Breaking News >> News >> The Tribune


ਭਾਰਤ-ਬਰਤਾਨੀਆ ਵੱਲੋਂ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਛੋਹਾਂ


Link [2022-04-23 06:15:52]



ਨਵੀਂ ਦਿੱਲੀ, 22 ਅਪਰੈਲ

ਤੇਜ਼ੀ ਨਾਲ ਬਦਲ ਰਹੇ ਭੂ-ਸਿਆਸੀ ਹਾਲਾਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਨੇ ਨਵੀਂ ਅਤੇ ਮੋਕਲੀ ਭਾਰਤ-ਯੂਕੇ ਰੱਖਿਆ ਭਾਈਵਾਲੀ ਲਈ ਸਹਿਮਤੀ ਦਿੱਤੀ ਹੈ। ਦੋਵਾਂ ਆਗੂਆਂ ਨੇ ਸਾਲ ਦੇ ਅਖੀਰ ਤੱਕ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਸਹੀਬੰਦ ਕਰਨ ਦਾ ਸੰਕਲਪ ਵੀ ਦੁਹਰਾਇਆ। ਦੋਵਾਂ ਧਿਰਾਂ ਨੇ ਵਣਜ ਤੇ ਅਰਥਚਾਰੇ, ਰੱਖਿਆ ਤੇ ਸੁਰੱਖਿਆ, ਵਾਤਾਵਰਨ ਤਬਦੀਲੀ ਸਣੇ ਹੋਰ ਕਈ ਖੇਤਰਾਂ ਵਿੱਚ ਰਿਸ਼ਤਿਆਂ ਦਾ ਘੇਰਾ ਵਧਾਉਣ ਲਈ 10 ਸਾਲਾ ਰੋਡਮੈਡ ਅਪਣਾਉਣ ਦੀ ਸਹਿਮਤੀ ਦਿੱਤੀ। ਜੌਹਨਸਨ ਨੇ ਦੋਵਾਂ ਮੁਲਕਾਂ ਦੀ ਸਾਂਝ ਦੀਆਂ ਸਿਫ਼ਤਾਂ ਕੀਤੀਆਂ। ਆਪਣੀ ਦੋ ਰੋਜ਼ਾ ਭਾਰਤ ਫੇਰੀ ਦੇ ਆਖਰੀ ਦਿਨ ਬਰਤਾਨਵੀ ਪ੍ਰਧਾਨ ਮੰਤਰੀ ਨੇ ਅੱਜ ਇੱਥੇ ਹੈਦਰਾਬਾਦ ਹਾਊਸ 'ਚ ਸ੍ਰੀ ਮੋਦੀ ਨਾਲ ਵੱਖ ਵੱਖ ਮੁੱਦਿਆਂ 'ਤੇ ਤਫ਼ਸੀਲ ਵਿੱਚ ਗੱਲਬਾਤ ਕੀਤੀ। ਜੌਹਨਸਨ ਨੇ ਕਿਹਾ ਕਿ ਯੂਕੇ ਵੱਲੋਂ ਭਾਰਤ ਲਈ ਓਪਨ ਜਨਰਲ ਐਕਸਪੋਰਟ ਲਾਇਸੈਂਸ (ਓਜੀਈਐੱਲ) ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਰੱਖਿਆ ਖਰੀਦ ਵਿੱਚ 'ਅਫ਼ਸਰਸ਼ਾਹੀ ਨਾਲ ਜੁੜੇ ਅੜਿੱਕੇ ਤੇ ਡਲਿਵਰੀ ਦਾ ਸਮਾਂ' ਘਟਾਉਣ ਵਿੱਚ ਮਦਦ ਮਿਲੇਗੀ। ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਜਲ, ਥਲ, ਹਵਾ ਤੇ ਸਾਈਬਰ ਕਾਰਜ-ਖੇਤਰਾਂ 'ਚ ਦਰਪੇਸ਼ ਨਵੀਆਂ ਚੁੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਦਿੱਤੀ। ਜੌਹਨਸਨ ਨੇ ਕਿਹਾ ਕਿ ਯੂਕੇ ਨਵੀਂ ਲੜਾਕੂ ਜੈੱਟ ਤਕਨੀਕ ਤੇ ਸਾਗਰੀ ਫਰੰਟ 'ਤੇ ਮੌਜੂਦਾ ਖਤਰਿਆਂ ਨਾਲ ਸਿੱਝਣ ਲਈ ਭਾਰਤ ਨਾਲ ਭਾਈਵਾਲੀ ਪਾਏਗਾ। ਉਨ੍ਹਾਂ ਕਿਹਾ, ''ਅੱਜ ਅਸੀਂ ਨਵੀਂ ਤੇ ਵਿਆਪਕ ਰੱਖਿਆ ਤੇ ਸੁਰੱਖਿਆ ਭਾਈਵਾਲੀ ਅਤੇ ਦਹਾਕਿਆਂ ਪੁਰਾਣੀ ਆਪਣੀ ਵਚਨਬੱਧਤਾ ਕਿ ਅਸੀਂ ਨਾ ਸਿਰਫ਼ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਾਂਗੇ ਬਲਕਿ ਨਰੇਂਦਰ (ਮੋਦੀ) ਦੇ (ਰੱਖਿਆ ਖੇਤਰ ਵਿੱਚ) ਮੇਕ ਇਨ ਇੰਡੀਆ ਦੇ ਟੀਚੇ ਨੂੰ ਵੀ ਪੂਰਾ ਕਰਾਂਗੇ।'' ਮੁਕਤ ਵਪਾਰ ਸਮਝੌਤੇ (ਐੱਫਟੀਏ) ਦਾ ਹਵਾਲਾ ਦਿੰਦਿਆਂ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਦੋਵਾਂ ਧਿਰਾਂ ਦੇ ਵਾਰਤਾਕਾਰ ਅਕਤੂਬਰ ਵਿੱਚ ਦੀਵਾਲੀ ਤੋਂ ਪਹਿਲਾਂ ਸਮਝੌਤਾ ਸਹੀਬੰਦ ਕਰ ਲੈਣ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਫਟੀਏ ਦਾ ਜ਼ਿਕਰ ਕਰਦੇ ਹੋੲੋ ਕਿਹਾ ਕਿ ਮੁਕਤ ਵਪਾਰ ਸਮਝੌਤੇੇ ਨੂੰ ਲੈ ਕੇ 'ਸਾਕਾਰਾਤਮਕ ਪੇਸ਼ਕਦਮੀ' ਹੋਈ ਹੈ ਤੇ ਦੋਵਾਂ ਧਿਰਾਂ ਨੇ ਇਸ ਸਾਲ ਦੇ ਅਖੀਰ ਤੱਕ ਸਮਝੌਤਾ ਸਿਰੇ ਚਾੜ੍ਹਨ ਲਈ ਆਪਣਾ ਬਿਹਤਰੀਨ ਦੇਣ ਦਾ ਫੈਸਲਾ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ, ''ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਨੇ ਯੂਏਈ ਤੇ ਆਸਟਰੇਲੀਆ ਨਾਲ ਮੁਕਤ ਵਪਾਰ ਸਮਝੌਤੇ ਸਿਰੇ ਚਾੜੇ ਹਨ। ਅਸੀਂ ਉਸੇ ਰਫ਼ਤਾਰ ਤੇ ਉਸੇ ਵਚਨਬੱਧਤਾ ਨਾਲ ਯੂਕੇ ਨਾਲ ਮਿਲ ਕੇ ਐੱਫਟੀਏ ਵੱਲ ਅੱਗੇ ਵਧਣਾ ਚਾਹਾਂਗੇ।'' ਉਨ੍ਹਾਂ ਕਿਹਾ, ''ਅਸੀਂ ਰੱਖਿਆ ਸੈਕਟਰ ਵਿਹ ਸਹਿਯੋਗ ਵਧਾਉਣ 'ਤੇ ਵੀ ਸਹਿਮਤੀ ਦਿੱਤੀ ਹੈ। ਅਸੀਂ ਰੱਖਿਆ ਸੈਕਟਰ ਵਿੱਚ ਭਾਰਤ ਨੂੰ ਨਿਰਮਾਣ, ਤਕਨਾਲੋਜੀ, ਡਿਜ਼ਾਈਨ ਤੇ ਵਿਕਾਸ ਵਿਚ 'ਆਤਮ ਨਿਰਭਰ' ਬਣਾਉਣ ਲਈ ਯੂਕੇ ਵੱਲੋਂ ਦਿੱਤੀ ਜਾਣ ਵਾਲੀ ਹਮਾਇਤ ਦਾ ਸਵਾਗਤ ਕਰਦੇ ਹਾਂ।''

ਰਾਸ਼ਟਰਪਤੀ ਭਵਨ 'ਚ ਗਾਰਡ ਆਫ਼ ਆਨਰ ਦਾ ਨਿਰੀਖਣ ਕਰਦੇ ਹੋਏ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ। -ਫੋਟੋ: ਮੁਕੇਸ਼ ਅਗਰਵਾਲ

ਯੂਕਰੇਨ ਸੰਕਟ ਬਾਰੇ ਗੱਲ ਕਰਦਿਆਂ ਸ੍ਰੀ ਮੋਦੀ ਨੇ ਫੌਰੀ ਗੋਲੀਬੰਦੀ ਅਤੇ ਮਸਲੇ ਨੂੰ ਸੰਵਾਦ ਤੇ ਕੂਟਨੀਤੀ ਜ਼ਰੀਏ ਸੁਲਝਾਉਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ''ਅਸੀਂ ਸਾਰੇ ਦੇਸ਼ਾਂ ਦੀ ਪ੍ਰਾਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਦੇ ਸਤਿਕਾਰ ਦੀ ਅਹਿਮੀਅਤ 'ਤੇ ਜ਼ੋਰ ਦਿੰਦੇ ਹਾਂ।'' ਭਾਰਤ-ਪ੍ਰਸ਼ਾਂਤ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਖੇਤਰ ਵਿੱਚ ਮੁਕਤ, ਖੁੱਲ੍ਹਾ ਤੇ ਸੰਮਲਿਤ ਤੇ ਨਿਯਮਾਂ ਅਧਾਰਿਤ ਹੁਕਮਾਂ ਦੀ ਪਾਲਣਾ 'ਤੇ ਜ਼ੋਰ ਦਿੱੱਤਾ। ਉਨ੍ਹਾਂ ਕਿਹਾ ਕਿ ਯੂਕੇ ਦੇ ਭਾਰਤ-ਪ੍ਰਸ਼ਾਂਤ ਸਾਗਰੀ ਪਹਿਲਕਦਮੀ ਵਿੱਚ ਸ਼ਾਮਲ ਹੋਣ ਦੇ ਫੈਸਲੇ ਦਾ ਭਾਰਤ ਸਵਾਗਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਮਨ, ਸਥਿਰ ਤੇ ਸੁਰੱਖਿਅਤ ਅਫ਼ਗ਼ਾਨਿਸਤਾਨ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਫ਼ਗ਼ਾਨ ਖੇਤਰ ਨੂੰ ਹੋਰਨਾਂ ਮੁਲਕਾਂ ਵਿੱਚ ਦਹਿਸ਼ਤਵਾਦ ਦੇ ਪ੍ਰਚਾਰ ਪਾਸਾਰ ਲਈ ਨਾ ਵਰਤਿਆ ਜਾਵੇ।

ਗੱਲਬਾਤ ਦੌਰਾਨ ਮੋਦੀ ਤੇ ਜੌਹਨਸਨ ਨੇ ਸਾਫ਼ ਤੇ ਨਵਿਆਉਣਯੋਗ ਊਰਜਾ ਵਿੱਚ ਨਵੇਂ ਸਹਿਯੋਗ ਬਾਰੇ ਵੀ ਵਿਚਾਰ ਚਰਚਾ ਕੀਤੀ। ਦੋਵਾਂ ਧਿਰਾਂ ਨੇ ਕੋਪ26 ਵਿੱਚ ਐਲਾਨ ਕੀਤੇ ਟੀਚਿਆਂ ਦੀ ਪ੍ਰਾਪਤੀ ਲਈ ਵਰਚੁਅਲ ਹਾਈਡਰੋਜਨ ਸਾਇੰਸ ਤੇ ਇਨੋਵੇਸ਼ਨ ਹੱਬ ਵੀ ਲਾਂਚ ਕੀਤੀ। -ਪੀਟੀਆਈ

ਜਦੋਂ ਜੌਹਨਸਨ ਨੇ 'ਖਾਸ ਦੋਸਤ' ਨੂੰ 'ਨਰੇਂਦਰ' ਕਹਿ ਕੇ ਸੱਦਿਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਵਿਚਾਲੇ ਮਿਲਾਪੜਾਪਣ ਅੱਜ ਉਦੋਂ ਪ੍ਰਤੱਖ ਰੂਪ ਵਿੱਚ ਵੇਖਣ ਨੂੰ ਮਿਲਿਆ ਜਦੋਂ ਇਕ ਮੀਡੀਆ ਸਮਾਗਮ ਦੌਰਾਨ ਯੂਕੇ ਦੇ ਪ੍ਰਧਾਨ ਮੰਤਰੀ ਨੇ ਸ੍ਰੀ ਮੋਦੀ ਨੂੰ 'ਖਾਸ ਦੋਸਤ' ਦੱਸਿਆ ਤੇ ਆਪਣੇ ਭਾਰਤੀ ਹਮਰੁਤਬਾ ਨੂੰ ਉਨ੍ਹਾਂ ਦੇ ਪਹਿਲੇ ਨਾਮ (ਨਰੇਂਦਰ) ਨਾਲ ਕਈ ਵਾਰ ਸੱਦਿਆ। ਜੌਹਨਸਨ ਨੇ ਭਾਰਤ ਵਿਸ਼ੇਸ਼ ਕਰਕੇ ਗੁਜਰਾਤ ਵਿੱਚ ਕੀਤੇ ਸਵਾਗਤ ਦੀ ਸ਼ਲਾਘਾ ਕੀਤੀ। ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਨੂੰ ਸਚਿਨ ਤੇਂਦੁਲਕਰ ਵਾਂਗ ਮਹਿਸੂਸ ਕਰ ਰਹੇ ਸਨ ਤੇ ਉਨ੍ਹਾਂ ਦਾ ਚਿਹਰਾ ਅਮਿਤਾਭ ਬੱਚਨ ਵਾਂਗ ਸਰਬਵਿਆਪਕ ਸੀ। ਸ੍ਰੀ ਮੋਦੀ ਨਾਲ ਸਾਂਝੀ ਪ੍ਰੈੱਸ ਮਿਲਣੀ ਨੂੰ ਸੰਬੋਧਨ ਕਰਦਿਆਂ ਜੌਹਨਸਨ ਨੇ ਕਿਹਾ, ''ਮੇਰੇ ਦੋਸਤ ਨਰੇਂਦਰ ਦਾ ਧੰਨਵਾਦ, ਮੈਂ ਉਨ੍ਹਾਂ ਲਈ ਹਿੰਦੀ ਵਿੱਚ 'ਖਾਸ ਦੋਸਤ' ਦਾ ਕਥਨ ਵਰਤਣਾ ਚਾਹਾਂਗਾ। ਭਾਰਤ ਵਿੱਚ ਸਾਡੇ ਇਹ ਦੋ ਦਿਨ ਬਹੁਤ ਮੌਜ ਵਾਲੇ ਰਹੇ।'' ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ, ''ਲੰਘੇ ਦਿਨ ਮੈਂਂ ਗੁਜਰਾਤ ਦਾ ਦੌਰਾ ਕਰਨ ਵਾਲਾ ਪਹਿਲਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਬਣਿਆ, ਜੋ ਨਰੇਂਦਰ ਦਾ ਜਨਮ ਸਥਾਨ ਹੈ, ਪਰ ਜਿਵੇਂ ਕਿ ਤੁਸੀਂ ਕਿਹਾ ਹੈ ਇਹ ਬ੍ਰਿਟਿਸ਼ ਭਾਰਤੀਆਂ 'ਚੋਂ ਅੱਧੇ ਨਾਲੋਂ ਵੱਧ ਦਾ ਪੁਸ਼ਤੈਨੀ ਘਰ ਹੈ। ਮੇਰਾ ਇਥੇ ਸਵਾਗਤ ਹੋਇਆ, ਜੋ ਹੈਰਾਨ ਕਰਨ ਵਾਲਾ ਸੀ। ਮੈਂ ਖੁ਼ਦ ਨੂੰ ਸਚਿਨ ਤੇਂਦੁਲਕਰ ਸਮਝ ਰਿਹਾ ਸੀ ਤੇ ਅਮਿਤਾਭ ਬੱਚਨ ਵਾਂਗ ਮੇਰਾ ਚਿਹਰਾ ਸਰਬਵਿਆਪਕ ਸੀ।'' -ਪੀਟੀਆਈ

'ਯੂਕੇ 'ਚ ਸਰਗਰਮ ਕੱਟੜਵਾਦੀ ਸਮੂਹਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ'

ਨਵੀਂ ਦਿੱਲੀ: ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਭਾਰਤ ਵੱਲੋਂ ਖਾਲਿਸਤਾਨੀ ਅਨਸਰਾਂ ਬਾਰੇ ਜਤਾਏ ਫ਼ਿਕਰਾਂ ਦੇ ਹਵਾਲੇ ਨਾਲ ਅੱਜ ਕਿਹਾ ਕਿ ਉਹ ਆਪਣੇ ਮੁਲਕ ਵਿੱਚ ਇੰਤਹਾਪਸੰਦ ਜਥੇਬੰਦੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਜੌਹਨਸਨ ਨੇ ਕਿਹਾ, ''ਅਸੀਂ ਯੂਕੇ ਵਿੱਚ ਕਾਰਜਸ਼ੀਲ ਤੇ ਹੋਰਨਾਂ ਮੁਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕੱਟੜਵਾਦੀਆਂ ਨੂੰ ਬਰਦਾਸ਼ਤ ਨਹੀਂ ਕਰਦੇ।'' ਭਾਰਤ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਰਿਪੋਰਟਾਂ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ਵਿੱਚ ਜੌਹਨਸਨ ਨੇ ਕਿਹਾ ਕਿ ਭਾਰਤ ਵੱਡਾ ਜਮਹੂਰੀ ਮੁਲਕ ਹੈ, ਜਿੱਥੇ ਲੋਕਾਂ ਨੂੰ ਸੰਵਿਧਾਨਕ ਸੁਰੱਖਿਆ ਹਾਸਲ ਹੈ। ਯੂਕਰੇਨ ਖ਼ਿਲਾਫ਼ ਰੂਸ ਦੇ ਹਮਲਾਵਰ ਰੁਖ਼ ਬਾਰੇ ਪੁੱਛਣ 'ਤੇ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ, ''ਤੁਹਾਨੂੰ ਇਹ ਗੱਲ ਮੰਨਣੀ ਹੋਵੇਗੀ ਕਿ ਬੂਚਾ ਵਿੱਚ ਜੋ ਕੁਝ ਹੋਇਆ, ਭਾਰਤ ਨੇ ਉਸ ਦੀ ਮਜ਼ਬੂਤੀ ਨਾਲ ਖਿਲਾਫ਼ਤ ਕੀਤੀ।'' ਉਨ੍ਹਾਂ ਕਿਹਾ ਕਿ ਰੂਸ ਦੇ ਭਾਰਤ ਨਾਲ ਇਤਿਹਾਸਕ ਰਿਸ਼ਤੇ ਹਨ ਤੇ ਹਰ ਕੋਈ ਇਸ ਦਾ ਸਤਿਕਾਰ ਕਰਦਾ ਹੈ। -ਪੀਟੀਆਈ



Most Read

2024-09-20 18:32:56