Breaking News >> News >> The Tribune


ਦੇਸ਼ ਦੀ ਏਕਤਾ ਤੇ ਅਖੰਡਤਾ ਨਾਲ ਕੋਈ ਸਮਝੌਤਾ ਨਾ ਕਰਨ ਸਿਵਲ ਸੇਵਾ ਅਧਿਕਾਰੀ: ਮੋਦੀ


Link [2022-04-22 07:14:39]



ਨਵੀਂ ਦਿੱਲੀ, 21 ਅਪਰੈਲ

ਕੋਈ ਵੀ ਫ਼ੈਸਲਾ ਲੈਣ ਵੇਲੇ ਮੁਲਕ ਨੂੰ ਤਰਜੀਹ ਦੇਣ ਸਬੰਧੀ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਲਕ ਦੀ ਏਕਤਾ ਤੇ ਅਖੰਡਤਾ ਸਬੰਧੀ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਤੇ ਸਥਾਨਕ ਪੱਧਰ 'ਤੇ ਵੀ ਫ਼ੈਸਲੇ ਇਸ ਬੁਨਿਆਦੀ ਆਧਾਰ 'ਤੇ ਕੀਤੇ ਜਾਣੇ ਚਾਹੀਦੇ ਹਨ। ਵਿਗਿਆਨ ਭਵਨ 'ਚ 15ਵੇਂ ਸਿਵਲ ਸਰਵਿਸਿਜ਼ ਡੇਅ ਮੌਕੇ ਸਿਵਲ ਸੇਵਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਫ਼ੈਸਲੇ ਦਾ ਮੁਲਾਂਕਣ ਇਸ ਵੱਲੋਂ ਮੁਲਕ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਦੀ ਸਮਰੱਥਾ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, 'ਮੁਲਕ ਦੇ ਲੋਕਤੰਤਰੀ ਢਾਂਚੇ ਦੇ ਮੱਦੇਨਜ਼ਰ ਸਾਨੂੰ ਤਿੰਨ ਟੀਚਿਆਂ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਪਹਿਲਾ ਟੀਚਾ ਹੈ ਕਿ ਮੁਲਕ ਦੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਚਾਹੀਦਾ ਹੈ, ਉਨ੍ਹਾਂ ਦੀ ਜ਼ਿੰਦਗੀ ਆਸਾਨ ਹੋਣੀ ਚਾਹੀਦੀ ਹੈ ਤੇ ਉਹ ਇਹ ਸੌਖ ਮਹਿਸੂਸ ਕਰ ਸਕਣ ਦੇ ਸਮਰੱਥ ਹੋ ਸਕਣ। ਆਮ ਲੋਕਾਂ ਨੂੰ ਸਰਕਾਰ ਨਾਲ ਰਾਬਤਾ ਕਰਨ 'ਚ ਦਿੱਕਤ ਦਰਪੇਸ਼ ਨਹੀਂ ਆਉਣੀ ਚਾਹੀਦੀ ਤੇ ਉਨ੍ਹਾਂ ਨੂੰ ਵੱਖੋ-ਵੱਖਰੇ ਲਾਭ ਤੇ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਮਿਲਣੀਆਂ ਚਾਹੀਦੀਆਂ ਹਨ। ਦੂਜਾ, ਭਾਰਤ ਦੀ ਪਛਾਣ 'ਚ ਆ ਰਹੀ ਤਬਦੀਲੀ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਕੰਮ ਆਲਮੀ ਸੰਦਰਭ 'ਚ ਕੀਤੇ ਜਾਣ। ਤੀਜਾ, ਜਦੋਂ ਵੀ ਅਸੀਂ ਸਿਸਟਮ 'ਚ ਹੁੰਦੇ ਤਾਂ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੁਲਕ ਦੀ ਏਕਤਾ ਤੇ ਅਖੰਡਤਾ ਹੈ ਜਿਸ ਸਬੰਧੀ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇੱਥੋਂ ਤੱਕ ਕਿ ਸਥਾਨਕ ਫ਼ੈਸਲੇ ਵੀ ਇਸ ਬੁਨਿਆਦੀ ਆਧਾਰ 'ਤੇ ਕੀਤੇ ਜਾਣੇ ਚਾਹੀਦੇ ਹਨ।'

ਸਟਾਰਟਅਪ ਪ੍ਰਣਾਲੀਆਂ ਤੇ ਖੇਤੀਬਾੜੀ ਦੇ ਖੇਤਰ 'ਚ ਆ ਰਹੀਆਂ ਨਵੀਨਤਾਵਾਂ ਦੀਆਂ ਮਿਸਾਲਾਂ ਦਿੰਦਿਆਂ ਉਨ੍ਹਾਂ ਸਿਵਲ ਸੇਵਾ ਅਧਿਕਾਰੀਆਂ ਨੂੰ ਇਸ 'ਚ ਉਸਾਰੂ ਭੂਮਿਕਾ ਨਿਭਾਉਣ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਲੀਕ ਤੋਂ ਹਟ ਕੇ ਸੋਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦਾ ਸੁਭਾਅ 'ਰਾਜਨੀਤੀ' ਕਰਨ ਦਾ ਨਹੀਂ ਬਲਕਿ 'ਜਨਨੀਤੀ' ਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਲੋਕ ਪ੍ਰਸ਼ਾਸਨ 'ਚ ਸਰਵੋਤਮ ਕਾਰਗੁਜ਼ਾਰੀ ਲਈ ਪ੍ਰਧਾਨ ਮੰਤਰੀ ਐਵਾਰਡ ਵੀ ਦਿੱਤੇ। ਉਨ੍ਹਾਂ ਪੰਜ ਤਰਜੀਹੀ ਪ੍ਰੋਗਰਾਮਾਂ ਤੇ ਲੋਕ ਪ੍ਰਸ਼ਾਸਨ ਦੇ ਖੇਤਰ ਅਤੇ ਸੇਵਾਵਾਂ ਮੁਹੱਈਆ ਕਰਵਾਉਣ 'ਚ ਨਵੀਨਤਮ ਤਕਨਾਲੋਜੀਆਂ ਦੀ ਵਰਤੋਂ ਲਈ 16 ਐਵਾਰਡ ਵੀ ਦਿੱਤੇ। -ਪੀਟੀਆਈ

ਪ੍ਰਸ਼ਾਸਕੀ ਮਾਡਲ ਵਿੱਚ ਤਬਦੀਲੀ ਦੀ ਲੋੜ 'ਤੇ ਦਿੱਤਾ ਜ਼ੋਰ

ਪ੍ਰਧਾਨ ਮੰਤਰੀ ਨੇ ਨਿਯਮਿਤ ਆਧਾਰ 'ਤੇ ਸਿਸਟਮਾਂ ਤੇ ਪ੍ਰਸ਼ਾਸਕੀ ਮਾਡਲਾਂ 'ਚ ਸਮੇਂ ਮੁਤਾਬਕ ਤਬਦੀਲੀ ਲਿਆਉਣ ਦੀ ਲੋੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪਿਛਲੀ ਸ਼ਤਾਬਦੀ ਦੀਆਂ ਕਾਰਜ ਪ੍ਰਣਾਲੀਆਂ ਨਾਲ ਅਜੋਕੀਆਂ ਚੁਣੌਤੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਸਾਲ 2047 ਤੱਕ ਭਾਰਤ ਦੀ ਆਜ਼ਾਦੀ ਦੇ 100 ਵਰ੍ਹੇ ਮੁਕੰਮਲ ਹੋਣ ਤੱਕ ਪੁੱਜਣ ਲਈ 25 ਸਾਲਾਂ ਦੇ ਸਫ਼ਰ ਨੂੰ 'ਅੰਮ੍ਰਿਤ ਕਾਲ' ਆਖਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਮਹਿਜ਼ ਇੱਕ ਰੁਟੀਨ ਜਾਂ 75ਵੇਂ ਵਰ੍ਹੇ ਤੋਂ ਆਜ਼ਾਦੀ ਦੇ 100 ਸਾਲਾਂ ਤੱਕ ਦੇ ਸਫ਼ਰ ਲਈ ਜਸ਼ਨ ਮਨਾਉਣਾ ਜਾਂ ਇਸਦੀ ਸ਼ਲਾਘਾ ਕਰਨਾ ਨਹੀਂ ਹੋਣਾ ਚਾਹੀਦਾ।



Most Read

2024-09-20 20:46:21