Breaking News >> News >> The Tribune


ਟਵੀਟ ਸਬੰਧੀ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕਰਕੇ ਪੁਲੀਸ ਅਸਾਮ ਪੁੱਜੀ, ਪ੍ਰਦਰਸ਼ਨ ਕਰ ਰਹੇ ਸਮਰਥਕਾਂ ਨੂੰ ਹਿਰਾਸਤ ’ਚ ਲਿਆ


Link [2022-04-21 13:54:57]



ਅਹਿਮਦਾਬਾਦ (ਗੁਜਰਾਤ), 21 ਅਪਰੈਲ

ਅਸਾਮ ਪੁਲੀਸ ਨੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਬੁੱਧਵਾਰ ਦੇਰ ਰਾਤ ਟਵੀਟ ਦੇ ਸਬੰਧ ਵਿੱਚ ਸੂਬੇ ਦੇ ਪਾਲਨਪੁਰ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮੇਵਾਨੀ ਨੂੰ ਵੀਰਵਾਰ ਤੜਕੇ ਹਵਾਈ ਜਹਾਜ਼ ਰਾਹੀਂ ਅਸਾਮ ਭੇਜ ਦਿੱਤਾ। ਉਨ੍ਹਾਂ ਨੂੰ ਪਹਿਲਾਂ ਗੁਹਾਟੀ ਲਿਆਂਦਾ ਗਿਆ, ਫਿਰ ਕੋਕਰਾਝਾੜ ਲਿਜਾਇਆ ਗਿਆ। ਮੇਵਾਨੀ ਦੇ ਸਹਿਯੋਗੀ ਸੁਰੇਸ਼ ਜਾਟ ਨੇ ਦੱਸਿਆ ਕਿ ਗੁਜਰਾਤ ਦੇ ਉੱਘੇ ਦਲਿਤ ਨੇਤਾ ਮੇਵਾਨੀ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 153ਏ ਤਹਿਤ ਐੱਫਆਈਆਰ ਦਰਜ ਹੋਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕੇਸ ਅਸਾਮ ਦੇ ਕੋਕਰਾਝਾਰ ਥਾਣੇ 'ਚ ਦਰਜ ਕੀਤੀ ਗਈ ਹੈ। ਸ੍ਰੀ ਜਾਟ ਨੇ ਕਿਹਾ, 'ਅਸਾਮ ਪੁਲੀਸ ਅਧਿਕਾਰੀਆਂ ਵੱਲੋਂ ਸਾਂਝੇ ਕੀਤੇ ਦਸਤਾਵੇਜ਼ ਅਨੁਸਾਰ ਮੇਵਾਨੀ ਦੇ ਕੁਝ ਦਿਨ ਪੁਰਾਣੇ ਟਵੀਟ ਦੇ ਅਧਾਰ 'ਤੇ ਐੱਫਆਈਆਰ ਦਰਜ ਕੀਤੀ ਗਈ ਹੈ।

ਹਾਲਾਂਕਿ ਇਸ ਟਵੀਟ ਨੂੰ ਟਵਿੱਟਰ ਨੇ ਹਟਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਟਵੀਟ ਨਾਥੂਰਾਮ ਗੋਡਸੇ ਬਾਰੇ ਸੀ। ਸ੍ਰੀ ਜਾਟ ਮੁਤਾਬਕ ਮੇਵਾਨੀ ਨੂੰ ਪਹਿਲਾਂ ਪਾਲਨਪੁਰ ਤੋਂ ਅਹਿਮਦਾਬਾਦ ਸੜਕ ਰਾਹੀਂ ਲਿਆਂਦਾ ਗਿਆ ਅਤੇ ਫਿਰ ਵੀਰਵਾਰ ਸਵੇਰੇ ਹਵਾਈ ਜਹਾਜ਼ ਰਾਹੀਂ ਅਸਾਮ ਲਿਜਾਇਆ ਗਿਆ। ਮੇਵਾਨੀ ਬਨਾਸਕਾਂਠਾ ਦੀ ਵਡਗਾਮ ਸੀਟ ਤੋਂ ਆਜ਼ਾਦ ਵਿਧਾਇਕ ਚੁਣੇ ਗਏ ਸਨ। ਉਹ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਮੇਵਾਨੀ ਦੇ ਦਫਤਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਅਸਾਮ ਪੁਲੀਸ ਨੇ ਉਨ੍ਹਾਂ ਨੂੰ ਬੁੱਧਵਾਰ ਰਾਤ 11.30 ਵਜੇ ਪਾਲਨਪੁਰ ਸਰਕਟ ਹਾਊਸ ਤੋਂ ਗ੍ਰਿਫਤਾਰ ਕੀਤਾ। ਗੁਜਰਾਤ ਕਾਂਗਰਸ ਦੇ ਪ੍ਰਧਾਨ ਜਗਦੀਸ਼ ਠਾਕੁਰ ਅਤੇ ਹੋਰ ਕਾਂਗਰਸੀ ਆਗੂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਅਹਿਮਦਾਬਾਦ ਹਵਾਈ ਅੱਡੇ 'ਤੇ ਪੁੱਜੇ ਅਤੇ ਭਾਰਤੀ ਜਨਤਾ ਪਾਰਟੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੇਵਾਨੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।



Most Read

2024-09-20 20:33:03