Breaking News >> News >> The Tribune


ਅਸਾਮ ਪੁਲੀਸ ਵੱਲੋਂ ਗੁਜਰਾਤ ਦਾ ਵਿਧਾਇਕ ਜਿਗਨੇਸ਼ ਮੇਵਾਨੀ ਗ੍ਰਿਫ਼ਤਾਰ


Link [2022-04-22 07:14:39]



ਅਹਿਮਦਾਬਾਦ/ਗੁਹਾਟੀ/ਕੋਕਰਾਝਾਰ, 21 ਅਪਰੈਲ

ਅਸਾਮ ਪੁਲੀਸ ਨੇ ਗੁਜਰਾਤ ਤੋਂ ਵਿਧਾਇਕ ਤੇ ਦਲਿਤ ਆਗੂ ਜਿਗਨੇਸ਼ ਮੇਵਾਨੀ ਨੂੰ ਬੁੱਧਵਾਰ ਰਾਤ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਪਾਲਨਪੁਰ ਕਸਬੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੇਵਾਨੀ ਖਿਲਾਫ਼ ਅਸਾਮ ਦੇ ਕੋਕਰਾਝਾਰ ਵਿੱਚ ਆਈਪੀਸੀ ਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੇਵਾਨੀ ਨੂੰ ਕੋਰਟ ਿਵੱਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ ਿਤੰਨ ਦਿਨ ਦੇ ਪੁਲੀਸ ਰਿਮਾਂਡ 'ਤੇ ਭੇਜ ਿਦੱਤਾ। ਮੇਵਾਨੀ ਨੂੰ ਅੱਜ ਸਵੇਰੇ ਹਵਾਈ ਰਸਤੇ ਗੁਜਰਾਤ ਤੋਂ ਗੁਹਾਟੀ ਅਤੇ ਫਿਰ ਸੜਕ ਰਸਤੇ ਕੋਕਰਾਝਾਰ ਲਿਆਂਦਾ ਗਿਆ। ਅਸਾਮ ਕਾਂਗਰਸ ਨੇ ਸ਼ੁੱਕਰਵਾਰ ਨੂੰ ਗੁਹਾਟੀ ਨਗਰ ਨਿਗਮ ਦੀਆਂ ਚੋਣਾਂ ਕਰਕੇ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਮੇਵਾਨੀ ਨੂੰ ਜ਼ਮਾਨਤ ਨਾ ਮਿਲੀ ਤਾਂ ਉਹ ਸੰਘਰਸ਼ ਵਿੱਢਣਗੇ। ਉਧਰ ਮੇਵਾਨੀ ਦੀ ਗ੍ਰਿਫ਼ਤਾਰੀ ਤੋਂ ਰੋਹ ਵਿੱਚ ਆਏ ਗੁਜਰਾਤ ਕਾਂਗਰਸ ਦੇ ਆਗੂਆਂ ਨੇ ਸ਼ਹਿਰ ਦੇ ਸਾਰੰਗਪੁਰ ਚੌਕ ਵਿੱਚ ਰੋਸ ਮੁਜ਼ਾਹਰਾ ਕੀਤਾ। ਗੁਜਰਾਤ ਪੁਲੀਸ ਨੇ ਮੇਵਾਨੀ ਦੀ ਗ੍ਰਿਫ਼ਤਾਰੀ ਬਾਰੇ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਪਰ ਮੇਵਾਨੀ ਦੇ ਨੇੜਲੇ ਸਾਥੀ ਨੇ ਅਸਾਮ ਪੁਲੀਸ ਵੱਲੋਂ ਸਾਂਝੇ ਕੀਤੇ ਦਸਤਾਵੇਜ਼ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਦਲਿਤ ਵਿਧਾਇਕ ਨੂੰ ਮਹਾਤਮਾ ਗਾਂਧੀ ਦੇ ਹੱਤਿਆਰੇ ਨਥੂਰਾਮ ਗੋਡਸੇ ਬਾਰੇ ਕੀਤੇ ਟਵੀਟ ਲਈ ਗ੍ਰਿਫਤਾਰ ਕੀਤਾ ਗਿਆ ਹੈ। ਬਨਾਸਕਾਂਠਾ ਜ਼ਿਲ੍ਹੇ ਦੇ ਐੱਸਪੀ ਅਕਸ਼ੈਰਾਜ ਮਕਵਾਨਾ ਨੇ ਅਸਾਮ ਪੁਲੀਸ ਵੱਲੋਂ ਮੇਵਾਨੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਲਨਪੁਰ ਪੁਲੀਸ ਨੂੰ ਜਾਣਕਾਰੀ ਦੇਣ ਮਗਰੋਂ ਅਸਾਮ ਪੁਲੀਸ ਨੂੰ ਉਸ ਨੂੰ ਆਪਣੇ ਨਾਲ ਲੈ ਗਈ ਹੈ। ਮੇਵਾਨੀ ਨੇ ਸਾਲ 2017 ਵਿੱਚ ਕਾਂਗਰਸ ਦੀ ਹਮਾਇਤ ਨਾਲ ਬਨਾਸਕਾਂਠਾ ਦੇ ਵਡਗਾਮ (ਐੱਸਸੀ) ਸੀਟ ਤੋਂ ਆਜ਼ਾਦ ਵਿਧਾਇਕ ਵਜੋਂ ਚੋਣ ਜਿੱਤੀ ਸੀ। ਮੇਵਾਨੀ ਦੇ ਨੇੜਲੇ ਸਾਥੀ ਸੁਰੇਸ਼ ਜਾਟ ਨੇ ਕਿਹਾ ਕਿ ਦਲਿਤ ਆਗੂ ਖਿਲਾਫ਼ ਦਰਜ ਐੱਫਆਈਆਰ ਵਿੱਚ ਆਈਪੀਸੀ ਦੀ ਧਾਰਾ 153 ਏ ਵੀ ਸ਼ਾਮਲ ਹੈ, ਜੋ ਦੋ ਭਾਈਚਾਰਿਆਂ 'ਚ ਵੈਰ ਭਾਵਨਾ ਵਧਾਉਣ ਜਿਹੇ ਅਪਰਾਧਾਂ ਨਾਲ ਸਿੱਝਦੀ ਹੈ। ਇਸ ਤੋਂ ਇਲਾਵਾ ਐਫਆਈਆਰ ਵਿੱਚ 295ੲੇ ਤੇ 504 ਅਤੇ ਆਈਟੀ ਐਕਟ ਦੀਆਂ ਕਈ ਧਾਰਾਵਾਂ ਵੀ ਸ਼ਾਮਲ ਹਨ। ਮੇਵਾਨੀ ਦੇ ਦਫ਼ਤਰ ਨੇ ਕਿਹਾ ਕਿ ਵਿਧਾਇਕ ਨੂੰ ਬੁੱਧਵਾਰ ਰਾਤ 11:30 ਵਜੇ ਦੇ ਕਰੀਬ ਪਾਲਨਪੁਰ ਸਰਕਟ ਹਾਊਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਜਰਾਤ ਕਾਂਗਰਸ ਦੇ ਪ੍ਰਧਾਨ ਜਗਦੀਸ਼ ਠਾਕੋਰ ਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਤੜਕੇ 4 ਵਜੇ ਅਹਿਮਦਾਬਾਦ ਹਵਾਈ ਅੱਡੇ 'ਤੇ ਪੁੱਜ ਕੇ ਮੇਵਾਨੀ ਨਾਲ ਇਕਜੁਟਤਾ ਦਾ ਇਜ਼ਹਾਰ ਕੀਤਾ।

ਉਧਰ ਅਸਾਮ ਕਾਂਗਰਸ ਨੇ ਕਿਹਾ ਕਿ ਮੇਵਾਨੀ ਨੂੰ ਇਕ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਰਟੀ ਨੇ ਦਲਿਤ ਆਗੂ ਦੀ ਸਹਾਇਤਾ ਲਈ ਕਾਨੂੰਨੀ ਮਾਹਿਰਾਂ ਦੀ ਟੀਮ ਭੇਜ ਦਿੱਤੀ ਹੈ। ਅਸਾਮ ਪ੍ਰਦੇਸ਼ ਕਾਂਗਰਸ ਕਮੇਟੀ (ਏਪੀਸੀਸੀ) ਦੇ ਪ੍ਰਧਾਨ ਭੁਪੇਨ ਬੋਰਾ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਦਲਿਤ ਆਗੂ ਖਿਲਾਫ਼ ਕਥਿਤ ਸਾਜ਼ਿਸ਼ ਦੱਸਿਆ ਹੈ। ਬੋਰਾ ਨੇ ਕਿਹਾ, ''ਪੁਲੀਸ ਨੇ ਮੇਵਾਨੀ ਨੂੰ ਗ੍ਰਿਫਤਾਰ ਕਰਨ ਲਈ ਆਧਾਰ ਬਣਾਈ ਐੱਫਆਈਆਰ ਬਾਰੇ ਤਫ਼ਸੀਲ ਨਹੀਂ ਦਿੱਤੀ। ਮੇਵਾਨੀ ਵੱਲੋਂ ਅਕਸਰ ਭਾਜਪਾ ਤੇ ਆਰਐੱਸਐੱਸ ਦਾ ਵਿਰੋਧ ਕੀਤਾ ਜਾਂਦਾ ਸੀ।'' ਪਾਰਟੀ ਦੇ ਮੁੱਖ ਤਰਜਮਾਨ ਮਨਜੀਤ ਮਹੰਤਾ ਨੇ ਕਿਹਾ ਕਿ ਮੇਵਾਨੀ ਦੀ ਮਦਦ ਲਈ ਕਾਨੂੰਨੀ ਮਾਹਿਰਾਂ ਦੀ ਟੀਮ ਕੰਮ 'ਤੇ ਲਾ ਦਿੱਤੀ ਗਈ ਹੈ। ਮਹੰਤਾ ਨੇ ਕਿਹਾ ਕਿ ਉਹ ਗੁਹਾਟੀ ਨਗਰ ਨਿਗਮ ਚੋਣਾਂ ਕਰਕੇ ਦੋ ਦਿਨ ਉਡੀਕ ਕਰਨਗੇ, ਜੇਕਰ ਇਸ ਦੌਰਾਨ ਮੇਵਾਨੀ ਨੂੰ ਜ਼ਮਾਨਤ ਨਾ ਮਿਲੀ ਤਾਂ ਉਹ ਅੰਦੋਲਨ ਸ਼ੁਰੂ ਕਰਨਗੇ। ਮੇਵਾਨੀ ਖਿਲਾਫ਼ ਦਰਜ ਐੱਫਆਈਆਰ ਮੁਤਾਬਕ ਮੇਵਾਨੀ ਨੇ ਟਵੀਟ ਵਿੱਚ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਗੋਡਸੇ ਨੂੰ ਭਗਵਾਨ ਮੰਨਦੇ' ਹਨ। -ਪੀਟੀਆਈ

ਮੈਨੂੰ ਨਹੀਂ ਪਤਾ ਕਿ ਮੇਵਾਨੀ ਕੌਣ ਹੈ: ਮੁੱਖ ਮੰਤਰੀ

ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਜਿਗਨੇਸ਼ ਮੇਵਾਨੀ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੁੱਖ ਮੰਤਰੀ ਸਰਮਾ ਨੇ ਸਮਾਗਮ ਤੋਂ ਇਕਪਾਸੇ ਪੱਤਰਕਾਰਾਂ ਵੱਲੋਂ ਮੇਵਾਨੀ ਦੀ ਗ੍ਰਿਫ਼ਤਾਰੀ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ, ''ਮੈਨੂੰ ਨਹੀਂ ਪਤਾ ਕਿ ਉਹ ਕੌਣ ਹੈ? ਮੈਨੂੰ ਕੋਈ ਜਾਣਕਾਰੀ ਨਹੀਂ ਹੈ।'' -ਪੀਟੀਆਈ



Most Read

2024-09-20 20:39:50