Breaking News >> News >> The Tribune


ਮੋਦੀ ਸਰਕਾਰ ਨੇ ਆਦਿਵਾਸੀ ਭਲਾਈ ਲਈ ਫੰਡ ਵਧਾਇਆ: ਸ਼ਾਹ


Link [2022-04-23 06:15:52]



ਭੋਪਾਲ, 22 ਅਪਰੈਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ 'ਚ ਆਉਣ ਮਗਰੋਂ ਆਦਿਵਾਸੀ ਭਾਈਚਾਰੇ ਦੀ ਭਲਾਈ ਲਈ ਫੰਡਾਂ 'ਚ ਭਾਰੀ ਵਾਧਾ ਕੀਤਾ ਗਿਆ ਹੈ। ਸ਼ਾਹ ਨੇ ਇੱਥੇ ਜੰਗਲਾਤ ਕਮੇਟੀ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਪ੍ਰੋਗਰਾਮ 'ਚ ਤੇਂਦੂ ਪੱਤਾ ਵਰਗੀ ਜੰਗਲੀ ਪੈਦਾਵਾਰ ਇਕੱਠੀ ਕਰਨ ਵਾਲਿਆਂ ਨੂੰ ਬੋਨਸ ਵੀ ਵੰਡਿਆ ਗਿਆ।

ਗ੍ਰਹਿ ਮੰਤਰੀ ਨੇ ਕਿਹਾ, 'ਇਹ ਗਰੀਬਾਂ, ਅਨੁਸੂਚਿਤ ਜਾਤਾਂ, ਦਲਿਤਾਂ ਤੇ ਪੱਛੜੇ ਵਰਗਾਂ ਦੀ ਸਰਕਾਰ ਹੈ। ਕਾਂਗਰਸ ਦੇ ਸਮੇਂ (ਆਦਿਵਾਸੀ) ਲੋਕਾਂ ਦੀ ਭਲਾਈ ਲਈ ਸਿਰਫ਼ 21 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਸਨ ਪਰ 2014 'ਚ ਮੋਦੀ ਦੇ ਸੱਤਾ 'ਚ ਆਉਣ ਮਗਰੋਂ ਇਸ ਨੂੰ ਵਧਾ ਕੇ 78 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ।'

ਉਨ੍ਹਾਂ ਮੱਧ ਪ੍ਰਦੇਸ਼ ਦੇ 26 ਜ਼ਿਲ੍ਹਿਆਂ 'ਚ ਸਥਿਤ ਕਬਾਇਲੀ ਲੋਕਾਂ ਦੇ ਜੰਗਲਾਂ ਅੰਦਰਲੇ 827 ਪਿੰਡਾਂ ਨੂੰ ਕਮਾਊ ਪਿੰਡਾਂ (ਮਾਲੀਆ ਪਿੰਡ) 'ਚ ਬਦਲਣ ਦਾ ਐਲਾਨ ਕਰਦਿਆਂ ਇਸ ਪੱਟੀ ਦਾ ਉਦਘਾਟਨ ਵੀ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਇਲਾਕਿਆਂ ਦਾ ਵਿਕਾਸ ਯਕੀਨੀ ਬਣਾਉਣ ਲਈ ਇਨ੍ਹਾਂ ਨੂੰ 'ਮਾਲੀਆ ਪਿੰਡ' ਐਲਾਨੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਜੰਗਲਾਤ ਖੇਤਰਾਂ 'ਚ ਪ੍ਰਾਜੈਕਟ ਸ਼ੁਰੂ ਕਰਨ 'ਤੇ ਪਾਬੰਦੀਆਂ ਲਾਗੂ ਹੁੰਦੀਆਂ ਹਨ। ਇਸ ਫ਼ੈਸਲੇ ਨੂੰ ਇਤਿਹਾਸਕ ਦਸਦਿਆਂ ਸ਼ਾਹ ਨੇ ਕਿਹਾ ਕਿ ਇਸ ਨਾਲ ਲੰਮੇ ਸਮੇਂ ਤੋਂ ਚੱਲੀ ਆ ਰਹੀ ਲੋਕਾਂ ਦੀ ਮੰਗ ਪੂਰੀ ਹੋਈ ਹੈ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਲ 2022 ਤੱਥ ਹਰ ਵਿਅਕਤੀ ਲਈ ਘਰ ਬਣਾਉਣ ਦਾ ਅਹਿਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਨੇ ਜੰਗਲਾਤ ਕਮੇਟੀਆਂ ਨੂੰ 20 ਫੀਸਦ ਬੋਨਸ ਦੇਣ ਦਾ ਫ਼ੈਸਲਾ ਵੀ ਕੀਤਾ ਹੈ। -ਪੀਟੀਆਈ

'ਮੋਦੀ ਸਰਕਾਰ ਨੇ ਅਤਿਵਾਦ ਤੇ ਨਕਸਲਵਾਦ ਦਾ ਹੱਲ ਲੱਭਿਆ'

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਜੰਮੂ ਕਸ਼ਮੀਰ 'ਚ ਅਤਿਵਾਦ, ਨਕਸਲਵਾਦ ਤੇ ਉੱਤਰ-ਪੂਰਬ 'ਚ ਹਥਿਆਰਬੰਦ ਗਰੁੱਪਾਂ ਦੀ ਸਮੱਸਿਆ ਦਾ ਪੱਕਾ ਹੱਲ ਲੱਭਿਆ ਹੈ। ਇੱਥੇ ਆਲ ਇੰਡੀਆ ਪੁਲੀਸ ਸਾਇੰਸ ਕਾਂਗਰਸ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਨੂੰ ਤਕਨੀਕ ਨਾਲ ਜੁੜ ਕੇ ਅਪਰਾਧੀਆਂ ਤੋਂ ਹਮੇਸ਼ਾ ਦੋ ਕਦਮ ਅੱਗੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਦੌਰਾਨ ਬਹੁਤ ਸਾਰੇ ਹਥਿਆਰਬੰਦ ਗਰੁੱਪਾਂ ਨੇ ਆਤਮ ਸਮਰਪਣ ਕਰਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ



Most Read

2024-09-20 18:40:25