Breaking News >> News >> The Tribune


ਹਿਜਾਬ ਪਹਿਨ ਕੇ ਆਈਆਂ ਦੋ ਵਿਦਿਆਰਥਣਾਂ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ


Link [2022-04-23 06:15:52]



ਉਡੁਪੀ, 22 ਅਪਰੈਲ

ਵਿਦਿਅਕ ਅਦਾਰਿਆਂ 'ਚ ਹਿਜਾਬ ਪਹਿਣ ਕੇ ਆਉਣ 'ਤੇ ਹਾਈ ਕੋਰਟ ਵੱਲੋਂ ਲਾਈ ਗਈ ਪਾਬੰਦੀ ਦਰਮਿਆਨ ਅੱਜ ਤੋਂ ਪ੍ਰੀ-ਯੂਨੀਵਰਸਿਟੀ ਦੇ ਦੂਜੇ ਵਰ੍ਹੇ (12ਵੀਂ) ਦੀਆਂ ਪ੍ਰੀਖਿਆਵਾਂ ਸਖ਼ਤ ਸੁਰੱਖਿਆ ਹੇਠ ਸ਼ੁਰੂ ਹੋ ਗਈਆਂ ਹਨ। ਉਂਜ ਅਧਿਕਾਰੀਆਂ ਨੇ ਮੁਸਲਿਮ ਲੜਕੀਆਂ ਲਈ ਪ੍ਰੀਖਿਆ ਕੇਂਦਰਾਂ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਉਹ ਕਮਰਿਆਂ 'ਚ ਦਾਖ਼ਲੇ ਤੋਂ ਪਹਿਲਾਂ ਆਪਣਾ ਹਿਜਾਬ ਉਤਾਰ ਕੇ ਪ੍ਰੀਖਿਆਵਾਂ ਦੇ ਸਕਣ। ਇਸ ਦੌਰਾਨ ਪਟੀਸ਼ਨ ਦਾਖ਼ਲ ਕਰਨ ਵਾਲੀਆਂ ਦੋ ਵਿਦਿਆਰਥਣਾਂ ਆਲੀਆ ਅਤੇ ਰੇਸ਼ਮਾ ਉਡੁਪੀ ਜ਼ਿਲ੍ਹੇ ਦੇ ਵਿਦਿਓਦਿਆ ਪੀਯੂ ਕਾਲਜ 'ਚ ਹਿਜਾਬ ਪਹਿਣ ਕੇ ਪ੍ਰੀਖਿਆ ਦੇਣ ਲਈ ਆਈਆਂ ਜਿਨ੍ਹਾਂ ਨੂੰ ਪ੍ਰੀਖਿਆ ਲਏ ਬਿਨ੍ਹਾਂ ਹੀ ਮੋੜ ਦਿੱਤਾ ਗਿਆ। ਉਹ ਹਿਜਾਬ ਉਤਾਰੇ ਬਿਨਾਂ ਹੀ ਪ੍ਰੀਖਿਆ ਦੇਣ 'ਤੇ ਅੜੀਆਂ ਰਹੀਆਂ। ਕਾਲਜ ਅਧਿਕਾਰੀਆਂ ਨੇ ਦੋਹਾਂ ਨੂੰ ਆਪਣਾ ਹਿਜਾਬ ਉਤਾਰ ਕੇ ਪ੍ਰੀਖਿਆਵਾਂ ਦੇਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਤਹਿਸੀਲਦਾਰ ਅਰਚਨਾ ਭੱਟ ਨੇ ਦੋਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਲਈ ਪ੍ਰੀਖਿਆ ਦਾ ਸਮਾਂ ਵਧਾ ਕੇ ਸਵੇਰੇ ਸਾਢੇ 10 ਵਜੇ ਕਰ ਦਿੱਤਾ ਗਿਆ ਸੀ ਪਰ ਉਹ ਨਹੀਂ ਮੰਨੀਆਂ। ਜਦੋਂ ਅਧਿਕਾਰੀਆਂ ਨੇ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਵੇਂ ਵਿਦਿਆਰਥਣਾਂ ਆਟੋ ਫੜ ਕੇ ਆਪਣੇ ਘਰਾਂ ਲਈ ਰਵਾਨਾ ਹੋ ਗਈਆਂ। ਉਨ੍ਹਾਂ ਸ਼ੁੱਕਰਵਾਰ ਸਵੇਰੇ ਤੱਕ ਆਪਣੇ ਰੋਲ ਨੰਬਰ ਵੀ ਨਹੀਂ ਲਏ ਸਨ ਅਤੇ ਜਦੋਂ ਸਵੇਰੇ ਉਹ ਪ੍ਰੀਖਿਆ ਦੇਣ ਲਈ ਪਹੁੰਚੀਆਂ ਤਾਂ ਉਨ੍ਹਾਂ ਆਪਣੇ ਰੋਲ ਨੰਬਰ ਲਏ ਸਨ। ਇਸ ਦੌਰਾਨ ਹੁਬਲੀ 'ਚ 16 ਅਪਰੈਲ ਦੀ ਰਾਤ ਹੋਈ ਹਿੰਸਾ ਦੇ ਦੋਸ਼ ਹੇਠ ਫੜੇ ਅਭਿਸ਼ੇਕ ਹੀਰਾਮੱਠ ਨੇ ਪੁਲੀਸ ਸੁਰੱਖਿਆ ਹੇਠ ਪ੍ਰੀਖਿਆ ਦਿੱਤੀ। ਉਸ ਨੂੰ ਪੁਲੀਸ ਹੁਬਲੀ ਸਬ-ਜੇਲ੍ਹ 'ਚੋਂ ਪ੍ਰੀਖਿਆ ਕੇਂਦਰ 'ਤੇ ਲੈ ਕੇ ਆਈ। ਉਧਰ ਪ੍ਰੀਖਿਆ ਕੇਂਦਰਾਂ 'ਤੇ ਮੁਸਲਿਮ ਲੜਕੀਆਂ ਹਿਜਾਬ ਪਹਿਨ ਕੇ ਆਈਆਂ ਅਤੇ ਵੱਖਰੀ ਥਾਂ 'ਤੇ ਹਿਜਾਬ ਉਤਾਰ ਦਿੱਤੇ। ਬੰਗਲੂਰੂ 'ਚ ਇਕ ਵਿਦਿਆਰਥਣ ਨੇ ਕਿਹਾ,''ਹਿਜਾਬ ਮਹੱਤਵਪੂਰਨ ਹੈ ਪਰ ਪ੍ਰੀਖਿਆਵਾਂ ਦੇਣਾ ਵੀ ਅਹਿਮ ਹੈ। ਸਾਡਾ ਭਵਿੱਖ ਨਤੀਜਿਆਂ 'ਤੇ ਨਿਰਭਰ ਕਰਦਾ ਹੈ।'' ਕਰਨਾਟਕ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਬੀ ਸੀ ਨਾਗੇਸ਼ ਨੇ ਬੰਗਲੂਰੂ ਦੇ ਕੁਝ ਸਕੂਲਾਂ ਦਾ ਦੌਰਾ ਕਰਕੇ ਉਥੇ ਪ੍ਰੀਖਿਆਵਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਕਿਹਾ ਕਿ ਹਿਜਾਬ ਪਹਿਨਣ ਕਾਰਨ ਪ੍ਰੀਖਿਆਵਾਂ ਦੇਣ ਦੀ ਇਜਾਜ਼ਤ ਨਾ ਦੇਣ ਦੀ ਇੱਕ-ਅੱਧ ਘਟਨਾ ਹੀ ਵਾਪਰੀ ਹੋ ਸਕਦੀ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਦੋਵੇਂ ਵਿਦਿਆਰਥਣਾਂ ਨੂੰ ਪ੍ਰੀਖਿਆਵਾਂ ਦੇਣ ਦਾ ਇਕ ਹੋਰ ਮੌਕਾ ਦਿੱਤਾ ਜਾਵੇਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਮੰਤਰੀ ਇਸ ਮਾਮਲੇ ਨੂੰ ਦੇਖਣਗੇ।

-ਆਈਏਐਨਐਸ/ ਪੀਟੀਆਈ



Most Read

2024-09-20 18:49:48