World >> The Tribune


ਅਤਿਵਾਦੀਆਂ ਵੱਲੋਂ ਪਾਕਿਸਤਾਨੀ ਚੌਕੀ ’ਤੇ ਗੋਲੀਬਾਰੀ, ਤਿੰਨ ਜਵਾਨ ਹਲਾਕ


Link [2022-04-24 06:34:43]



ਇਸਲਾਮਾਬਾਦ, 23 ਅਪਰੈਲ

ਪਾਕਿਸਤਾਨੀ ਫ਼ੌਜ ਨੇ ਅੱਜ ਕਿਹਾ ਕਿ ਅਤਿਵਾਦੀਆਂ ਵੱਲੋਂ ਅਫ਼ਗਾਨਿਸਤਾਨ ਵਿੱਚ ਸਰਹੱਦ ਪਾਰ ਤੋਂ ਉਨ੍ਹਾਂ ਦੀਆਂ ਫ਼ੌਜੀ ਚੌਕੀਆਂ 'ਤੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਲਗਪਗ ਤਿੰਨ ਜਵਾਨ ਮਾਰੇ ਗਏ। ਫ਼ੌਜ ਨੇ ਬਿਆਨ ਵਿੱਚ ਕਿਹਾ ਕਿ ਉਤਰੀ ਵਜ਼ੀਰਿਸਤਾਨ ਦੇ ਦੇਵਾਗਰ ਖੇਤਰ ਵਿੱਚ ਅਤਿਵਾਦੀਆਂ ਨੇ ਅਫ਼ਗਾਨਿਸਤਾਨ ਵਿੱਚ ਸਰਹੱਦ ਪਾਰ ਤੋਂ ਗੋਲੀਬਾਰੀ ਕੀਤੀ, ਜਿਸ ਦਾ ਪਾਕਿਸਤਾਨੀ ਫ਼ੌਜੀਆਂ ਨੇ ਮੂੰਹ-ਤੋੜ ਜਵਾਬ ਦਿੱਤਾ।

ਬਿਆਨ ਵਿੱਚ ਕਿਹਾ ਗਿਆ ਹੈ, ''ਭਰੋਸੇਯੋਗ ਖ਼ੁਫ਼ੀਆ ਰਿਪੋਰਟਾਂ ਮੁਤਾਬਕ, ਸਾਡੀ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਅਤਿਵਾਦੀਆਂ ਨੂੰ ਵੀ ਤਕੜਾ ਨੁਕਸਾਨ ਪੁੱਜਾ ਹੈ।'' ਇਸ ਵਿੱਚ ਕਿਹਾ ਗਿਆ ਹੈ, ''ਪਾਕਿਸਤਾਨ ਨੇ ਅਤਿਵਾਦੀਆਂ ਵੱਲੋਂ ਪਾਕਿਸਤਾਨ ਖ਼ਿਲਾਫ਼ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਅਫ਼ਗਾਨ ਧਰਤੀ ਦੀ ਵਰਤੋਂ ਕਰਨ ਦੀ ਨਿਖੇਧੀ ਕੀਤੀ ਹੈ ਅਤੇ ਉਮੀਦ ਕੀਤੀ ਹੈ ਕਿ ਅਫ਼ਗਾਨ ਸਰਕਾਰ ਭਵਿੱਖ ਵਿੱਚ ਅਜਿਹੀਆਂ ਸਰਗਰਮੀਆਂ ਚਲਾਉਣ ਦੀ ਇਜਾਜ਼ਤ ਨਹੀਂ ਦੇਵੇਗੀ।'' ਕਿਸੇ ਅਤਿਵਾਦੀ ਜਥੇਬੰਦੀ ਨੇ ਹਾਲੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਪਿਛਲੇ ਦੋ ਮਹੀਨਿਆਂ ਦੌਰਾਨ ਇਸ ਖੇਤਰ ਵਿੱਚ ਇਸ ਤਰ੍ਹਾਂ ਦੇ ਹਮਲੇ ਵਧੇ ਹਨ। 'ਦਿ ਡਾਅਨ' ਅਖ਼ਬਾਰ ਵੱਲੋਂ ਪਾਕਿਸਤਾਨੀ ਵਿਦੇਸ਼ੀ ਮੰਤਰੀ ਦੇ ਹਵਾਲੇ ਨਾਲ ਦਿੱਤੀ ਗਈ ਰਿਪੋਰਟ ਮੁਤਾਬਕ, ਇਸ ਮਹੀਨੇ ਦੇ ਸ਼ੁਰੂ ਵਿੱਚ ਉਤਰੀ ਵਜ਼ੀਰਿਸਤਾਨ ਦੀ ਦਾਤਾਖੇਲ ਤਹਿਸੀਲ ਵਿੱਚ ਅਤਿਵਾਦੀਆਂ ਵੱਲੋਂ ਵਾਹਨ 'ਤੇ ਘਾਤ ਲਾ ਕੇ ਕੀਤੇ ਹਮਲੇ ਵਿੱਚ ਸੱਤ ਪਾਕਿਸਤਾਨੀ ਫ਼ੌਜੀ ਮਾਰੇ ਗਏ ਸਨ। -ਪੀਟੀਆਈ



Most Read

2024-09-20 06:58:10