World >> The Tribune


ਮਾਰੀਓਪੋਲ ਜਿੱਤਣ ਦੇ ਨੇੜੇ ਪੁੱਜਾ ਰੂਸ


Link [2022-04-22 04:14:38]



ਕੀਵ, 21 ਅਪਰੈਲ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕੂਟਨੀਤਕ ਪੱਖ ਤੋਂ ਅਹਿਮ ਬੰਦਰਗਾਹ ਮਾਰੀਓਪੋਲ 'ਤੇ ਜਿੱਤ ਦਾ ਦਾਅਵਾ ਕਰਨ ਦੀ ਤਿਆਰੀ ਵਿੱਚ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਆਪਣੀਆਂ ਫੌਜਾਂ ਨੂੰ ਯੂਕਰੇਨ ਦੇ ਆਖਰੀ ਗੜ੍ਹ 'ਤੇ ਹਮਲਾ ਕਰਨ ਤੋਂ ਫਿਲਹਾਲ ਰੋਕ ਦਿੱਤਾ ਹੈ। ਰੂਸੀ ਫੌਜਾਂ ਨੇ ਇਸ ਦੱਖਣ-ਪੂਰਬੀ ਸ਼ਹਿਰ ਨੂੰ ਲੰਮੇ ਸਮੇਂ ਤੋਂ ਘੇਰਾ ਪਾਇਆ ਹੋਇਆ ਹੈ ਤੇ ਇਸ ਨੂੰ ਵੱਡੇ ਪੱਧਰ 'ਤੇ ਤਬਾਹ ਕਰ ਦਿੱਤਾ ਹੈ। ਉੱਚ ਅਧਿਕਾਰੀ ਲਗਾਤਾਰ ਸੰਕੇਤ ਦੇ ਰਹੇ ਹਨ ਯੂਕਰੇਨ ਆਪਣਾ ਇਹ ਗੜ੍ਹ ਹਾਰਨ ਵਾਲਾ ਹੈ ਪਰ ਯੂਕਰੇਨੀ ਫੌਜ ਇੱਥੇ ਮਜ਼ਬੂਤੀ ਨਾਲ ਡਟੀ ਹੋਈ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਯੂਕਰੇਨ ਦੇ ਫੌਜੀ ਇੱਥੇ ਇਕ ਸਟੀਲ ਪਲਾਂਟ ਅੰਦਰ ਡਟੇ ਹੋਏ ਹਨ। ਰੂਸੀ ਦਸਤਿਆਂ ਨੇ ਇਸ ਸਨਅਤੀ ਇਲਾਕੇ ਦੀ ਘੇਰਾਬੰਦੀ ਕਰਕੇ ਯੂਕਰੇਨੀ ਫੌਜਾਂ ਨੂੰ ਕਈ ਵਾਰ ਆਤਮਸਮਰਪਣ ਕਰਨ ਲਈ ਅਲਟੀਮੇਟਮ ਦਿੱਤੇ ਹਨ। ਇਸੇ ਦੌਰਾਨ ਰਾਸ਼ਟਰਪਤੀ ਪੂਤਿਨ ਨੇ ਕਿਹਾ ਕਿ ਉਹ ਹਾਲੇ ਆਪਣੀਆਂ ਫੌਜਾਂ ਨੂੰ ਅੱਗੇ ਵਧਣ ਲਈ ਨਹੀਂ ਕਹਿ ਸਕਦੇ। ਉਨ੍ਹਾਂ ਆਪਣੀ ਫੌਜ ਨੂੰ ਹੁਕਮ ਦਿੱਤਾ ਹੈ ਕਿ ਉਹ ਹਮਲਾ ਕਰਨ ਦੀ ਥਾਂ ਮਾਰੀਓਪੋਲ ਨੂੰ ਚਾਰੇ ਪਾਸਿਓਂ ਘੇਰ ਲੈਣ ਤਾਂ ਜੋ ਉੱਥੇ ਪੰਛੀ ਵੀ ਪਰ ਨਾ ਮਾਰ ਸਕੇ। ਉਨ੍ਹਾਂ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਪਲਾਂਟ 'ਤੇ ਜਲਦੀ ਹੀ ਕਬਜ਼ਾ ਕਰ ਲਿਆ ਜਾਵੇਗਾ। ਰਾਸ਼ਟਰਪਤੀ ਪੂਤਿਨ ਨੇ ਹਾਲਾਂਕਿ ਮਾਰੀਓਪੋਲ 'ਤੇ ਆਪਣੀ ਜਿੱਤ ਦਾ ਐਲਾਨ ਕੀਤਾ ਹੋਇਆ ਹੈ ਪਰ ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸਟੀਲ ਪਲਾਂਟ ਨੂੰ ਜਿੱਤ ਨਹੀਂ ਲਿਆ ਜਾਂਦਾ, ਉਹ ਮੁਕੰਮਲ ਜਿੱਤ ਦਾ ਐਲਾਨ ਨਹੀਂ ਕਰ ਸਕਦੇ।

ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਈਗੋ ਨੇ ਕਿਹਾ ਕਿ ਤਕਰੀਬਨ 2000 ਯੂਕਰੇਨੀ ਫੌਜੀ ਇਸ 11 ਸਕੁਏਅਰ ਕਿਲੋਮੀਟਰ ਦੇ ਘੇਰੇ 'ਚ ਫੈਲੇ ਪਲਾਂਟ ਅੰਦਰ ਹਨ ਅਤੇ ਉਹ ਯੂਕਰੇਨੀ ਫੌਜੀਆਂ ਦੇ ਆਤਮਸਮਰਪਣ ਦੀ ਉਡੀਕ ਕਰ ਰਹੇ ਹਨ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਤਕਰਬੀਨ 1000 ਆਮ ਨਾਗਰਿਕ ਵੀ ਇੱਥੇ ਫਸੇ ਹੋਏ ਹਨ। ਇਸੇ ਦੌਰਾਨ ਯੂਕਰੇਨ ਦੀ ਉੱਪ ਪ੍ਰਧਾਨ ਮਤਰੀ ਐਰੇਨਾ ਵੈਰੇਸ਼ਚੁਕ ਨੇ ਦੱਸਿਆ ਕਿ ਰੂਸ ਨੇ ਜੰਗੀ ਅਪਰਾਧੀਆਂ ਦੇ ਤਬਾਦਲੇ ਦੌਰਾਨ ਅੱਜ ਦੋ ਅਫਸਰਾਂ ਸਮੇਤ 10 ਫੌਜੀ ਤੇ ਨੌਂ ਆਮ ਨਾਗਰਿਕ ਯੂਕਰੇਨ ਹਵਾਲੇ ਕੀਤੇ ਹਨ। -ਏਪੀ

ਅਮਰੀਕਾ ਨੇ ਯੂਕਰੇਨ ਲਈ 80 ਕਰੋੜ ਦੀ ਨਵੀਂ ਮਦਦ ਐਲਾਨੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਰੂਸ ਤੋਂ ਰਾਖੀ ਲਈ ਯੂਕਰੇਨ ਨੂੰ 80 ਕਰੋੜ ਡਾਲਰ ਦੀ ਵਧੇਰੇ ਫੌਜੀ ਮਦਦ ਦੇਣ ਦਾ ਐਲਾਨ ਕੀਤਾ ਹੈ। ਬਾਇਡਨ ਨੇ ਨਾਲ ਹੀ ਕਿਹਾ ਕਿ ਕਾਂਗਰਸ ਨੂੰ ਵਧੇਰੇ ਸਹਾਇਤਾ ਨੂੰ ਵੀ ਮਨਜ਼ੂਰੀ ਦੇਣੀ ਹੋਵੇਗੀ। ਨਵੇਂ ਫੌਜੀ ਸਹਾਇਤਾ ਪੈਕੇਜ 'ਚ ਬਹੁਤ ਜ਼ਰੂਰੀ ਭਾਰੀ ਹਥਿਆਰ, 1,44,000 ਗੋਲੀਆਂ ਤੇ ਡਰੋਨ ਸ਼ਾਮਲ ਹਨ ਤਾਂ ਜੋ ਡੋਨਬਾਸ ਖੇਤਰ 'ਚ ਵੱਧਦੀ ਲੜਾਈ ਦੌਰਾਨ ਯੂਕਰੇਨੀ ਸੈਨਾ ਇਲਾਕੇ ਦੀ ਰਾਖੀ ਕਰ ਸਕੇ।



Most Read

2024-09-20 09:57:23