Breaking News >> News >> The Tribune


ਹਰ ਸੁਰੱਖਿਆ ਚੁਣੌਤੀ ਲਈ ਤਿਆਰ ਰਹੇ ਫ਼ੌਜ: ਰਾਜਨਾਥ


Link [2022-04-22 07:14:39]



ਨਵੀਂ ਦਿੱਲੀ, 21 ਅਪਰੈਲ

ਰੂਸ-ਯੂਕਰੇਨ ਜੰਗ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਫ਼ੌਜ ਦੇ ਚੋਟੀ ਦੇ ਕਮਾਂਡਰਾਂ ਨੂੰ ਗੈਰ-ਰਵਾਇਤੀ ਜੰਗ ਸਮੇਤ ਭਵਿੱਖ ਵਿੱਚ ਦੇਸ਼ ਨੂੰ ਦਰਪੇਸ਼ ਹਰੇਕ ਸੰਭਾਵੀ ਸੁਰੱਖਿਆ ਚੁਣੌਤੀ ਲਈ ਤਿਆਰ ਰਹਿਣ ਦਾ ਹੋਕਾ ਦਿੱਤਾ। ਸੋਮਵਾਰ ਨੂੰ ਸ਼ੁਰੂ ਹੋਈ ਫ਼ੌਜੀ ਕਮਾਂਡਰਾਂ ਦੀ ਕਾਨਫ਼ਰੰਸ ਦੌਰਾਨ ਰੱਖਿਆ ਮੰਤਰੀ ਨੇ ਇਹ ਟਿੱਪਣੀ ਕੀਤੀ। ਇਹ ਕਾਨਫ਼ਰੰਸ ਸ਼ੁੱਕਰਵਾਰ ਨੂੰ ਸਮਾਪਤ ਹੋਵੇਗੀ। ਉਨ੍ਹਾਂ ਕਿਸੇ ਵੀ ਸੰਭਾਵੀ ਘਟਨਾਕ੍ਰਮ ਤੋਂ ਨਜਿੱਠਣ ਲਈ ਫ਼ੌਜ ਦੀ ਜੰਗੀ ਤਿਆਰੀ ਵਾਸਤੇ ਇਸ ਦੀ ਸ਼ਲਾਘਾ ਕੀਤੀ।

ਕਮਾਂਡਰਾਂ ਨੇ ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ 'ਤੇ ਭਾਰਤ ਦੀਆਂ ਕੌਮੀ ਚੁਣੌਤੀਆਂ ਦੀ ਵਿਆਪਕ ਸਮੀਖਿਆ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਖੇਤਰ ਲਈ ਰੂਸ-ਯੂਕਰੇਨ ਜੰਗ ਦੇ ਸੰਭਾਵੀ ਭੂ-ਰਾਜਨੀਤਿਕ ਪ੍ਰਭਾਵਾਂ ਦਾ ਮੁਲਾਂਕਣ ਵੀ ਕੀਤਾ। ਸ੍ਰੀ ਸਿੰਘ ਨੇ ਟਵੀਟ ਕੀਤਾ, ''ਫ਼ੌਜੀ ਕਮਾਂਡਰਾਂ ਦੀ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਜੰਗੀ ਤਿਆਰੀਆਂ ਤੇ ਸਮਰੱਥਾਵਾਂ ਲਈ ਭਾਰਤੀ ਫ਼ੌਜ ਦੀ ਸ਼ਲਾਘਾ ਕੀਤੀ। ਫ਼ੌਜੀ ਕਮਾਂਡਰਾਂ ਨੂੰ ਗੈਰ-ਰਵਾਇਤੀ ਜੰਗ ਸਣੇ ਭਵਿੱਖ ਵਿੱਚ ਹਰ ਸੰਭਵ ਚੁਣੌਤੀ ਲਈ ਤਿਆਰ ਰਹਿਣ ਵਾਸਤੇ ਉਤਸ਼ਾਹਿਤ ਕੀਤਾ ਗਿਆ।''

ਭਾਰਤੀ ਫ਼ੌਜ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਦੇਸ਼ ਲਈ 'ਬਿਨਾ ਸੁਆਰਥ' ਦੇਸ਼ ਸੇਵਾ ਅਤੇ ਸਵਦੇਸ਼ੀਕਰਨ ਰਾਹੀਂ ਆਧੁਨਿਕੀਕਰਨ ਦੀ ਦਿਸ਼ਾ ਵਿੱਚ ਇਸ ਦੀਆਂ ਅਣਥੱਕ ਕੋਸ਼ਿਸ਼ਾਂ ਲਈ ਫ਼ੌਜੀ ਬਲਾਂ ਦੀ ਸ਼ਲਾਘਾ ਕੀਤੀ।

ਫ਼ੌਜੀ ਕਮਾਂਡਰਾਂ ਦੀ ਕਾਨਫ਼ਰੰਸ ਇਕ ਸਿਖਰਲੇ ਪੱਧਰ ਦਾ ਪ੍ਰੋਗਰਾਮ ਹੈ ਜੋ ਹਰ ਸਾਲ ਅਪਰੈਲ ਤੇ ਅਕਤੂਬਰ ਵਿੱਚ ਕਰਵਾਇਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਵਿੱਚ ਜੰਗ ਦੇ ਖੇਤਰੀ ਸੁਰੱਖਿਆ 'ਤੇ ਸੰਭਾਵੀ ਪ੍ਰਭਾਵਾਂ ਦੇ ਨਾਲ ਹੀ ਸੰਘਰਸ਼ ਦੇ ਵੱਖ-ਵੱਖ ਫ਼ੌਜੀ ਪਹਿਲੂਆਂ ਬਾਰੇ ਵਿਸਥਾਰ ਵਿੱਚ ਵਿਚਾਰ-ਚਰਚਾ ਕੀਤੀ ਗਈ। -ਪੀਟੀਆਈ

'ਭਾਰਤ ਤੇ ਅਮਰੀਕਾ ਦੇ ਰਣਨੀਤਕ ਹਿੱਤਾਂ ਨੂੰ ਲੈ ਕੇ ਸਾਂਝੇਦਾਰੀ ਵਧੀ'

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ 'ਇੰਡੀਅਨ ਅਮਰੀਕਨ ਚੈਂਬਰ ਆਫ਼ ਕਾਮਰਸ' ਵਿੱਚ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਤੇ ਅਮਰੀਕਾ ਦੋਵੇਂ ਇਕ ਆਜ਼ਾਦ, ਖੁੱਲ੍ਹੇ, ਸੰਮਲਿਤ ਅਤੇ ਨਿਯਮ-ਆਧਾਰਤ ਹਿੰਦ-ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਖਿੱਤੇ ਦਾ ਇਕ ਵਰਗਾ ਨਜ਼ਰੀਆ ਸਾਂਝਾ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਹਿੱਤਾਂ ਨੂੰ ਲੈ ਕੇ ਸਾਂਝੇਦਾਰੀ ਵਧੀ ਹੈ ਅਤੇ ਦੋਹਾਂ ਧਿਰਾਂ ਇਕ ਲਚਕੀਲੀ ਅਤੇ ਨਿਯਮ-ਆਧਾਰਤ ਕੌਮਾਂਤਰੀ ਵਿਵਸਥਾ ਚਾਹੁੰਦੀਆਂ ਹਨ ਜੋ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰੇ। -ਪੀਟੀਆਈ

ਰਾਜਨਾਥ ਅੱਜ ਡਿਫੈਂਸਕੁਨੈਕਟ 2.0 ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਡਿਫੈਂਸਕੁਨੈਕਟ 2.0 ਦਾ ਉਦਘਾਟਨ ਕਰਨਗੇ, ਜੋ ਰੱਖਿਆ ਦੇ ਖੇਤਰ ਵਿੱਚ ਨਵੀਨਤਾ ਨੂੰ ਹੁਲਾਰਾ ਦੇਣ ਲਈ ਸਟਾਰਟ-ਅੱਪਸ, ਵੱਡੀਆਂ ਕੰਪਨੀਆਂ ਅਤੇ ਹਥਿਆਰਬੰਦ ਬਲਾਂ ਦੇ ਮੁਲਾਜ਼ਮਾਂ ਨੂੰ ਇਕ ਮੰਚ 'ਤੇ ਲਿਆਉਣ ਲਈ ਇਕ ਰੋਜ਼ਾ ਪ੍ਰੋਗਰਾਮ ਹੈ। ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। -ਪੀਟੀਆਈ



Most Read

2024-09-20 20:51:20