Breaking News >> News >> The Tribune


ਜਹਾਂਗੀਰਪੁਰੀ: ਸੁਪਰੀਮ ਕੋਰਟ ਦੇ ਦਖ਼ਲ ਨਾਲ ਰੁਕਿਆ ਬੁਲਡੋਜ਼ਰ


Link [2022-04-21 08:35:26]



ਮਨਧੀਰ ਸਿੰਘ ਦਿਓਲ/ਏਜੰਸੀਨਵੀਂ ਦਿੱਲੀ, 20 ਅਪਰੈਲ

ਮੁੱਖ ਅੰਸ਼

ਸੁਪਰੀਮ ਕੋਰਟ ਨੂੰ ਕਾਰਵਾਈ 'ਤੇ ਰੋਕ ਲਈ ਦੋ ਵਾਰ ਦੇਣਾ ਪਿਆ ਦਖ਼ਲ ਹੁਕਮਾਂ ਦੀ ਕਾਪੀ ਨਾਲ ਬੁਲਡੋਜ਼ਰ ਅੱਗੇ ਡਟੀ ਬਰਿੰਦਾ ਕਰਾਤ ਸੁਪਰੀਮ ਕੋਰਟ ਵੱਲੋਂ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ

ਫ਼ਿਰਕੂ ਹਿੰਸਾ ਨਾਲ ਗ੍ਰਸਤ ਰਹੇ ਦਿੱਲੀ ਦੇ ਜਹਾਂਗੀਰਪੁਰ ਇਲਾਕੇ ਵਿਚ ਅੱਜ ਸਵੇਰੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਹਵਾਲੇ ਨਾਲ ਕਈ ਪੱਕੀਆਂ ਤੇ ਆਰਜ਼ੀ ਦੁਕਾਨਾਂ 'ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਇਸ ਮੌਕੇ ਕਈ ਕੰਕਰੀਟ ਦੇ ਤੇ ਕਈ ਕੱਚੇ ਢਾਂਚੇ ਢਹਿ-ਢੇਰੀ ਕਰ ਦਿੱਤੇ ਗਏ। ਇਹ ਢਾਂਚੇ ਮਸਜਿਦ ਦੇ ਨੇੜੇ ਸਥਿਤ ਸਨ। ਇਹ ਕਾਰਵਾਈ ਉੱਤਰ-ਪੱਛਮ ਦਿੱਲੀ ਨਗਰ ਨਿਗਮ ਨੇ ਅਮਲ ਵਿਚ ਲਿਆਂਦੀ ਹੈ ਜਿਸ ਉਤੇ ਭਾਜਪਾ ਕਾਬਜ਼ ਹੈ। ਤੋੜ-ਭੰਨ੍ਹ ਦੀ ਇਸ ਕਾਰਵਾਈ ਨੂੰ ਰੋਕਣ ਲਈ ਮਗਰੋਂ ਸੁਪਰੀਮ ਕੋਰਟ ਨੂੰ ਦੋ ਵਾਰ ਦਖ਼ਲ ਦੇਣਾ ਪਿਆ। ਕੁਝ ਸਥਾਨਕ ਲੋਕਾਂ ਨੇ ਕਿਹਾ ਕਿ ਪਹਿਲੀ ਵਾਰ ਸੁਪਰੀਮ ਕੋਰਟ ਦੇ ਹੁਕਮ ਆਉਣ ਤੋਂ ਇਕ ਘੰਟੇ ਬਾਅਦ ਤੱਕ ਵੀ ਬੁਲਡੋਜ਼ਰ ਚੱਲਦਾ ਰਿਹਾ। ਇਸ 'ਤੇ ਨਿਗਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਲਿਖਤੀ ਆਦੇਸ਼ ਨਹੀਂ ਮਿਲੇ ਸਨ। ਇਸ ਤੋਂ ਪਹਿਲਾਂ ਸਿਖ਼ਰਲੀ ਅਦਾਲਤ ਨੇ ਜਮੀਅਤ ਉਲੇਮਾ-ਏ-ਹਿੰਦ ਵੱਲੋਂ ਦਾਇਰ ਪਟੀਸ਼ਨ ਦਾ ਨੋਟਿਸ ਲੈ ਕੇ ਦੁਕਾਨਾਂ ਢਾਹੁਣ ਦੀ ਕਾਰਵਾਈ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ। ਉੱਤਰੀ ਦਿੱਲੀ ਨਗਰ ਨਿਗਮ ਨੇ ਅੱਜ ਜਹਾਂਗੀਰ ਮਸਜਿਦ ਦੇ ਸਾਹਮਣੇ ਦਰਜਨ ਤੋਂ ਵੱਧ ਦੁਕਾਨਾਂ ਤੋੜ ਦਿੱਤੀਆਂ। ਮਸਜਿਦ ਦਾ ਬਾਹਰੀ ਗੇਟ ਵੀ ਤੋੜ ਦਿੱਤਾ ਗਿਆ। ਕਰੀਬ 1500 ਪੁਲੀਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਇਲਾਕੇ ਵਿੱਚ ਮੌਜੂਦ ਨਿਗਮ ਦੀਆਂ 14 ਟੀਮਾਂ ਨੇ 9 ਬੁਲਡੋਜ਼ਰ ਕਾਰਵਾਈ ਲਈ ਇਸਤੇਮਾਲ ਕੀਤੇ। ਇਹ ਸਵੇਰੇ ਕਰੀਬ ਸਾਢੇ 9 ਵਜੇ ਸ਼ੁਰੂ ਹੋਈ ਤੇ 12 ਵਜੇ ਤੱਕ ਚੱਲਦੀ ਰਹੀ।

ਬੁਲਡੋਜ਼ਰ ਚਲਾਉਣ ਵਿਰੁੱਧ ਰੋਸ ਪ੍ਰਗਟ ਕਰ ਰਹੇ ਵਿਅਕਤੀ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਪੀਟੀਆਈ

ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਦਿੱਲੀ ਭਾਜਪਾ ਦੇ ਮੁਖੀ ਆਦੇਸ਼ ਗੁਪਤਾ ਨੇ ਮੇਅਰ ਨੂੰ ਜਹਾਂਗੀਰਪੁਰੀ ਵਿਚ 'ਦੰਗਾਕਾਰੀਆਂ' ਦੀਆਂ ਨਾਜਾਇਜ਼ ਉਸਾਰੀਆਂ ਦੀ ਸ਼ਨਾਖ਼ਤ ਕਰਨ ਲਈ ਪੱਤਰ ਲਿਖਿਆ ਸੀ, ਨਾਲ ਹੀ ਬੁਲਡੋਜ਼ਰ ਨਾਲ ਇਨ੍ਹਾਂ ਨੂੰ ਢਾਹੁਣ ਲਈ ਵੀ ਕਿਹਾ ਸੀ। ਹੁਣ ਇਸ ਕਾਰਵਾਈ ਪਿਛਲੇ ਸਿਆਸੀ ਇਰਾਦਿਆਂ ਬਾਰੇ ਵੀ ਸਵਾਲ ਉੱਠ ਰਹੇ ਹਨ। ਦੱਸਣਯੋਗ ਹੈ ਕਿ ਸੀਪੀਐਮ ਦੀ ਆਗੂ ਬਰਿੰਦਾ ਕਰਾਤ ਅੱਜ ਜਹਾਂਗੀਰਪੁਰ ਵਿਚ ਕਾਰਵਾਈ ਵਾਲੇ ਸਥਾਨ 'ਤੇ ਪਹੁੰਚੀ ਤੇ ਅਦਾਲਤ ਦਾ ਹੁਕਮ ਦਿਖਾ ਕੇ ਨਿਗਮ ਦੀ ਕਾਰਵਾਈ ਰੁਕਵਾਈ। ਕਰਾਤ ਤੇ ਸੀਪੀਐਮ ਦੇ ਹੋਰ ਆਗੂਆਂ ਨੇ ਇਸ ਮੌਕੇ ਪੁਲੀਸ ਤੇ ਨਿਗਮ ਅਧਿਕਾਰੀਆਂ ਨੂੰ ਨੋਟਿਸ ਦਿਖਾਇਆ ਤੇ ਬੁਲਡੋਜ਼ਰ ਦੇ ਅੱਗੇ ਖੜ੍ਹ ਗਏ। ਬਰਿੰਦਾ ਨੇ ਕਿਹਾ, 'ਸਾਡੇ ਵਕੀਲਾਂ ਦੁਸ਼ਯੰਤ ਦਵੇ ਤੇ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾ ਜ਼ਿਕਰ ਕੀਤਾ ਹੈ ਤੇ ਮੈਂ ਇੱਥੇ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਏ ਜਾਣ ਤੋਂ ਰੋਕਣ ਲਈ ਪਹੁੰਚੀ ਹਾਂ।' ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਜਮੀਅਤ ਵੱਲੋਂ ਦਾਇਰ ਪਟੀਸ਼ਨ ਨੂੰ ਹੁਣ ਕਿਸੇ ਢੁਕਵੇਂ ਬੈਂਚ ਅੱਗੇ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ ਤੇ ਭਲਕੇ ਸੁਣਵਾਈ ਹੋਵੇਗੀ।

ਜਹਾਂਗੀਰਪੁਰੀ ਵਿੱਚ ਇੱਕ ਧਾਰਮਿਕ ਸਥਾਨ ਦੇ ਬਾਹਰ ਨਾਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਕਾਰਵਾਈ। -ਫੋਟੋ:ਪੀਟੀਆਈ

ਜ਼ਿਕਰਯੋਗ ਹੈ ਕਿ ਮੁਸਲਿਮ ਸੰਗਠਨ ਜਮੀਅਤ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਪਹੁੰਚ ਕਰ ਕੇ ਮੰਗ ਕਰ ਚੁੱਕਾ ਹੈ ਕਿ ਫ਼ਿਰਕੂ ਅਪਰਾਧਾਂ ਦੇ ਕੇਸਾਂ ਵਿਚ ਮੁਲਜ਼ਮਾਂ ਦੇ ਘਰ ਢਾਹੁਣ ਜਿਹੀਆਂ ਕਾਰਵਾਈਆਂ ਉਤੇ ਰੋਕ ਲਾਈ ਜਾਵੇ। ਅਜਿਹੇ ਕੇਸਾਂ ਵਿਚ ਪਹਿਲਾਂ ਮੱਧ ਪ੍ਰਦੇਸ਼ 'ਚ ਵੀ ਮੁਲਜ਼ਮਾਂ ਦੀ ਸੰਪਤੀ 'ਤੇ ਬੁਲਡੋਜ਼ਰ ਚਲਾਇਆ ਗਿਆ ਸੀ। ਅੱਜ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕਈ ਦੁਕਾਨਾਂ ਤੇ ਕਾਰੋਬਾਰਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਇਸ ਮੌਕੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਤੇ ਕਈ ਮਾਲਕਾਂ-ਦੁਕਾਨਦਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਿੱਲੀ ਵਿਕਾਸ ਅਥਾਰਿਟੀ ਤੇ ਨਿਗਮ ਤੋਂ ਲੋੜੀਂਦੀ ਮਨਜ਼ੂਰੀ ਲਈ ਹੋਈ ਸੀ। ਕੁਝ ਦੁਕਾਨਦਾਰਾਂ ਨੇ ਕਿਹਾ ਕਿ ਬਿਨਾਂ ਅਗਾਊਂ ਨੋਟਿਸ ਹੀ ਉਨ੍ਹਾਂ ਦੀਆਂ ਦੁਕਾਨਾਂ ਢਾਹ ਦਿੱਤੀਆਂ ਗਈਆਂ ਹਨ। ਨਿਗਮ ਦੇ ਮੇਅਰ ਇਕਬਾਲ ਸਿੰਘ ਨੇ ਇਸ ਬਾਬਤ ਪਹਿਲਾਂ ਨੋਟਿਸ ਨਾ ਦੇਣ 'ਤੇ ਕਿਹਾ ਕਿ ਗ਼ੈਰਕਾਨੂੰਨੀ ਕਬਜ਼ਿਆਂ ਖ਼ਿਲਾਫ਼ ਮੁਹਿੰਮ ਦੌਰਾਨ ਕਿਸੇ ਨੂੰ ਨੋਟਿਸ ਦੇਣ ਦੀ ਲੋੜ ਨਹੀ ਹੁੰਦੀ, ਇਹ ਨਿਗਮ ਦਾ ਰੁਟੀਨ ਕੰਮ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰੋਕ ਲਾਏ ਜਾਣ ਮਗਰੋਂ ਕਾਰਵਾਈ ਰੋਕੀ ਗਈ। ਇਲਾਕੇ ਵਿਚ ਜੂਸ ਦੀ ਦੁਕਾਨ ਚਲਾ ਰਹੇ ਗਣੇਸ਼ ਗੁਪਤਾ ਨੇ ਕਿਹਾ, 'ਮੈਨੂੰ ਦੁਕਾਨ 1977 ਵਿਚ ਅਲਾਟ ਹੋਈ ਸੀ, ਮੈਂ ਦਸਤਾਵੇਜ਼ ਵੀ ਦਿਖਾਏ ਪਰ ਕਿਸੇ ਨੇ ਨਹੀਂ ਸੁਣੀ।' ਇਸੇ ਦੌਰਾਨ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤੁੱਲ੍ਹਾ ਖਾਨ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦਿੱਲੀ ਭਾਜਪਾ ਦੇ ਨੇਤਾ ਸ਼ਾਂਤਮਈ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਹਨ। -ਪੀਟੀਆਈ

ਮੁਲਜ਼ਮਾਂ ਦੀ ਪੁਲੀਸ ਹਿਰਾਸਤ ਤਿੰਨ ਦਿਨ ਵਧੀ

ਦਿੱਲੀ ਦੀ ਇੱਕ ਅਦਾਲਤ ਨੇ ਜਹਾਂਗੀਰਪੁਰੀ ਹਿੰਸਾ ਮਾਮਲੇ ਵਿੱਚ ਅੰਸਾਰ, ਸਲੀਮ, ਦਿਲਸ਼ਾਦ ਅਤੇ ਗੁਲੀ ਦੀ ਪੁਲੀਸ ਹਿਰਾਸਤ ਵਿੱਚ ਤਿੰਨ ਦਿਨ ਦਾ ਵਾਧਾ ਕਰ ਦਿੱਤਾ ਹੈ। ਦਿੱਲੀ ਪੁਲੀਸ ਹੁਣ ਤੱਕ ਹਿੰਸਾ ਦੇ ਸਬੰਧ ਵਿੱਚ 25 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਨਕਵੀ ਨੇ ਜਹਾਂਗੀਰਪੁਰੀ ਮਾਮਲੇ ਵਿੱਚ 'ਪੱਖਪਾਤੀ' ਕਾਰਵਾਈ ਦੇ ਦੋਸ਼ ਨਕਾਰੇ

ਨਵੀਂ ਦਿੱਲੀ: ਜਹਾਂਗੀਰਪੁਰ ਹਿੰਸਾ ਕੇਸ 'ਚ 'ਪੱਖਪਾਤੀ' ਕਾਰਵਾਈ ਦਾ ਦੋਸ਼ ਲਾਉਣ ਵਾਲਿਆਂ 'ਤੇ ਨਿਸ਼ਾਨਾ ਸੇਧਦਿਆਂ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਇਹ ਕਾਰਵਾਈ 'ਅਪਰਾਧ ਤੇ ਸਾਜ਼ਿਸ਼' ਦੇ ਆਧਾਰ ਉਤੇ ਕੀਤੀ ਗਈ ਹੈ ਨਾ ਕਿ 'ਧਰਮ ਤੇ ਜਾਤੀ' ਦੇ ਆਧਾਰ ਉਤੇ। ਦੱਸਣਯੋਗ ਹੈ ਕਿ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਆਗੂ ਅਸਦੁਦੀਨ ਓਵੈਸੀ ਨੇ ਦੋਸ਼ ਲਾਇਆ ਹੈ ਕਿ ਜਹਾਂਗੀਰਪੁਰ ਕੇਸ ਵਿਚ 'ਇਕਪਾਸੜ' ਕਾਰਵਾਈ ਕੀਤੀ ਜਾ ਰਹੀ ਹੈ। ਸੀਨੀਅਰ ਭਾਜਪਾ ਆਗੂ ਦਾ ਬਿਆਨ ਓਵੈਸੀ ਦੀ ਇਸ ਟਿੱਪਣੀ 'ਤੇ ਆਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਜਹਾਂਗੀਰਪੁਰ ਵਿਚ ਸ਼ਨਿਚਰਵਾਰ ਹੋਈ ਫ਼ਿਰਕੂ ਹਿੰਸਾ 'ਚ 8 ਪੁਲੀਸ ਕਰਮੀ ਤੇ ਇਕ ਸਥਾਨਕ ਨਿਵਾਸੀ ਜ਼ਖ਼ਮੀ ਹੋ ਗਏ ਸਨ। ਹਿੰਸਾ ਦੌਰਾਨ ਪੱਥਰਬਾਜ਼ੀ ਤੇ ਅੱਗਜ਼ਨੀ ਦੀਆਂ ਘਟਨਾਵਾਂ ਹੋਈਆਂ ਸਨ। ਨਕਵੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਨਾ ਕਿ ਕਿਸੇ ਹੋਰ ਆਧਾਰ ਉਤੇ। -ਪੀਟੀਆਈ

ਭਾਰਤ ਦੇ ਸੰਵਿਧਾਨ ਨੂੰ ਢਾਹ ਲੱਗੀ: ਰਾਹੁਲ

ਨਵੀਂ ਦਿੱਲੀ: ਦਿੱਲੀ ਤੇ ਮੱਧ ਪ੍ਰਦੇਸ਼ ਦੇ ਹਿੰਸਾਗ੍ਰਸਤ ਖੇਤਰਾਂ ਵਿਚ ਬੁਲਡੋਜ਼ਰਾਂ ਦੀ ਵਰਤੋਂ ਦੇ ਮਾਮਲੇ 'ਤੇ ਟਿੱਪਣੀ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਿਆ। ਰਾਹੁਲ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਭਾਰਤ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਢਾਹੁਣ ਦੇ ਬਰਾਬਰ ਹੈ ਤੇ ਗਰੀਬਾਂ ਅਤੇ ਘੱਟਗਿਣਤੀਆਂ ਵੱਲ ਸੇਧਤ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, 'ਸਰਕਾਰ ਦੇ ਇਸ਼ਾਰੇ 'ਤੇ ਗਰੀਬਾਂ ਅਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦਕਿ ਚਾਹੀਦਾ ਇਹ ਸੀ ਕਿ ਭਾਜਪਾ ਉਨ੍ਹਾਂ ਦੇ ਦਿਲਾਂ ਵਿਚਲੀ ਨਫ਼ਰਤ ਉਤੇ ਬੁਲਡੋਜ਼ਰ ਚਲਾਉਂਦੀ।' ਕਾਂਗਰਸ ਆਗੂ ਨੇ ਟਵੀਟ ਵਿਚ ਇਕ ਪਾਸੇ ਚੱਲ ਰਹੇ ਬੁਲਡੋਜ਼ਰ ਤੇ ਦੂਜੇ ਪਾਸੇ ਸੰਵਿਧਾਨ ਦੀ ਫੋਟੋ ਸ਼ੇਅਰ ਕੀਤੀ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ 'ਨਫ਼ਰਤ ਦੇ ਬੁਲਡੋਜ਼ਰ' ਬੰਦ ਕਰ ਕੇ ਪਾਵਰ ਪਲਾਂਟ ਚਲਾਏ ਜਾਣ। ਰਾਹੁਲ ਨੇ ਮੁਲਕ ਵਿਚ ਕੋਲੇ ਦੀ ਕਮੀ ਦਾ ਮੁੱਦਾ ਉਠਾਉਂਦਿਆਂ ਕੁਝ ਮੀਡੀਆ ਰਿਪੋਰਟਾਂ ਟਵੀਟ ਕੀਤੀਆਂ। ਇਨ੍ਹਾਂ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ ਕਿਉਂਕਿ ਥਰਮਲ ਪਲਾਂਟਾਂ 'ਚ ਕੋਲੇ ਦਾ ਸਟਾਕ ਬਹੁਤ ਘਟਿਆ ਹੋਇਆ ਹੈ। ਰਾਹੁਲ ਨੇ ਟਵੀਟ ਕੀਤਾ, 'ਅੱਠ ਸਾਲ ਵੱਡੀਆਂ-ਵੱਡੀਆਂ ਗੱਲਾਂ ਮਾਰਨ ਦਾ ਨਤੀਜਾ ਕਿ ਸਿਰਫ਼ 8 ਦਿਨਾਂ ਦਾ ਕੋਲਾ ਬਚਿਆ ਹੈ।' ਰਾਹੁਲ ਨੇ ਲਿਖਿਆ, 'ਮੋਦੀ ਜੀ ਬਿਜਲੀ ਕੱਟ ਛੋਟੇ ਉਦਯੋਗਾਂ ਨੂੰ ਖ਼ਤਮ ਕਰਨ ਦੇਣਗੇ, ਹੋਰ ਨੌਕਰੀਆਂ ਜਾਣਗੀਆਂ। ਇਸ ਲਈ ਬੁਲਡੋਜ਼ਰ ਬੰਦ ਕਰ ਕੇ ਪਹਿਲਾਂ ਪਾਵਰ ਪਲਾਂਟ ਚਲਾਓ।' ਕਾਂਗਰਸ ਨੇ ਵੀ ਟਵੀਟ ਕੀਤਾ, 'ਬੁਲਡੋਜ਼ਰਾਂ ਨਾਲ ਸਿਰਫ਼ ਲੋਕਾਂ ਦੇ ਘਰ ਹੀ ਨਹੀਂ ਢਾਹੇ ਗਏ, ਪਰ ਸੰਵਿਧਾਨ ਨੂੰ ਵੀ ਢਾਹਿਆ ਗਿਆ ਹੈ। ਨਫ਼ਰਤ ਦੇ ਬੁਲਡੋਜ਼ਰ ਉਤੇ ਚੜ੍ਹੀ ਸੱਤਾਧਾਰੀ ਭਾਜਪਾ ਲੋਕਾਂ ਦਾ ਧਿਆਨ ਮਹਿੰਗਾਈ ਤੇ ਬੇਰੁਜ਼ਗਾਰੀ ਤੋਂ ਹਟਾਉਣਾ ਚਾਹੁੰਦੀ ਹੈ। ਇਸ ਲਈ ਇਸ ਨਫ਼ਰਤ ਖ਼ਿਲਾਫ਼ ਆਵਾਜ਼ ਚੁੱਕਣ ਦੀ ਲੋੜ ਹੈ।' ਕਾਂਗਰਸ ਦੇ ਜਨਰਲ ਸਕੱਤਰ ਤਾਰਿਕ ਅਨਵਰ ਨੇ ਦੋਸ਼ ਲਾਇਆ ਕਿ ਫ਼ਿਰਕੂ ਵਿਵਾਦਾਂ ਰਾਹੀਂ ਨਰਿੰਦਰ ਮੋਦੀ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕੋ ਰਹੀ ਹੈ। -ਪੀਟੀਆਈ

ਭਾਜਪਾ ਹੈੱਡਕੁਆਰਟਰ 'ਤੇ ਬੁਲਡੋਜ਼ਰ ਚੱਲੇ ਤਾਂ ਦੰਗੇ ਰੁਕ ਜਾਣਗੇ: 'ਆਪ'

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਫ਼ਿਰਕੂ ਹਿੰਸਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੇਸ਼ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਭਾਜਪਾ ਦੇ ਹੈੱਡਕੁਆਰਟਰ 'ਤੇ ਹੀ ਬੁਲਡੋਜ਼ਰ ਚਲਾ ਦਿੱਤਾ ਜਾਣਾ ਚਾਹੀਦਾ ਹੈ। 'ਆਪ' ਆਗੂ ਰਾਘਵ ਚੱਢਾ ਨੇ ਸਿੱਧੇ ਤੌਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਫਿਰਕੂ ਦੰਗੇ ਕਰਵਾਉਣ ਦਾ ਦੋਸ਼ ਲਾਇਆ। ਉਨ੍ਹਾਂ ਟਵੀਟ ਕੀਤਾ ਕਿ, 'ਗ੍ਰਹਿ ਮੰਤਰੀ ਖੁਦ ਇਨ੍ਹਾਂ ਦੰਗਿਆਂ ਨੂੰ ਅੰਜਾਮ ਦੇ ਰਹੇ ਹਨ। ਜੇ ਤੁਸੀਂ ਬੁਲਡੋਜ਼ਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਗ੍ਰਹਿ ਮੰਤਰੀ ਦੇ ਘਰ ਨੂੰ ਢਾਹੁਣ ਲਈ ਕਰੋ। ਇਸ ਤਰ੍ਹਾਂ ਦੰਗੇ ਰੁਕ ਜਾਣਗੇ'। ਚੱਢਾ ਨੇ ਕਿਹਾ, 'ਮੈਂ ਗਾਰੰਟੀ ਦਿੰਦਾ ਹਾਂ, ਜੇਕਰ ਭਾਜਪਾ ਦਾ ਮੁੱਖ ਦਫ਼ਤਰ ਢਾਹ ਦਿੱਤਾ ਜਾਂਦਾ ਹੈ ਤਾਂ ਭਾਰਤ ਵਿੱਚ ਹੁਣ ਅਤੇ ਮੁੜ-ਮੁੜ ਹੋ ਰਹੇ ਦੰਗੇ ਰੁਕ ਜਾਣਗੇ।'



Most Read

2024-09-20 20:36:38