World >> The Tribune


ਰਾਮਬੁਕਾਨਾ ਹਿੰਸਾ ਬਾਰੇ ਮੀਟਿੰਗ ’ਚ ਸ਼ਾਮਲ ਨਾ ਹੋ ਕੇ ਗ਼ਲਤੀ ਕੀਤੀ: ਰਾਜਪਕਸੇ


Link [2022-04-23 06:54:55]



ਕੋਲੰਬੋ/ਰਾਮਬੁਕਾਨਾ, 22 ਅਪਰੈਲ

ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਅੱਜ ਮੰਨਿਆ ਕਿ ਉਨ੍ਹਾਂ ਰਾਮਬੁਕਾਨਾ ਦੇ ਦੱਖਣ-ਪੱਛਮੀ ਇਲਾਕੇ ਜਿੱਥੇ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ 'ਤੇ ਪੁਲੀਸ ਵੱਲੋਂ ਚਲਾਈ ਗਈ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਬਾਰੇ ਕੌਮੀ ਸੁਰੱਖਿਆ ਕੌਂਸਲ (ਐੱਨਐੱਸਸੀ) ਦੀ ਮੀਟਿੰਗ 'ਚ ਸ਼ਾਮਲ ਨਾ ਹੋ ਕੇ ਗਲਤੀ ਕੀਤੀ ਹੈ। ਇੱਥੇ ਲੋਕ ਵਧਦੀਆਂ ਤੇਲ ਕੀਮਤਾਂ ਖ਼ਿਲਾਫ਼ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਆਗੂ ਸਜੀਤ ਪ੍ਰੇਮਾਦਾਸ ਪ੍ਰਧਾਨ ਮੰਤਰੀ ਨੂੰ ਐੱਨਐੱਸਸੀ ਦੀ ਮੀਟਿੰਗ ਲਈ ਨਾ ਸੱਦਣ 'ਤੇ ਸਰਕਾਰ ਦੀ ਆਲੋਚਨਾ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਸੰਸਦ ਨੂੰ ਦੱਸਿਆ, 'ਮੈਨੂੰ ਸੱਦਿਆ ਗਿਆ ਸੀ ਪਰ ਮੈਂ ਆ ਨਹੀਂ ਸਕਿਆ। ਇਹ ਮੇਰੀ ਗਲਤੀ ਹੈ। ਮੈਨੂੰ ਪੂਰੀ ਪ੍ਰਕਿਰਿਆ ਬਾਰੇ ਸ਼ਾਮ ਨੂੰ ਜਾਣੂ ਕਰਵਾਇਆ ਗਿਆ।' ਪ੍ਰਧਾਨ ਮੰਤਰੀ ਦੇ ਭਰਾ ਗੋਟਬਾਯਾ ਰਾਜਪਕਸੇ ਦੀ ਅਗਵਾਈ ਹੇਠਲੀ ਸਰਕਾਰ ਇਸ ਸਮੇਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਰਾਮਬੁਕਾਨਾ 'ਚ ਹਿੰਸਾ ਦੌਰਾਨ 41 ਸਾਲਾ ਚਮਿੰਡਾ ਲਕਸ਼ਨ ਦੀ ਮੌਤ ਹੋ ਗਈ ਸੀ ਜਦਕਿ 13 ਵਿਅਕਤੀ ਜ਼ਖ਼ਮੀ ਹੋਏ ਸਨ। ਇਸੇ ਦੌਰਾਨ ਸ੍ਰੀਲੰਕਾ ਪੁਲੀਸ ਨੇ ਇਸ ਘਟਨਾ ਦੇ ਸਬੰਧ 'ਚ ਆਪਣੇ ਆਪਣੇ ਤਿੰਨ ਉੱਚ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਘਟਨਾ ਦੀ ਜਾਂਚ ਕਰਕੇ ਤਿੰਨ ਦਿਨ 'ਚ ਰਿਪੋਰਟ ਦੇਣ ਲਈ ਵਿਸ਼ੇਸ਼ ਟੀਮ ਕਾਇਮ ਕੀਤੀ ਗਈ ਸੀ। ਪੁਲੀਸ ਦੇ ਬੁਲਾਰੇ ਐਸਐਸਪੀ ਨਿਹਾਲ ਥਾਲਦੁਆ ਨੇ ਕਿਹਾ ਕਿ ਪੁਲੀਸ ਦੇ ਆਈਜੀ ਵਿਕਰਮਰਤਨੇ ਨੇ ਸੀਆਈਡੀ ਨੂੰ ਜਾਂਚ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੀਆਈਡੀ ਮਾਮਲੇ ਦੀ ਨਿਰਪੱਖ ਜਾਂਚ ਕਰੇਗੀ। ਹਿੰਸਾ 'ਚ ਜਾਨ ਗੁਆਉਣ ਵਾਲੇ 41 ਸਾਲਾ ਚਮਿੰਡਾ ਲਕਸ਼ਣ ਦਾ ਸਸਕਾਰ ਭਲਕੇ ਕੀਤਾ ਜਾਵੇਗਾ। -ਪੀਟੀਆਈ

ਭਾਰਤ ਨੇ ਸ੍ਰੀਲੰਕਾ ਲਈ ਮੁਦਰਾ ਅਦਲਾ-ਬਦਲੀ ਸਹੂਲਤ ਦੀ ਮਿਆਦ ਵਧਾਈ

ਕੋਲੰਬੋ: ਭਾਰਤ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਲਈ 40 ਕਰੋੜ ਡਾਲਰ ਦੀ ਮੁਦਰਾ ਅਦਲਾ-ਬਦਲੀ ਸਹੂਲਤ ਦੀ ਮਿਆਦ ਵਧਾ ਦਿੱਤੀ ਹੈ। ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਦੀ ਅਗਵਾਈ ਵਾਲੀ ਸਰਕਾਰ ਨੇ 12 ਅਪਰੈਲ ਨੂੰ ਆਰਜ਼ੀ ਤੌਰ 'ਤੇ ਵੱਖ ਵੱਖ ਕਰਜ਼ਿਆਂ ਦੀ ਅਦਾਇਗੀ ਮੁਅੱਤਲ ਕਰ ਦਿੱਤੀ ਸੀ। ਉਸ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸ੍ਰੀਲੰਕਾ ਲਈ ਕਰਜ਼ਾ ਸਹੂਲਤ ਅੱਗੇ ਵਧਾਈ ਗਈ ਹੈ। ਸ੍ਰੀਲੰਕਾ ਨੇ ਕਿਹਾ ਸੀ ਕਿ ਉਸ ਆਈਐੱਮਐੱਫ ਨਾਲ ਸਮਝੌਤਾ ਹੋਣ ਤੱਕ ਕੋਈ ਵੀ ਕੌਮਾਂਤਰੀ ਕਰਜ਼ਾ ਨਹੀਂ ਚੁਕਾ ਸਕੇਗਾ। ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, 'ਸ੍ਰੀਲੰਕਾ ਨੂੰ ਭਾਰਤ ਵੱਲੋਂ ਲਗਾਤਾਰ ਤੇ ਹਰ ਤਰ੍ਹਾਂ ਦੀ ਹਮਾਇਤ ਜਾਰੀ ਹੈ। -ਪੀਟੀਆਈ



Most Read

2024-09-20 06:49:50