Breaking News >> News >> The Tribune


ਸੀਪੀਆਈ ਤੇ ਸਪਾ ਦੇ ਵਫ਼ਦ ਨੂੰ ਪੁਲੀਸ ਨੇ ਜਹਾਂਗੀਰਪੁਰੀ ਜਾਣ ਤੋਂ ਰੋਕਿਆ


Link [2022-04-23 06:15:52]



ਨਵੀਂ ਦਿੱਲੀ, 22 ਅਪਰੈਲ

ਜਹਾਂਗੀਰਪੁਰੀ 'ਚ ਗ਼ੈਰਕਾਨੂੰਨੀ ਕਬਜ਼ੇ ਹਟਾਉਣ ਦੀ ਚਲਾਈ ਗਈ ਮੁਹਿੰਮ ਦੇ ਇਕ ਦਿਨ ਬਾਅਦ ਸੀਪੀਆਈ ਅਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਸ਼ੁੱਕਰਵਾਰ ਨੂੰ ਸਥਾਨਕ ਲੋਕਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਪੁਲੀਸ ਨੇ ਰਾਹ 'ਚ ਹੀ ਰੋਕ ਲਿਆ। ਸੀਪੀਆਈ ਦਾ ਪੰਜ ਮੈਂਬਰੀ ਵਫ਼ਦ ਪੁਲੀਸ ਵੱਲੋਂ ਰੋਕੇ ਜਾਣ 'ਤੇ ਕੁਸ਼ਲ ਚੌਕ 'ਚ ਬੈਰੀਕੇਡ ਨੇੜੇ ਹੀ ਧਰਨੇ 'ਤੇ ਬੈਠ ਗਿਆ। ਵਫ਼ਦ ਦੀ ਅਗਵਾਈ ਸੀਪੀਆਈ ਦੇ ਕੌਮੀ ਸਕੱਤਰ ਅਤੇ ਰਾਜ ਸਭਾ ਮੈਂਬਰ ਡੀ ਰਾਜਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਲਈ ਇਥੇ ਆਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਗ੍ਰਹਿ ਮੰਤਰਾਲੇ ਦੇ ਅਧੀਨ ਹੈ ਅਤੇ ਬੁਲਡੋਜ਼ਰ ਚਲਾਉਣ ਲਈ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਸੀ-ਬਲਾਕ ਦੇ ਲੋਕਾਂ ਨਾਲ ਮਿਲਣਾ ਚਾਹੁੰਦੇ ਸਨ ਪਰ ਪੁਲੀਸ ਵਫ਼ਦ ਨੂੰ ਅੱਗੇ ਨਹੀਂ ਜਾਣ ਦੇ ਰਹੀ ਹੈ। ਵਫ਼ਦ 'ਚ ਐਨੀ ਰਾਜਾ, ਏ ਖ਼ਾਨ, ਪਲਵ ਸੇਨ ਗੁਪਤਾ ਅਤੇ ਬਿਨੋਏ ਬਿਸਵਾਸ ਸ਼ਾਮਲ ਸਨ। ਬਾਅਦ 'ਚ ਸਮਾਜਵਾਦੀ ਪਾਰਟੀ ਦਾ ਵਫ਼ਦ ਵੀ ਕੁਸ਼ਲ ਚੌਕ ਪਹੁੰਚਿਆ। ਵਫ਼ਦ 'ਚ ਸੰਸਦ ਮੈਂਬਰ ਐੱਸ ਟੀ ਹਸਨ, ਵਿਸ਼ੰਭਰ ਪ੍ਰਸਾਦ ਨਿਸ਼ਾਦ, ਰਵੀ ਪ੍ਰਕਾਸ਼ ਵਰਮਾ, ਜਾਵੇਦ ਅਲੀ ਖ਼ਾਨ ਅਤੇ ਸ਼ਫੀਕੁਰ ਰਹਿਮਾਨ ਸ਼ਾਮਲ ਸਨ। ਹਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਲੋਕਾਂ ਨੂੰ ਮਿਲਣ ਤੋਂ ਰੋਕ ਰਹੀ ਹੈ ਅਤੇ ਆਖ ਰਹੀ ਹੈ ਕਿ ਲੋਕਤੰਤਰ ਖ਼ਤਰੇ 'ਚ ਹੈ। -ਪੀਟੀਆਈ

ਅੰਸਾਰ ਖ਼ਿਲਾਫ਼ ਈਡੀ ਨੂੰ ਪੱਤਰ

ਨਵੀਂ ਦਿੱਲੀ: ਦਿਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਜਹਾਂਗੀਰਪੁਰੀ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਅੰਸਾਰ (35) ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਪੱਤਰ ਲਿਖਿਆ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਸਬੰਧੀ ਐਕਟ (ਪੀਐੱਮਐੱਲਏ) ਤਹਿਤ ਅੰਸਾਰ ਦੀ ਜਾਂਚ ਕਰਨ ਲਈ ਸ੍ਰੀ ਅਸਥਾਨਾ ਨੇ ਈਡੀ ਦੇ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਨੂੰ ਪੱਤਰ ਲਿਖਿਆ ਹੈ। ਪੁਲੀਸ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਅੰਸਾਰ ਦੇ ਕਈ ਬੈਂਕ ਖ਼ਾਤਿਆਂ 'ਚ ਪੈਸੇ ਹਨ ਅਤੇ ਉਸ ਦਾ ਕਈ ਸੰਪਤੀਆਂ 'ਤੇ ਕਬਜ਼ਾ ਹੈ ਜੋ ਉਸ ਨੇ ਕਥਿਤ ਤੌਰ 'ਤੇ ਜੂਏ ਦੇ ਪੈਸਿਆਂ ਰਾਹੀਂ ਖ਼ਰੀਦੀ ਹੈ। ਅਧਿਕਾਰੀ ਨੇ ਕਿਹਾ ਕਿ ਇਹ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ ਕਿ ਅੰਸਾਰ ਨੂੰ ਇਹ ਪੈਸਾ ਕਿਸੇ ਖਾਸ ਮਕਸਦ

ਲਈ ਤਾਂ ਨਹੀਂ ਦਿੱਤਾ ਗਿਆ ਸੀ। ਉਸ ਖ਼ਿਲਾਫ਼ ਗੈਂਬਲਿੰਗ ਐਕਟ ਅਤੇ ਆਰਮਜ਼ ਐਕਟ ਤਹਿਤ ਪੰਜ ਵਾਰ ਕੇਸ ਦਰਜ ਹੋਏ ਸਨ। ਜਹਾਂਗੀਰਪੁਰੀ 'ਚ ਹੋਈ ਹਿੰਸਾ ਦੇ ਮਾਮਲੇ 'ਚ ਹੁਣ ਤੱਕ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਦੋ ਨਾਬਾਲਗ ਵੀ ਫੜੇ ਗਏ ਹਨ। ਅੰਸਾਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਗਿਆ ਹੈ। ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਇਸ ਕੇਸ 'ਚ ਜਾਂਚ ਕਰ ਰਹੀ ਹੈ ਅਤੇ ਉਸ ਦੀ ਇਕ ਟੀਮ ਨੇ ਪੱਛਮੀ ਬੰਗਾਲ ਦਾ ਦੌਰਾ ਕੀਤਾ ਹੈ ਜਿਥੇ ਉਨ੍ਹਾਂ ਮੁਹੰਮਦ ਅਸਲਮ ਸਮੇਤ ਕੁਝ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਤੋਂ ਪੁੱਛ-ਪੜਤਾਲ ਕੀਤੀ ਹੈ। -ਪੀਟੀਆਈ

ਭਾਰੀ ਸੁਰੱਖਿਆ ਹੇਠ ਲੋਕਾਂ ਨੇ ਨਮਾਜ਼ ਪੜ੍ਹੀ

ਨਵੀਂ ਦਿੱਲੀ: ਜਹਾਂਗੀਰਪੁਰੀ 'ਚ ਹਿੰਸਾ ਪ੍ਰਭਾਵਿਤ ਸੀ-ਬਲਾਕ ਦੀ ਮਸਜਿਦ 'ਚ ਅੱਜ ਜੁਮੇ ਦੀ ਨਮਾਜ਼ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾ ਕੀਤੀ ਗਈ। ਲੋਕਾਂ ਨੂੰ ਮਸਜਿਦ ਜਾਣ ਲਈ ਪੁਲੀਸ ਨੇ ਵੱਖਰਾ ਰਾਹ ਦਿੱਤਾ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਕਮਿਸ਼ਨਰ ਦੀਪੇਂਦਰ ਪਾਠਕ ਨੇ ਕਿਹਾ ਕਿ ਉਹ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਇਲਾਕੇ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ 'ਚ ਬੈਰੀਕੇਡ ਅਜੇ ਕੁਝ ਹੋਰ ਦਿਨ ਲੱਗੇ ਰਹਿਣਗੇ। ਉਧਰ ਪੁਲੀਸ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਵਫ਼ਦ ਨੂੰ ਇਲਾਕੇ 'ਚ ਜਾਣ ਤੋਂ ਰੋਕ ਦਿੱਤਾ। -ਪੀਟੀਆਈ

ਹਿੰਦੂ ਅਤੇ ਮੁਸਲਮਾਨ ਭਲਕੇ ਕੱਢਣਗੇ ਤਿਰੰਗਾ ਯਾਤਰਾ

ਨਵੀਂ ਦਿੱਲੀ: ਸਥਾਨਕ ਅਮਨ ਕਮੇਟੀ ਦੇ ਨੁਮਾਇੰਦਿਆਂ ਨੇ ਜਹਾਂਗੀਰਪੁਰੀ 'ਚ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਲਾਕੇ 'ਚ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਲਈ ਐਤਵਾਰ ਨੂੰ 'ਤਿਰੰਗਾ ਯਾਤਰਾ' ਕੱਢੀ ਜਾਵੇਗੀ। ਇਸ ਦੌਰਾਨ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ ਦੂਜੇ ਨੂੰ ਗੱਲਵਕੜੀ ਪਾਈ ਅਤੇ ਅਹਿਦ ਲਿਆ ਕਿ ਹਿੰਸਾ ਦੀਆਂ ਘਟਨਾਵਾਂ ਮੁੜ ਨਹੀਂ ਵਾਪਰਨਗੀਆਂ। ਮੁਸਲਿਮ ਭਾਈਚਾਰੇ ਦੇ ਨੂਮਾਇੰਦੇ ਤਬਰੇਜ਼ ਖ਼ਾਨ ਨੇ ਕਿਹਾ ਕਿ ਉਹ ਰਲ ਕੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਪੁਲੀਸ ਨੂੰ ਨਫ਼ਰੀ ਅਤੇ ਬੈਰੀਕੇਡਿੰਗ ਹਟਾਉਣ ਦੀ ਅਪੀਲ ਕੀਤੀ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਇੰਦਰ ਮਣੀ ਤਿਵਾੜੀ ਨੇ ਲੋਕਾਂ ਨੂੰ ਕਿਹਾ ਕਿ ਉਹ ਅਫ਼ਵਾਹਾਂ 'ਤੇ ਭਰੋਸਾ ਨਾ ਕਰਨ। 'ਜਹਾਂਗੀਰਪੁਰੀ 'ਚ ਪਹਿਲੀ ਵਾਰ ਹਿੰਸਾ ਹੋਈ ਹੈ ਅਤੇ ਇਹ ਮੁੜ ਨਹੀਂ ਹੋਣੀ ਚਾਹੀਦੀ ਹੈ।' ਉਧਰ ਡੀਸੀਪੀ (ਉੱਤਰ-ਪੱਛਮੀ) ਊਸ਼ਾ ਰੰਗਨਾਨੀ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਐੱਚ ਅਤੇ ਜੀ ਬਲਾਕਾਂ 'ਚ ਦੁਕਾਨਾਂ ਬੰਦ ਰੱਖਣ ਲਈ ਨਹੀਂ ਕਿਹਾ ਗਿਆ ਹੈ। ਇਨ੍ਹਾਂ ਬਲਾਕਾਂ 'ਚ ਦੁਕਾਨਾਂ ਅਤੇ ਕਾਰੋਬਾਰ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। -ਪੀਟੀਆਈ



Most Read

2024-09-20 18:34:45