Breaking News >> News >> The Tribune


ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ’ਚ ਸ਼ਮੂਲੀਅਤ ’ਤੇ ਸ਼ਸ਼ੋਪੰਜ ਜਾਰੀ


Link [2022-04-23 06:15:52]



ਨਵੀਂ ਦਿੱਲੀ, 22 ਅਪਰੈਲ

ਮੁੱਖ ਅੰਸ਼

ਆਖਰੀ ਫੈਸਲਾ ਪਾਰਟੀ ਪ੍ਰਧਾਨ 'ਤੇ ਛੱਡਿਆ

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਆਗਾਮੀ ਲੋਕ ਸਭਾ ਤੇ ਅਸੈਂਬਲੀ ਚੋਣਾਂ ਲਈ ਰਣਨੀਤੀ ਘੜਨ ਲਈ ਕੀਤੀਆਂ ਜਾ ਰਹੀਆਂ ਲੜੀਵਾਰ ਮੀਟਿੰਗਾਂ ਦਰਮਿਆਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਸ਼ਮੂਲੀਅਤ ਵਾਲੀ ਵਿਸ਼ੇਸ਼ ਕਮੇਟੀ ਨੇ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਸਿਫਾਰਸ਼ਾਂ ਵਾਲੀ ਰਿਪੋਰਟ ਸੌਂਪ ਦਿੱਤੀ ਹੈ। ਕਮੇਟੀ ਨੇ ਪਾਰਟੀ ਦੇ ਪੁਨਰਗਠਨ ਤੇ ਜਥੇਬੰਦਕ ਤਬਦੀਲੀਆਂ ਸਬੰਧੀ ਫੈਸਲਾ ਪਾਰਟੀ ਪ੍ਰਧਾਨ 'ਤੇ ਛੱਡ ਦਿੱਤਾ ਹੈ।

ਸੂਤਰਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਵੱਲੋਂ ਗਠਿਤ ਅੱਠ ਆਗੂਆਂ ਦੀ ਕਮੇਟੀ ਨੇ ਕਿਸ਼ੋਰ ਦੀ ਰਣਨੀਤਕ ਯੋਜਨਾ 'ਤੇ ਲੰਮੀ ਵਿਚਾਰ ਚਰਚਾ ਕੀਤੀ। ਮਗਰੋਂ ਇਸ ਮੁੱਦੇ 'ਤੇ ਕਈ ਸੀਨੀਅਰ ਆਗੂਆਂ ਨਾਲ ਵੀ ਚਿੰਤਨ ਕੀਤਾ ਗਿਆ। ਸੂਤਰਾਂ ਮੁਤਾਬਕ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਤੇ ਰਣਨੀਤਕ ਯੋਜਨਾ 'ਤੇ ਵਿਚਾਰ ਚਰਚਾ ਲਈ ਕੁਝ ਆਗੂ ਸੋਮਵਾਰ ਨੂੰ ਮੁੜ ਮਿਲਣਗੇ।

ਪ੍ਰਸ਼ਾਂਤ ਕਿਸ਼ੋਰ ਦੀ ਬੀਤੇ ਵਿੱਚ ਭਾਜਪਾ, ਜੇਡੀਯੂ, ਤ੍ਰਿਣਮੂਲ ਕਾਂਗਰਸ ਸਣੇ ਕੁਝ ਹੋਰਨਾਂ ਪਾਰਟੀਆਂ ਨਾਲ ਨੇੜਤਾ ਦੇ ਚਲਦਿਆਂ ਅਜੇ ਵੀ ਕੁਝ ਸੀਨੀਅਰ ਆਗੂ ਨੇ ਚੋਣ ਰਣਨੀਤੀਕਾਰ ਦੇ ਕਾਂਗਰਸ ਵਿੱਚ ਦਾਖ਼ਲੇ ਨੂੰ ਲੈ ਪੱਤੇ ਨਹੀਂ ਖੋਲ੍ਹੇ। ਹਾਲਾਂਕਿ ਬਹੁਗਿਣਤੀ ਮੈਂਬਰਾਂ ਨੇ ਇਸ ਫੈਸਲੇ ਦੀ ਹਮਾਇਤ ਵੀ ਕੀਤੀ ਹੈ, ਪਰ ਉਨ੍ਹਾਂ ਆਖਰੀ ਫੈਸਲਾ ਕਾਂਗਰਸ ਪ੍ਰਧਾਨ 'ਤੇ ਛੱਡ ਦਿੱਤਾ ਹੈ। ਦਿਗਵਿਜੈ ਸਿੰਘ ਜਿਹੇ ਕੁਝ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਕਿਸ਼ੋਰ ਮਜ਼ਬੂਤ ਰਣਨੀਤਕ ਯੋਜਨਾ ਲੈ ਕੇ ਆਇਆ ਹੈ, ਜੋ ਪਾਰਟੀ ਲਈ ਮਦਦਗਾਰ ਹੋਵੇਗੀ।

ਪਾਰਟੀ ਪ੍ਰਧਾਨ ਵੱਲੋਂ ਗਠਿਤ ਵਿਸ਼ੇਸ਼ ਕਮੇਟੀ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ, ਅੰਬਿਕਾ ਸੋਨੀ, ਕੇ.ਸੀ.ਵੇਣੂਗੋਪਾਲ, ਮੁਕੁਲ ਵਾਸਨਿਕ, ਜੈਰਾਮ ਰਮੇਸ਼, ਦਿਗਵਿਜੈ ਸਿੰਘ, ਪੀ.ਚਿਦੰਬਰਮ ਤੇ ਰਣਦੀਪ ਸੁਰਜੇਵਾਲਾ ਸ਼ਾਮਲ ਹਨ। ਕਮੇਟੀ ਨੇ ਸਿਫ਼ਾਰਸ਼ਾਂ ਸਬੰਧੀ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਇਸ ਹਫ਼ਤੇ ਕਈ ਗੇੜਾਂ ਦੀ ਗੱਲਬਾਤ ਕੀਤੀ। ਕਮੇਟੀ ਕਿਸ਼ੋਰ ਤੇ ਕਈ ਸੀਨੀਅਰ ਪਾਰਟੀ ਆਗੂਆਂ ਨੂੰ ਵੀ ਮਿਲੀ।

ਸੂਤਰਾਂ ਨੇ ਕਿਹਾ ਕਿ ਕਾਂਗਰਸ ਵਿੱਚ ਨਵੀਂ ਰੂਹ ਫੂਕਣ ਲਈ ਪ੍ਰਸ਼ਾਂਤ ਕਿਸ਼ੋਰ ਨੇ ਜੀ-23 ਦੇ ਕੁਝ ਆਗੂਆਂ ਅਤੇ ਸ਼ਰਦ ਪਵਾਰ ਸਣੇ ਵਿਰੋਧੀ ਧਿਰ ਦੇ ਕੁਝ ਹੋਰਨਾਂ ਆਗੂਆਂ ਨਾਲ ਵੀ ਰਾਬਤਾ ਕੀਤਾ ਹੈ। ਇਸ ਦੌਰਾਨ ਕਿਸ਼ੋਰ ਵੱਲੋਂ ਤਿਆਰ 85 ਸਫ਼ਿਆਂ ਦੀ ਪਾਵਰ ਪੁਆਇੰਟ ਪੇਸ਼ਕਾਰੀ ਵੀ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ, ਜਿਸ ਵਿੱਚ ਕਾਂਗਰਸ ਪਾਰਟੀ ਲਈ ਗੈਰ-ਗਾਂਧੀ ਲੀਡਰਸ਼ਿਪ ਦੀ ਸਿਫਾਰਸ਼ ਕੀਤੀ ਗਈ ਹੈ। ਕਿਸ਼ੋਰ ਦਾ ਦਾਅਵਾ ਹੈ ਕਿ ਇਸ ਦਾ ਚੋਣਾਂ ਵਿੱਚ ਵੱਡਾ ਅਸਰ ਪਏਗਾ। ਸੂਤਰਾਂ ਮੁਤਾਬਕ ਕਿਸ਼ੋਰ ਨੇ ਸੰਸਦੀ ਬੋਰਡ ਦੇ ਗਠਨ ਦੀ ਵੀ ਸਿਫ਼ਾਰਸ਼ ਕੀਤੀ ਹੈ। ਕਾਂਗਰਸ ਪਾਰਟੀ ਨੇ ਹਾਲਾਂਕਿ ਇਸ ਪੇਸ਼ਕਾਰੀ ਨੂੰ 'ਬਣਾਉਟੀ' ਕਰਾਰ ਦਿੱਤਾ ਹੈ। -ਪੀਟੀਆਈ



Most Read

2024-09-20 18:34:08