Breaking News >> News >> The Tribune


ਸੁਪਰੀਮ ਕੋਰਟ ਵੱਲੋਂ ਜਹਾਂਗੀਰਪੁਰੀ ਵਿੱਚ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ


Link [2022-04-22 07:14:39]



ਨਵੀਂ ਦਿੱਲੀ, 21 ਅਪਰੈਲ

ਸੁਪਰੀਮ ਕੋਰਟ ਨੇ ਅੱਜ ਕੌਮੀ ਰਾਜਧਾਨੀ 'ਚ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਇਲਾਕੇ 'ਚ ਉਸਾਰੀਆਂ ਢਾਹੁਣ ਦੀ ਮੁਹਿੰਮ 'ਤੇ ਅਗਲੇ ਹੁਕਮਾਂ ਤੱਕ ਸਥਿਤੀ 'ਜਿਉਂ ਦੀ ਤਿਉਂ' ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ ਤੇ ਕਿਹਾ ਕਿ ਉਹ ਉੱਤਰੀ ਦਿੱਲੀ ਨਗਰ ਨਿਗਮ (ਐੱਨਡੀਐੱਮਸੀ) ਦੇ ਮੇਅਰ ਨੂੰ ਆਪਣੇ ਹੁਕਮਾਂ ਤੋਂ ਜਾਣੂ ਕਰਵਾਏ ਜਾਣ ਦੇ ਬਾਵਜੂਦ ਉਸਾਰੀਆਂ ਢਾਹੁਣ ਦੀ ਮੁਹਿੰਮ ਜਾਰੀ ਰੱਖਣ 'ਤੇ ਗੰਭੀਰਤਾ ਨਾਲ ਵਿਚਾਰ ਕਰੇਗਾ। ਹਾਲਾਂਕਿ ਮਾਮਲੇ ਦੀ ਸੁਣਵਾਈ ਦੌਰਾਨ ਸਿਖਰਲੀ ਅਦਾਲਤ ਨੇ ਦੇਸ਼ ਭਰ 'ਚ ਬੁਲਡੋਜ਼ਰ ਮੁਹਿੰਮ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਮੰਗ ਇਸ ਕੇਸ ਦੌਰਾਨ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕੀਤੀ ਸੀ।

ਸਿਖਰਲੀ ਅਦਾਲਤ ਨੂੰ ਇਹ ਮੁਹਿੰਮ ਰੋਕੇ ਜਾਣ ਤੋਂ ਪਹਿਲਾਂ ਬੀਤੇ ਦਿਨ ਦੋ ਵਾਰ ਦਖਲ ਦੇਣਾ ਪਿਆ ਸੀ। ਅਦਾਲਤ ਨੇ ਜਮੀਅਤ ਉਲੇਮਾ-ਏ-ਹਿੰਦ ਦੀ ਪਟੀਸ਼ਨ 'ਤੇ ਕੇਂਦਰ ਸਰਕਾਰ ਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਮੁਹਿੰਮ ਦੌਰਾਨ ਸਿਰਫ਼ ਦੰਗਿਆਂ ਦੇ ਮੁਸਲਿਮ ਮੁਲਜ਼ਮਾਂ ਦੀਆਂ ਉਸਾਰੀਆਂ ਹੀ ਢਾਹੀਆਂ ਗਈਆਂ ਹਨ। ਜਸਟਿਸ ਐੱਲ ਨਾਗੇਸ਼ਵਰ ਰਾਓ ਤੇ ਜਸਟਿਸ ਬੀ.ਆਰ. ਗਵਈ ਨੇ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ ਜਿਸ ਦਾ ਜਵਾਬ 9 ਮਈ ਤੱਕ ਦਿੱਤਾ ਜਾਣਾ ਹੈ। ਬੈਂਚ ਨੇ ਅਗਲੇ ਹੁਕਮਾਂ ਤੱਕ ਮੌਜੂਦਾ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ ਹੈ। ਦੂਜੇ ਪਾਸੇ ਸੀਪੀਆਈ (ਐੱਮ) ਦੀ ਆਗੂ ਬ੍ਰਿੰਦਾ ਕਰਾਤ ਨੇ ਵੀ ਸੁਪਰੀਮ ਕੋਰਟ ਤੱਕ ਪਹੁੰਚ ਕਰਦਿਆਂ ਸ਼ਿਕਾਇਤ ਕੀਤੀ ਕਿ ਸਥਿਤੀ 'ਜਿਉਂ ਦੀ ਤਿਉਂ' ਬਣਾਈ ਰੱਖਣ ਦੇ ਹੁਕਮਾਂ ਦੇ ਬਾਵਜੂਦ ਉਸਾਰੀਆਂ ਢਾਹੁਣ ਦੀ ਮੁਹਿੰਮ ਰੋਕੀ ਨਹੀਂ ਗਈ ਹੈ। ਉਨ੍ਹਾਂ ਕਿਹਾ ਕਿ ਨਿਗਮ ਦੀ ਮੁਹਿੰਮ ਰੋਕਣ ਲਈ ਉਨ੍ਹਾਂ ਨੂੰ ਕੱਲ ਬੁਲਡੋਜ਼ਰ ਸਾਹਮਣੇ ਖੜ੍ਹੇ ਹੋਣਾ ਪਿਆ ਨਹੀਂ ਤਾਂ ਜਹਾਂਗੀਰਪੁਰੀ 'ਚ ਪੂਰਾ ਸੀ-ਬਲਾਕ ਤੋੜ ਦਿੱਤਾ ਜਾਂਦਾ।

ਜਮੀਅਤ-ਉਲੇਮਾ-ਏ-ਹਿੰਦ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ ਤੇ ਹੋਰਨਾਂ ਦੀਆਂ ਦਲੀਲਾਂ 'ਤੇ ਗੌਰ ਕਰਦਿਆਂ ਬੈਂਚ ਨੇ ਕਿਹਾ, 'ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਤੇ ਇੱਥੋਂ ਤੱਕ ਕਿ ਐੱਨਡੀਐੱਮਸੀ ਦੇ ਮੇਅਰ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਇਮਾਰਤਾਂ ਢਾਹੁਣ 'ਤੇ ਗੰਭੀਰਤਾ ਨਾਲ ਵਿਚਾਰ ਕਰਾਂਗੇ।' ਬੈਂਚ ਨੇ ਕਿਹਾ, 'ਅਸੀਂ ਨੋਟਿਸ 'ਤੇ ਪਟੀਸ਼ਨ ਤੋਂ ਹਲਫ਼ਨਾਮਾ ਤੇ ਜਵਾਬੀ ਹਲਫ਼ਨਾਮਾ ਚਾਹੁੰਦੇ ਹਾਂ ਅਤੇ ਉਦੋਂ ਤੱਕ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਹੁਕਮ ਜਾਰੀ ਰਹੇਗਾ।'

ਮੁਸਲਿਮ ਜਥੇਬੰਦੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਪੂਰੇ ਭਾਰਤ 'ਚ ਇੱਕ ਗੰਭੀਰ ਸਮੱਸਿਆ ਹੈ ਤੇ ਇਸ ਨੂੰ ਤੇਜ਼ੀ ਨਾਲ ਮੁਸਲਮਾਨਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, 'ਮੇਰੀ ਦਲੀਲ ਹੈ ਕਿ ਅਜਿਹੇ ਮਾਮਲੇ ਹੋਰ ਰਾਜਾਂ 'ਚ ਵੀ ਹੋ ਰਹੇ ਹਨ। ਜਦੋਂ ਜਲਸੇ ਕੱਢੇ ਜਾਂਦੇ ਹਨ ਤੇ ਝਗੜੇ ਹੁੰਦੇ ਹਨ ਤਾਂ ਸਿਰਫ਼ ਇੱਕ ਭਾਈਚਾਰੇ ਦੇ ਘਰਾਂ 'ਤੇ ਬੁਲਡੋਜ਼ਰ ਚਲਾਇਆ ਜਾਂਦਾ ਹੈ ਤੇ ਸੱਤਾ 'ਚ ਬੈਠੇ ਲੋਕ ਫ਼ੈਸਲਾ ਕਰਦੇ ਹਨ ਕਿ ਕੀ ਹੋਇਆ ਹੈ ਤੇ ਕੀ ਨਹੀਂ।' ਉਨ੍ਹਾਂ ਬੁਲਡੋਜ਼ਰ ਨਾਲ ਇਮਾਰਤਾਂ ਢਾਹੇ ਜਾਣ 'ਤੇ ਰੋਕ ਲਾਉਣ ਦੀ ਅਪੀਲ ਕੀਤੀ। ਬੈਂਚ ਨੇ ਕਿਹਾ, 'ਅਸੀਂ ਇਸ ਦੇਸ਼ 'ਚ ਭੰਨ-ਤੋੜ ਮੁਹਿੰਮ 'ਤੇ ਰੋਕ ਨਹੀਂ ਲਗਾ ਰਹੇ। ਇਹ ਹਮੇਸ਼ਾ ਬੁਲਡੋਜ਼ਰ ਨਾਲ ਹੁੰਦਾ ਹੈ।' ਜਹਾਂਗੀਰਪੁਰੀ ਪਟੀਸ਼ਨਰਾਂ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਦਾਅਵਾ ਕੀਤਾ ਕਿ ਇਹ ਮੁਹਿੰਮ ਬਿਨਾਂ ਕਿਸੇ ਸੂਚਨਾ ਦੇ ਚਲਾਈ ਗਈ ਸੀ। ਦੁਸ਼ਯੰਤ ਦਵੇ ਨੇ ਸੁਪਰੀਮ ਕੋਰਟ ਨੂੰ ਕਿਹਾ, 'ਜੇਕਰ ਤੁਸੀਂ ਕਬਜ਼ੇ ਹਟਾਉਣਾ ਚਾਹੁੰਦੇ ਹੋ ਤਾਂ ਸੈਨਿਕ ਫਾਰਮਾਂ 'ਚ ਆਓ। ਗੋਲਫ ਲਿੰਕਸ 'ਚ ਆਓ, ਜਿੱਥੇ ਮੈਂ ਰਹਿੰਦਾ ਹਾਂ ਉੱਥੇ ਹਰ ਦੂਜੇ ਘਰ 'ਚ ਕਿਤੇ ਨਾ ਕਿਤੇ ਕਬਜ਼ਾ ਹੈ, ਪਰ ਤੁਸੀਂ ਇਸ ਨੂੰ ਬਿਲਕੁਲ ਨਹੀਂ ਛੂਹਣਾ ਵੀ ਨਹੀਂ ਚਾਹੁੰਦੇ ਬਲਕਿ ਗਰੀਬ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹੋ।' -ਪੀਟੀਆਈ

ਵੀਐੱਚਪੀ ਨੇ ਜਮਾਇਤ ਨੂੰ ਅਤਿਵਾਦ ਦਾ ਮਿਹਣਾ ਮਾਰਿਆ

ਨਵੀਂ ਦਿੱਲੀ: ਜਹਾਂਗੀਰਪੁਰੀ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ 'ਤੇ ਜਮਾਇਤ ਉਲੇਮਾ-ਏ-ਹਿੰਦ ਦੇ ਸਟੈਂਡ 'ਤੇ ਨਿਸ਼ਾਨਾ ਸੇਧਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਨੇ ਇਸ ਨੂੰ ਦਹਿਸ਼ਤਵਾਦ ਨੂੰ ਫੰਡ ਮੁਹੱਈਆ ਕਰਵਾਉਣ ਵਾਲੀ ਸੰਸਥਾ ਗਰਦਾਨਿਆ। ਦੂਜੇ ਪਾਸੇ ਮੁਸਲਿਮ ਜਥੇਬੰਦੀ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਸੱਜੇਪੱਖੀ ਸੰਸਥਾ ਨੂੰ ਇਸ ਸਬੰਧੀ ਸਬੂਤ ਪੇਸ਼ ਕਰਨ ਲਈ ਆਖਿਆ। -ਪੀਟੀਆਈ

ਜਹਾਂਗੀਰਪੁਰੀ 'ਚ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ

ਜਹਾਂਗੀਰਪੁਰੀ ਦੇ ਸੀ-ਬਲਾਕ 'ਚ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਕਰਕੇ ਬੈਰੀਕੇਡ ਲਗਾ ਦਿੱਤੇ ਗੲੇ ਹਨ। ਇਸ ਇਲਾਕੇ 'ਚ ਮੀਡੀਆ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਆਮ ਲੋਕ ਆਪਣੇ ਘਰਾਂ 'ਚ ਬੰਦ ਹਨ। ਇਹ ਥਾਂ ਹਨੂੰਮਾਨ ਜੈਅੰਤੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਹੋਈ ਫਿਰਕੂ ਹਿੰਸਾ ਦਾ ਕੇਂਦਰ ਬਣੀ ਸੀ। ਇਲਾਕੇ 'ਚ ਮਾਹੌਲ ਤਣਾਅ ਭਰਿਆ ਹੈ ਕਿਉਂਕਿ ਆਮ ਤੌਰ 'ਤੇ ਰੌਣਕ ਵਾਲੇ ਕੁਸ਼ਲ ਚੌਕ 'ਤੇ ਸੁੰਨ ਪਸਰੀ ਰਹੀ ਤੇ ਦੁਕਾਨਾਂ ਬੰਦ ਰਹੀਆਂ।

'ਕੀ ਕੁਰਸੀਆਂ-ਮੇਜ਼ ਹਟਾਉਣ ਲਈ ਬੁਲਡੋਜ਼ਰ ਚਾਹੀਦੇ ਨੇ'

ਨਵੀਂ ਦਿੱਲੀ: ਜਹਾਂਗੀਰਪੁਰੀ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅੱਜ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਸਵਾਲ ਕੀਤਾ, 'ਕੀ ਤੁਹਾਨੂੰ ਸਟਾਲ, ਕੁਰਸੀਆਂ, ਮੇਜ਼ ਤੇ ਬਕਸੇ ਹਟਾਉਣ ਲਈ ਬੁਲਡੋਜ਼ਰਾਂ ਦੀ ਜ਼ਰੂਰਤ ਹੈ?' ਬੈਂਚ ਨੇ ਇਹ ਸਵਾਲ ਐੱਨਡੀਐੱਮਸੀ ਵੱਲੋਂ ਪੇਸ਼ ਲਾਅ ਅਫਸਰ ਵੱਲੋਂ ਇਹ ਦੱਸੇ ਜਾਣ ਕਿ ਸੜਕਾਂ ਤੇ ਫੁੱਟਪਾਥਾਂ ਤੋਂ ਸਟਾਲ, ਕੁਰਸੀਆਂ ਆਦਿ ਹਟਾਉਣ ਲਈ ਕੋਈ ਨੋਟਿਸ ਦੇਣ ਦੀ ਲੋੜ ਨਹੀਂ ਪੈਂਦੀ, ਮਗਰੋਂ ਪੁੱਛਿਆ। ਅਦਾਲਤ ਨੇ ਪੁੱਛਿਆ, 'ਕੀ ਬੀਤੇ ਦਿਨ ਜੋ ਮੁਹਿੰਮ ਚਲਾਈ ਗਈ ਉਹ ਬੈਂਚਾਂ, ਬਕਸਿਆਂ ਤੇ ਕੁਰਸੀਆਂ ਤੱਕ ਸੀਮਤ ਸੀ।' ਸੌਲੀਸਿਟਰ ਜਨਰਲ ਨੇ ਕਿਹਾ ਕਿ ਗਲੀਆਂ ਤੇ ਫੁੱਟਪਾਥਾਂ 'ਤੇ ਜੋ ਵੀ ਸੀ ਹਟਾ ਦਿੱਤਾ ਗਿਆ। ਉਨ੍ਹਾਂ ਨੂੰ ਇਹੀ ਹਦਾਇਤ ਸੀ। ਇਸ ਬਾਕੀ ਸਫਾ 10 raquo;

ਕਾਂਗਰਸੀ ਵਫ਼ਦ ਵੱਲੋਂ ਜਹਾਂਗੀਰਪੁਰੀ ਦਾ ਦੌਰਾ

ਅਜੈ ਮਾਕਨ ਦੀ ਅਗਵਾਈ ਵਿੱਚ ਕਾਂਗਰਸੀ ਵਫ਼ਦ ਨਵੀਂ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਹਿੰਸਾ ਦੀ ਮਾਰ ਹੇਠ ਆਏ ਖੇਤਰਾਂ ਦਾ ਦੌਰਾ ਕਰਦਾ ਹੋਇਆ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ (ਪੱਤਰ ਪ੍ਰੇਰਕ):ਕਾਂਗਰਸੀ ਆਗੂਆਂ ਦੇ ਵਫ਼ਦ ਨੇ ਅੱਜ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਦਾ ਦੌਰਾ ਕੀਤਾ ਪਰ ਪੁਲੀਸ ਨੇ ਉਨ੍ਹਾਂ ਨੂੰ ਉਸ ਖੇਤਰ ਵਿੱਚ ਜਾਣ ਤੋਂ ਰੋਕ ਦਿੱਤਾ ਜਿੱਥੇ ਉੱਤਰੀ ਐੱਮਸੀਡੀ ਨੇ ਇੱਕ ਦਿਨ ਪਹਿਲਾਂ ਕਬਜ਼ੇ ਹਟਾਊ ਮੁਹਿੰਮ ਚਲਾਈ ਸੀ। ਕਾਂਗਰਸ ਦੇ ਵਫ਼ਦ ਵਿੱਚ ਸਾਬਕਾ ਕੇਂਦਰੀ ਮੰਤਰੀ ਅਜੈ ਮਾਕਨ ਤੇ 'ਏਆਈਸੀਸੀ' ਦੀ ਸੂਬਾਈ ਇਕਾਈ ਦੇ ਇੰਚਾਰਜ ਸ਼ਕਤੀ ਸਿੰਘ ਗੋਹਿਲ ਵੀ ਸ਼ਾਮਲ ਸਨ। ਸ੍ਰੀ ਮਾਕਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਮੁਹਿੰਮ ਗਰੀਬ ਲੋਕਾਂ ਅਤੇ ਉਨ੍ਹਾਂ ਦੇ ਰੋਜ਼ੀ-ਰੋਟੀ ਦੇ ਸਾਧਨਾਂ 'ਤੇ ਹਮਲਾ ਹੈ। ਅਦਾਲਤ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨਿਯਮਾਂ ਦੀ ਉਲੰਘਣਾ ਕਰਕੇ ਚਲਾਈ ਗਈ ਸੀ। ਉਨ੍ਹਾਂ ਕਿਹਾ, 'ਇਹ ਉਸਾਰੀਆਂ ਢਾਹੁਣਾ ਗੈਰਕਾਨੂੰਨੀ ਹੈ। ਮੈਂ ਵੀ ਸ਼ਹਿਰੀ ਵਿਕਾਸ ਮੰਤਰੀ ਸੀ ਤੇ ਮੈਨੂੰ ਪਤਾ ਹੈ ਕਿ ਕਾਨੂੰਨ ਕਿਵੇਂ ਕੰਮ ਕਰਦੇ ਬਾਕੀ ਸਫਾ 10 raquo;



Most Read

2024-09-20 20:38:15