Breaking News >> News >> The Tribune


ਰੂਸ-ਯੂਕਰੇਨ ਵਿਵਾਦ ਸਬੰਧੀ ਯੂਕੇ ਨੇ ਭਾਰਤ ’ਤੇ ਨਹੀਂ ਪਾਇਆ ਕੋਈ ਦਬਾਅ: ਵਿਦੇਸ਼ ਸਕੱਤਰ


Link [2022-04-23 06:15:52]



ਨਵੀਂ ਦਿੱਲੀ, 23 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਨਾਲ ਰੂਸ-ਯੂਕਰੇਨ ਵਿਵਾਦ ਬਾਰੇ ਚਰਚਾ ਕੀਤੀ ਅਤੇ ਇਸ ਮਸਲੇ ਦੇ ਸ਼ਾਂਤੀਪੂਰਨ ਹੱਲ ਅਤੇ ਦੋਵਾਂ ਦੇਸ਼ਾਂ (ਰੂਸ-ਯੂਕਰੇਨ) ਵਿਚਾਲੇ ਸਿੱਧੀ ਗੱਲਬਾਤ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਭਾਰਤ ਦੇ ਨਜ਼ਰੀਏ ਸਬੰਧੀ ਯੂਕੇ ਵੱਲੋਂ ਕੋਈ ਦਬਾਅ ਨਹੀਂ ਪਾਇਆ ਗਿਆ।

ਮੋਦੀ ਅਤੇ ਜੌਹਨਸਨ ਵਿਚਾਲੇ ਹੋਈ ਗੱਲਬਾਤ ਬਾਰੇ ਦੱਸਦਿਆਂ ਸ਼੍ਰਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਵਿੱਚ ਚੱਲ ਰਹੇ ਮੌਜੂਦਾ ਹਾਲਾਤ ਅਤੇ ਮਨੁੱਖੀ ਸੰਕਟ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਗੱਲਬਾਤ ਦੌਰਾਨ ਬਰਤਾਨੀਆ ਵੱਲੋਂ ਰੂਸ 'ਤੇ ਪਾਬੰਦੀਆਂ ਦੇ ਸਬੰਧ ਵਿੱਚ ਕੋਈ 'ਦਬਾਅ ਨਹੀਂ' ਪਾਇਆ ਗਿਆ ਅਤੇ ਜੌਹਨਸਨ ਯੂਕਰੇਨ ਮੁੱਦੇ 'ਤੇ ਸਿਰਫ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰਿੰਗਲਾ ਨੇ ਕਿਹਾ, ''ਦੋਵਾਂ ਪ੍ਰਧਾਨ ਮੰਤਰੀਆਂ ਨੇ ਯੂਕਰੇਨ ਮੁੱਦੇ 'ਤੇ ਚਰਚਾ ਕੀਤੀ ਪਰ ਇਸ ਵਿੱਚ ਕੋਈ ਦਬਾਅ ਨਹੀਂ ਸੀ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਕਰੇਨ ਮੁੱਦੇ ਬਾਰੇ ਆਪਣਾ ਨਜ਼ਰੀਆ ਰੱਖਿਆ।'' ਉਨ੍ਹਾਂ ਦੱਸਿਆ ਕਿ ,''ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਮੁੱਦੇ 'ਤੇ ਭਾਰਤ ਰੁਖ ਪੇਸ਼ ਕੀਤਾ ਅਤੇ ਜ਼ੋਰ ਦਿੱਤਾ ਕਿ 'ਅਸੀਂ ਸ਼ਾਂਤੀ ਦੇ ਪੱਖ ਵਿੱਚ ਹਾਂ' ਅਤੇ ਚਾਹੁੰਦੇ ਹਾਂ ਕਿ ਇਸ ਬਾਰੇ ਗੱਲਬਾਤ ਤੇ ਕੂਟਨੀਤੀ ਰਾਹੀਂ ਅੱਗੇ ਵਧਣਾ ਚਾਹੀਦਾ ਹੈ ਅਤੇ ਮਸਲਾ ਜਲਦੀ ਹੱਲ ਹੋਣਾ ਚਾਹੀਦਾ ਹੈ।'' ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਸਥਿਤੀ ਬਹੁਤ ਸਪੱਸ਼ਟ ਸੀ ਅਤੇ ਉੱਥੇ 'ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਸੀ।'' ਉਨ੍ਹਾਂ ਦੱਸਿਆ ਕਿ ਮੋਦੀ ਤੇ ਜੌਹਨਸਨ ਵੱਲੋਂ ਮੁਕਤ ਵਪਾਰ ਸਮਝੌਤੇ (ਐੱਫਟੀਏ) ਬਾਰੇ ਗੱਲਬਾਤ ਅਤੇ ਊਰਜਾ, ਗਰੀਨ ਹਾਈਡ੍ਰੋਜਨ, ਵਪਾਰ ਅਤੇ ਰੱਖਿਆ ਸਬੰਧੀ ਸਹਿਯੋਗ ਬਾਰੇ ਵੀ ਚਰਚਾ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਦੁਵੱਲੀ ਗੱਲਬਾਤ ਦੋਵਾਂ ਧਿਰਾਂ ਨੂੰ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਸਣੇ ਦੁਵੱਲੇ ਹਿੱਤਾਂ ਦੇ ਖੇਤਰੀ ਤੇ ਆਲਮੀ ਮੁੱਦਿਆਂ 'ਤੇ ਚਰਚਾ ਦਾ ਮੌਕਾ ਪ੍ਰਦਾਨ ਕਰਦੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਦੋਵਾਂ ਧਿਰਾਂ ਮਹਿਸੂਸ ਕਰਦੀਆਂ ਹਨ ਕਿ ਰੱਖਿਆ ਅਤੇ ਸੁਰੱਖਿਆ ਸੰਭਾਵਿਤ ਸਹਿਯੋਗ ਵਾਲਾ ਖੇਤਰ ਹੋ ਸਕਦਾ ਹੈ। -ਪੀਟੀਆਈ

ਯੂਕੇ ਅਗਲੇ ਹਫ਼ਤੇ ਕੀਵ ਵਿੱਚ ਮੁੜ ਖੋਲ੍ਹੇਗਾ ਸਫ਼ਾਰਤਖਾਨਾ: ਜੌਹਨਸਨ

ਲੰਡਨ: ਯੂਕੇ ਸਰਕਾਰ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਆਪਣਾ ਸਫ਼ਾਰਤਖਾਨਾ ਅਗਲੇ ਹਫ਼ਤੇ ਮੁੜ ਖੋਲ੍ਹਿਆ ਜਾਵੇਗਾ। ਬਰਤਾਨੀਆ ਦੇ ਪ੍ਰਧਾਨੀ ਮੰਤਰੀ ਬੋਰਿਸ ਜੌਹਨਸਨ ਨੇ ਭਾਰਤ ਦੌਰੇ ਦੌਰਾਨ ਇਸ ਦੀ ਪੁਸ਼ਟੀ ਕੀਤੀ ਹੈ। ਰੂਸ ਵੱਲੋਂ 24 ਫਰਵਰੀ ਨੂੰ ਯੂਕਰੇਨ 'ਤੇ ਹਮਲੇ ਕੀਤੇ ਜਾਣ ਮਗਰੋਂ ਯੂਕੇ ਦਾ ਸਫ਼ਾਰਤਖਾਨਾ ਆਰਜ਼ੀ ਤੌਰ 'ਤੇ ਬੰਦ ਹੈ। ਜੌਹਨਸਨ ਨੇ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਕੀਵ ਵਿੱਚ ਰੂਸੀ ਫੌਜ ਦਾ ਵਿਰੋਧ ਕਰਨ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੀ ਬੇਮਿਸਾਲ ਦ੍ਰਿੜ੍ਹਤਾ ਅਤੇ ਸਫਲਤਾ ਨੂੰ ਦੇਖਦਿਆਂ ਮੈਂ ਐਲਾਨ ਕਰਦਾ ਹਾਂ ਕਿ ਬਹੁਤ ਜਲਦੀ, ਅਗਲੇ ਹਫ਼ਤੇ ਅਸੀਂ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਆਪਣਾ ਸਫ਼ਾਰਤਖਾਨਾ ਫਿਰ ਖੋਲ੍ਹਾਂਗੇ।'' -ਪੀਟੀਆਈ



Most Read

2024-09-20 18:51:21