World >> The Tribune


ਰੂਸ ਵੱਲੋਂ ਅਜ਼ੋਵਸਟਲ ਸਟੀਲ ਪਲਾਂਟ ’ਤੇ ਹਮਲੇ ਜਾਰੀ


Link [2022-04-23 06:54:55]



ਲਵੀਵ/ਵਾਸ਼ਿੰਗਟਨ, 22 ਅਪਰੈਲ

ਰੂਸੀ ਬਲਾਂ ਵੱਲੋਂ ਮਾਰੀਓਪੋਲ ਸਥਿਤ ਇੱਕ ਵੱਡੇ ਸਟੀਲ ਪਲਾਂਟ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਜਿੱਥੇ ਯੂਕਰੇਨ ਦੇ ਲੱਗਪਗ 2,000 ਸੈਨਿਕ ਡਟੇ ਹੋਏ ਹਨ। ਇਹ ਖੁਲਾਸਾ ਸ਼ਹਿਰ ਦੇ ਅਧਿਕਾਰੀ ਨੇ ਕੀਤਾ ਹੈ। ਮਾਰੀਓਪੋਲ ਦੇ ਮੇਅਰ ਦੇ ਸਲਾਹਕਾਰ ਪੈਟਰੋ ਐਂਡਰੀਸ਼ਚੈਂਕੋ ਨੇ ਅੱਜ ਦੱਸਿਆ, ''ਉਨ੍ਹਾਂ ਵੱਲੋਂ ਨਾਗਰਿਕਾਂ ਨੂੰ ਨੁਕਸਾਨ ਨਾ ਪਹੁੰਚਾਉਣ ਦੇ ਵਾਅਦਿਆਂ ਦੇ ਬਾਵਜੂਦ ਅਜ਼ੋਵਸਟਲ 'ਤੇ ਰੋਜ਼ਾਨਾ ਬੰਬ ਸੁੱਟੇ ਜਾ ਰਹੇ ਹਨ।'' ਪੈਟਰੋ ਨੇ ਕਿਹਾ, ''ਲੜਾਈ, ਗੋਲਾਬਾਰੀ, ਬੰਬਾਰੀ ਬੰਦ ਨਹੀਂ ਕੀਤੀ ਜਾ ਰਹੀ।'' ਅਜ਼ੋਵਸਟਲ ਪਲਾਂਟ ਮਾਰੀਓਪੋਲ ਵਿੱਚ ਯੂਕਰੇਨੀ ਬਲਾਂ ਦਾ ਮਜ਼ਬੂਤ ਗੜ੍ਹ ਹੈ। ਯੂਕਰੇਨੀ ਅਧਿਕਾਰੀਆਂ ਮੁਤਾਬਕ ਪਲਾਂਟ ਅੰਦਰ ਸੈਨਿਕਾਂ ਨਾਲ ਲੱਗਪਗ 1,000 ਨਾਗਰਿਕ ਵੀ ਮੌਜੂਦ ਹਨ।

ਦੂਜੇ ਪਾਸੇ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਕਿਹਾ ਕਿ ਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਮਾਰੀਓਪੋਲ 'ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕੀਤੇ ਜਾਣ ਬਾਵਜੂਦ ਯੂਕਰੇਨੀ ਸੈਨਿਕ ਹਾਲੇ ਵੀ ਇਸ ਦੱਖਣੀ ਸ਼ਹਿਰ ਵਿੱਚ ਰੂਸੀ ਬਲਾਂ ਦਾ ਮੁਕਾਬਲਾ ਕਰ ਰਹੇ ਹਨ। ਕਿਰਬੀ ਨੇ ਕਿਹਾ ਕਿ ਇਹ 'ਸਪੱਸ਼ਟ' ਨਹੀਂ ਹੈ ਕਿ ਪੂਤਿਨ ਨੇ ਇਹ ਕਿਉਂ ਕੀਤਾ ਅਤੇ ਪੂਤਿਨ ਦੇ ਸ਼ਬਦਾਂ ਨੂੰ 'ਸ਼ੱਕੀ ਨਿਗ੍ਹਾ' ਨਾਲ ਦੇਖੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ, ''ਮੇਰੇ ਖਿਆਲ ਮੁਤਾਬਕ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸਲ ਵਿੱਚ ਰੂਸੀ ਇੱਥੇ ਕੀ ਕਰਦੇ ਹਨ। ਮਾਰੀਓਪੋਲ ਵਿੱਚ ਹਾਲੇ ਵੀ ਮੁਕਾਬਲਾ ਚੱਲ ਰਿਹਾ ਹੈ ਅਤੇ ਇਸ 'ਤੇ ਰੂਸੀਆਂ ਦਾ ਕਬਜ਼ਾ ਨਹੀਂ ਹੋਇਆ। ਯੂਕਰੇਨ ਵੱਲੋਂ ਉੱਥੇ ਵਿਰੋਧ ਕੀਤਾ ਜਾ ਰਿਹਾ ਹੈ।'' -ਏਪੀ

ਮਾਰੀਓਪੋਲ 'ਚ ਸੰਭਾਵਿਤ ਸਮੂਹਿਕ ਕਬਰਾਂ ਦਾ ਪਤਾ ਲੱਗਿਆ

ਕੀਵ: ਸੈਟੇਲਾਈਟ ਤਸਵੀਰਾਂ ਵਿੱਚ ਜੰਗ ਪ੍ਰਭਾਵਿਤ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਨੇੜੇ ਸਮੂਹਿਕ ਕਬਰਾਂ ਦਿਖਾਈ ਦੇ ਰਹੀਆਂ ਹਨ। ਇਹ ਤਸਵੀਰਾਂ ਨੂੰ ਵੀਰਵਾਰ ਨੂੰ ਜਾਰੀ ਕੀਤੀਆਂ ਗਈਆਂ ਸਨ। 'ਮੈਕਸਰ ਟੈਕਨਾਲੋਜੀਜ਼' ਵੱਲੋਂ ਜਾਰੀ ਨਵੀਂਆਂ ਸੈਟੇਲਾਈਟ ਤਸਵੀਰਾਂ ਵਿੱਚ ਮਾਰੀਓਪੋਲ ਨੇੜੇ ਕਸਬੇ ਵਿੱਚ 200 ਤੋਂ ਵੱਧ ਕਬਰਾਂ ਦਿਖਾਈ ਦੇ ਰਹੀਆਂ ਹਨ। ਇਸ ਦੇ ਕੁਝ ਘੰਟਿਆਂ ਮਗਰੋਂ ਹੀ ਮਾਰੀਓਪੋਲ ਦੇ ਸਥਾਨਕ ਅਧਿਕਾਰੀਆਂ ਨੇ ਰੂਸ 'ਤੇ ਇੱਥੇ ਯੂੁਕਰੇਨ ਦੇ ਨਾਗਰਿਕਾਂ ਨੂੰ ਸਮੂਹਿਕ ਕਬਰਾਂ ਵਿੱਚ ਦਫਨਾਉਣ ਦਾ ਦੋਸ਼ ਲਾਇਆ ਹੈ। ਪੈਟਰੋ ਐਂਡਰੀਸ਼ਚੈਂਕੋ ਨੇ ਕਿਹਾ ਕਿ ਸਥਾਨਕ ਲੋਕਾਂ ਤੋਂ ਰਿਪੋਰਟਾਂ ਮਿਲੀਆਂ ਹਨ ਕਿ ਰੂਸੀ ਬਲ ਦੋ ਥਾਵਾਂ 'ਤੇ 'ਮੋਬਾਈਲ ਸਮਸ਼ਾਨਘਾਟ' ਦੀ ਵਰਤੋਂ ਕਰ ਰਹੇ ਹਨ। -ਏਪੀ



Most Read

2024-09-20 07:05:21