ ਸਕੂਲਾਂ ਦੀ ਹਾਲਤ ਦੇ ਮੁੱਦੇ ਉਤੇ ਵੀ ਨਿਸ਼ਾਨਾ ਬਣਾਇਆ। ਕੇਜਰੀਵਾਲ ਨੇ ਕਿਹਾ ਕਿ ਰਾਜ ਦੇ ਲੋਕ ਤੇ ਜੈਰਾਮ ਠਾਕੁਰ ਦਿੱਲੀ ਦੇ ਸਕੂਲ ਦੇਖਣ ਆਉਣ। 'ਆਪ' ਆਗੂ ਨੇ ਕਿਹਾ ਕਿ ਰਾਜ ਵਿਚ 30 ਸਾਲ ਕਾਂਗਰਸ ਤੇ 17 ਸਾਲ ਭਾਜਪਾ ਸਰਕਾਰ ਰਹੀ ਹੈ, ਹੁਣ ਲੋਕ ਸਿਰਫ਼ ਪੰਜ ਸਾਲ 'ਆਪ' ਨੂੰ ਮੌਕਾ ਦੇ ਕੇ ਦੇਖਣ। -ਪੀਟੀਆਈ



Most Read

2024-09-20 18:41:58