Breaking News >> News >> The Tribune


ਖਰਗੋਨ ਹਿੰਸਾ: ਹੱਤਿਆ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ


Link [2022-04-23 06:15:52]



ਖਰਗੋਨ, 22 ਅਪਰੈਲ

ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ 'ਚ ਹੁਣੇ ਜਿਹੇ ਹੋਈ ਫਿਰਕੂ ਹਿੰਸਾ ਦੌਰਾਨ 28 ਵਰ੍ਹਿਆਂ ਦੇ ਨੌਜਵਾਨ ਦੀ ਹੱਤਿਆ ਦੇ ਦੋਸ਼ ਹੇਠ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੇ ਤਿੰਨ ਹੋਰ ਮੁਲਜ਼ਮ ਅਜੇ ਫ਼ਰਾਰ ਹਨ। ਐੱਸਪੀ ਰੋਹਿਤ ਕਾਸ਼ਵਾਨੀ ਨੇ ਦੱਸਿਆ ਕਿ ਇਬਰੇਸ਼ ਖ਼ਾਨ ਦੀ ਹੱਤਿਆ ਦੇ ਦੋਸ਼ ਹੇਠ ਸੰਦੀਪ, ਦਿਲੀਪ, ਅਜੈ, ਦੀਪਕ ਅਤੇ ਅਜੈ ਕਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਨਜ਼ਰ 'ਚ ਹੱਤਿਆ ਦਾ ਕਾਰਨ ਫਿਰਕੂ ਹਿੰਸਾ ਜਾਪਦੀ ਹੈ ਅਤੇ ਪੀੜਤ ਤੇ ਮੁਲਜ਼ਮਾਂ ਵਿਚਕਾਰ ਕੋਈ ਪੁਰਾਣੀ ਰੰਜਿਸ਼ ਨਹੀਂ ਸੀ। ਮੁਲਜ਼ਮ ਆਨੰਦ ਨਗਰ ਅਤੇ ਰਹੀਮਪੁਰਾ ਇਲਾਕਿਆਂ ਦੇ ਵਸਨੀਕ ਹਨ ਅਤੇ ਉਨ੍ਹਾਂ ਹੱਤਿਆ 'ਚ ਆਪਣੀ ਸ਼ਮੂਲੀਅਤ ਨੂੰ ਕਬੂਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਹਿੰਸਾ ਦੌਰਾਨ ਸੈਨੀਟੇਸ਼ਨ ਵਰਕਰ ਇਬਰੇਸ਼ ਖ਼ਾਨ ਨੂੰ ਮਾਰ ਦਿੱਤਾ ਗਿਆ ਸੀ। ਫਿਰਕੂ ਝੜਪਾਂ ਦੌਰਾਨ ਉਹ ਲਾਪਤਾ ਹੋ ਗਿਆ ਸੀ ਅਤੇ ਉਸ ਦੀ ਲਾਸ਼ ਕੁਝ ਦਿਨਾਂ ਮਗਰੋਂ ਮਿਲੀ ਸੀ। ਪੁਲੀਸ ਨੇ ਕਿਹਾ ਕਿ ਉਸ ਦੀ ਮੌਤ ਗੰਭੀਰ ਸੱਟਾਂ ਲੱਗਣ ਕਾਰਨ ਹੋਈ ਹੈ ਅਤੇ ਉਸ ਦੇ ਸਿਰ 'ਤੇ ਪੱਥਰ ਮਾਰੇ ਗਏ ਸਨ। ਉਸ ਦੀ ਲਾਸ਼ ਅੱਠ ਦਿਨਾਂ ਤੱਕ ਇੰਦੌਰ ਦੇ ਸਰਕਾਰੀ ਹਸਪਤਾਲ 'ਚ ਰੱਖੀ ਗਈ ਸੀ। ਪਰਿਵਾਰਕ ਮੈਂਬਰਾਂ ਨੇ 14 ਅਪਰੈਲ ਨੂੰ ਇਬਰੇਸ਼ ਖ਼ਾਨ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਜਿਸ ਮਗਰੋਂ ਪਰਿਵਾਰ ਨੂੰ ਉਸ ਦੀ ਲਾਸ਼ ਬੀਤੇ ਐਤਵਾਰ ਨੂੰ ਸੌਂਪੀ ਗਈ ਸੀ। ਉਧਰ ਅੱਜ ਕਰਫਿਊ 'ਚ ਸਵੇਰੇ 8 ਤੋਂ ਦੁਪਹਿਰ 12 ਵਜੇ ਤੱਕ ਚਾਰ ਘੰਟਿਆਂ ਦੀ ਢਿੱਲ ਦਿੱਤੀ ਗਈ। ਕਾਸ਼ਵਾਨੀ ਨੇ ਕਿਹਾ ਕਿ ਪਥਰਾਅ ਕਰਨ ਵਾਲੇ ਸੇਜੂ ਉਰਫ਼ ਫਿਰੋਜ਼ ਪਾਨਵਾਲਾ ਨੂੰ ਇੰਦੌਰ ਦੇ ਚੰਦਨ ਨਗਰ ਇਲਾਕੇ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਲਗਾਇਆ ਗਿਆ ਹੈ। ਹੁਣ ਤੱਕ 168 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। -ਪੀਟੀਆਈ



Most Read

2024-09-20 18:36:49