World >> The Tribune


ਯੂਕਰੇਨ ਦੇ ਜਵਾਬੀ ਹੱਲੇ ਨੇ ਰੂਸੀ ਫ਼ੌਜ ਦੀ ਚਾਲ ਮੱਠੀ ਕੀਤੀ


Link [2022-04-24 06:34:43]



ਕੀਵ, 23 ਅਪਰੈਲ

ਰੂਸ ਦੀ ਫ਼ੌਜ ਯੂਕਰੇਨ ਦੇ ਪੂਰਬ 'ਚ ਡੋਨਬਾਸ ਖੇਤਰ 'ਤੇ ਹਮਲੇ ਤੇਜ਼ ਕਰ ਰਹੀ ਹੈ ਤਾਂ ਕਿ ਦੇਸ਼ ਦਾ ਇਹ ਉਦਯੋਗਿਕ ਧੁਰਾ ਪੂਰੀ ਤਰ੍ਹਾਂ ਕਾਬੂ ਵਿਚ ਕੀਤਾ ਜਾ ਸਕੇ ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਯੂਕਰੇਨੀ ਸੈਨਿਕ ਕਰੜੀ ਟੱਕਰ ਦੇ ਰਹੇ ਹਨ ਤੇ ਰੂਸੀ ਫ਼ੌਜ ਨੂੰ ਸਖ਼ਤ ਚੁਣੌਤੀ ਮਿਲ ਰਹੀ ਹੈ। ਯੂਕਰੇਨੀ ਤੇ ਬਰਤਾਨਵੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਯੂਕਰੇਨੀ ਫ਼ੌਜ ਦੇ ਜਵਾਬੀ ਹਮਲਿਆਂ ਨੇ ਰੂਸੀ ਫ਼ੌਜ ਦੀ ਚਾਲ ਮੱਠੀ ਕਰ ਦਿੱਤੀ ਹੈ। ਰੂਸ ਦੋਨੇਤਸਕ ਤੇ ਲੁਹਾਂਸਕ ਇਲਾਕਿਆਂ ਉਤੇ ਪੂਰੇ ਕਬਜ਼ੇ ਲਈ ਲੜ ਰਿਹਾ ਹੈ ਜੋ ਕਿ ਡੋਨਬਾਸ ਖੇਤਰ ਦਾ ਹਿੱਸਾ ਹਨ। ਰੂਸ ਦਾ ਮੰਤਵ ਇਨ੍ਹਾਂ ਖੇਤਰਾਂ ਅਤੇ ਕਰੀਮੀਆ ਵਿਚਕਾਰ ਜ਼ਮੀਨੀ ਰੂਟ ਬਣਾਉਣਾ ਹੈ ਜਿਸ 'ਤੇ ਉਸ ਦਾ ਕਬਜ਼ਾ ਹੋਵੇ। ਜ਼ਿਕਰਯੋਗ ਹੈ ਕਿ ਰੂਸ ਕਰੀਮੀਆ ਉਤੇ ਪਹਿਲਾਂ ਹੀ ਕਾਬਜ਼ ਹੈ। ਵੇਰਵਿਆਂ ਮੁਤਾਬਕ ਰੂਸ ਨੇ ਸੀਰੀਆ ਤੇ ਲਿਬੀਆ ਤੋਂ ਵੀ ਆਪਣੇ ਇਕ ਲੱਖ ਫ਼ੌਜੀ ਹੁਣ ਤੱਕ ਯੂਕਰੇਨ ਸੱਦੇ ਹਨ ਤੇ ਹੋਰ ਤਾਇਨਾਤੀ ਕਰ ਰਿਹਾ ਹੈ। ਬੰਦਰਗਾਹ ਸ਼ਹਿਰ ਮਾਰਿਉਪੋਲ 'ਚੋਂ ਯੂਕਰੇਨੀ ਫ਼ੌਜ ਨੂੰ ਬਾਹਰ ਕੱਢਣ ਲਈ ਵੀ ਰੂਸੀ ਫ਼ੌਜ ਪੂਰਾ ਜ਼ੋਰ ਲਾ ਰਹੀ ਹੈ। ਜਨਰਲ ਸਟਾਫ਼ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਯੂਕਰੇਨ ਨੇ ਰੂਸ ਦੇ 9 ਟੈਂਕ, 18 ਹਥਿਆਰਬੰਦ ਯੂਨਿਟ ਤੇ 13 ਵਾਹਨ ਤਬਾਹ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰੂਸੀ ਫ਼ੌਜ ਦੀਆਂ ਯੂਨਿਟਾਂ ਮੁੜ ਤੋਂ ਇਕੱਠੀਆਂ ਹੋ ਰਹੀਆਂ ਹਨ। ਉਹ ਯੂਕਰੇਨ ਦੇ ਫ਼ੌਜੀ ਤੇ ਨਾਗਰਿਕ ਢਾਂਚੇ ਨੂੰ ਮਿਜ਼ਾਈਲਾਂ ਤੇ ਬੰਬਾਂ ਨਾਲ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੇ ਹਨ। ਲੁਹਾਂਸਕ ਪ੍ਰਸ਼ਾਸਨ ਮੁਤਾਬਕ ਅੱਜ ਦੋ ਜਣੇ ਰੂਸੀ ਗੋਲੀਬਾਰੀ ਵਿਚ ਮਾਰੇ ਗਏ ਹਨ। ਦੋਨੇਤਸਕ ਤੇ ਲੁਹਾਂਸਕ ਖੇਤਰਾਂ ਵਿਚੋਂ ਵੀ ਹੁਣ ਲੋਕਾਂ ਨੂੰ ਰੇਲਗੱਡੀਆਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ। ਇਨ੍ਹਾਂ ਨੂੰ ਸਲੋਵਾਕੀਆ ਤੇ ਹੰਗਰੀ ਨਾਲ ਲੱਗਦੀਆਂ ਸਰਹੱਦਾਂ ਤੱਕ ਪਹੁੰਚਾਇਆ ਜਾਵੇਗਾ। ਰੂਸ ਵੱਲੋਂ ਕੀਤੀ ਗਈ ਬੰਬਾਰੀ ਵਿਚ ਖਾਰਕੀਵ ਖਿੱਤੇ 'ਚ ਤਿੰਨ ਲੋਕ ਮਾਰੇ ਗਏ ਹਨ ਤੇ 7 ਫੱਟੜ ਹੋ ਗਏ ਹਨ। -ਏਪੀ

ਗੁਟੇਰੇਜ਼ ਦੀ ਪੂਤਿਨ ਨਾਲ ਮੁਲਾਕਾਤ ਅਗਲੇ ਹਫ਼ਤੇ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਅਗਲੇ ਹਫ਼ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਨਗੇ। ਯੂਕਰੇਨ ਵਿਚ ਜੰਗ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਕੂਟਨੀਤਕਾਂ ਕੋਸ਼ਿਸ਼ਾਂ ਹੋ ਰਹੀਆਂ ਹਨ। ਗੁਟੇਰੇਜ਼ 26 ਨੂੰ ਮਾਸਕੋ ਜਾਣਗੇ ਤੇ ਪੂਤਿਨ ਤੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੂੰ ਮਿਲਣਗੇ। ਦੱਸਣਯੋਗ ਹੈ ਕਿ ਜੰਗ ਕਾਰਨ ਹੁਣ ਤੱਕ 50 ਲੱਖ ਤੋਂ ਵੱਧ ਲੋਕ ਯੂਕਰੇਨ ਛੱਡਣ ਲਈ ਮਜਬੂਰ ਹੋਏ ਹਨ। -ਏਪੀ

ਰੂਸ ਨੂੰ ਹਮਾਇਤ ਦੇਣ ਲਈ ਅਮਰੀਕਾ ਵੱਲੋਂ ਚੀਨ ਨੂੰ ਚਿਤਾਵਨੀ

ਬ੍ਰਸਲਜ਼: ਅਮਰੀਕੀ ਵਿਦੇਸ਼ ਉਪ ਮੰਤਰੀ ਵੈਂਡੀ ਸ਼ਰਮਨ ਨੇ ਰੂਸ ਨੂੰ ਸਮੱਗਰੀ ਦੇਣ ਲਈ ਚੀਨ ਨੂੰ ਚਿਤਾਵਨੀ ਦਿੱਤੀ ਹੈ। ਬ੍ਰਸਲਜ਼ 'ਚ ਚੀਨ ਬਾਰੇ ਈਯੂ-ਯੂਐੱਸ ਵਾਰਤਾ ਤੋਂ ਪਹਿਲਾਂ ਉਨ੍ਹਾਂ ਚੀਨ ਨੂੰ ਕਿਹਾ ਕਿ ਉਹ ਮਾਸਕੋ 'ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਕੁਝ ਸਬਕ ਲਵੇ। ਉਨ੍ਹਾਂ ਕਿਹਾ ਕਿ ਚੀਨ ਨੇ ਰੂਸ ਵੱਲੋਂ ਕੀਤੇ ਜਾ ਰਹੇ ਜੰਗੀ ਅਪਰਾਧਾਂ ਦੀ ਨਿਖੇਧੀ ਨਹੀਂ ਕੀਤੀ ਅਤੇ ਰੂਸ ਨੂੰ ਮਨੁੱਖੀ ਅਧਿਕਾਰ ਪਰਿਸ਼ਦ 'ਚੋਂ ਹਟਾਉਣ ਦੇ ਮਤੇ ਖ਼ਿਲਾਫ਼ ਵੀ ਵੋਟ ਪਾਈ ਸੀ। -ਪੀਟੀਆਈ



Most Read

2024-09-20 06:53:50