ਗਾਂਧੀਨਗਰ, 20 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਰਵਾਇਤੀ ਮੈਡੀਸਨ ਇੰਡਸਟਰੀ ਦੇ ਪ੍ਰਚਾਰ ਪਾਸਾਰ ਲਈ ਭਾਰਤ ਵੱਲੋਂ ਜਲਦੀ ਹੀ 'ਆਯੂਸ਼ ਮਾਰਕ' ਲਾਂਚ ਕੀਤਾ ਜਾਵੇਗਾ, ਜਿਸ ਨਾਲ ਦੇਸ਼ ਵਿੱਚ ਬਣੇ ਮਿਆਰੀ ਆਯੂਸ਼ ਉਤਪਾਦਾਂ ਨੂੰ ਪ੍ਰਮਾਣਿਕਤਾ ਮਿਲੇਗੀ। 'ਹੀਲ ਇਨ ਇੰਡੀਆ' ਬਾਰੇ ਬੋਲਦਿਆਂ ਸ੍ਰੀ ਮੋਦੀ ਨੇ ਦੇਸ਼ ਵਿੱਚ ਆਯੂਸ਼ ਥੈਰੇਪੀਆਂ ਜ਼ਰੀਏ ਇਲਾਜ ਕਰਵਾਉਣ ਦੇ ਇੱਛੁਕ ਲੋਕਾਂ ਲਈ ਵਿਸ਼ੇਸ਼ ਵੀਜ਼ਾ ਕੈਟੇਗਰੀ ਸਿਰਜਣ ਦਾ ਐਲਾਨ ਕੀਤਾ। ਸ੍ਰੀ ਮੋਦੀ ਇਥੇ ਮਹਾਤਮਾ ਮੰਦਰ ਵਿੱਚ ਤਿੰਨ ਰੋਜ਼ਾ ਆਲਮੀ ਆਯੂਸ਼ ਨਿਵੇਸ਼ ਤੇ ਇਨੋਵੇਸ਼ਨ ਸਿਖਰ ਵਾਰਤਾ ਦਾ ਉਦਘਾਟਨ ਕਰਨ ਮਗਰੋਂ ਬੋਲ ਰਹੇ ਸਨ। ਇਸ ਮੌਕੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਤੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਨ ਡਾ.ਟੈਡਰੋਸ ਅਧਾਨਮ ਗੈਬਰੇਸਿਸ ਵੀ ਮੌਜੂਦ ਸਨ। 'ਆਯੂਸ਼' ਹੇਠ ਆਯੂਰਵੇਦ, ਯੋਗਾ, ਨੈਚੁਰੋਪੈਥੀ, ਯੂਨਾਨੀ, ਸਿੱਧਾ ਤੇ ਹੋਮਿਓਪੈਥੀ ਵਿਧੀਆਂ ਆਉਂਦੀਆਂ ਹਨ। ਰਵਾਇਤੀ ਮੈਡੀਸਨ ਦੇ ਇਨ੍ਹਾਂ ਬਦਲਵੇਂ ਪ੍ਰਬੰਧਾਂ ਨੂੰ ਸਮਰਪਿਤ ਕੇਂਦਰੀ ਮੰਤਰਾਲਾ ਵੀ ਹੈ। ਸ੍ਰੀ ਮੋਦੀ ਨੇ ਕਿਹਾ, ''ਭਾਰਤ ਜਲਦੀ ਹੀ ਆਯੂਸ਼ ਮਾਰਕ ਲਾਂਚ ਕਰੇਗਾ, ਜੋ ਦੇਸ਼ ਵਿੱਚ ਮਿਆਰੀ ਆਯੂਸ਼ ਉਤਪਾਦਾਂ ਨੂੰ ਪ੍ਰਮਾਣਿਕਤਾ ਦੇਵੇਗਾ। ਇਹ ਮਾਰਕ ਉਨ੍ਹਾਂ ਉਤਪਾਦਾਂ ਨੂੰ ਦਿੱਤਾ ਜਾਵੇਗਾ, ਜੋ ਆਧੁਨਿਕ ਤਕਨੀਕ ਨਾਲ ਸੋਧਿਆ ਗਿਆ ਹੈ। ਇਸ ਨਾਲ ਕੁਲ ਆਲਮ ਦੇ ਲੋਕਾਂ ਨੂੰ ਯਕੀਨ ਬੱਝੇਗਾ ਕਿ ਉਹ ਮਿਆਰੀ ਆਯੂਸ਼ ਉਤਪਾਦ ਖਰੀਦ ਰਹੇ ਹਨ।'' ਪ੍ਰਧਾਨ ਮੰਤਰੀ ਨੇ ਕਿਹਾ, ''ਰਵਾਇਤੀ ਮੈਡੀਸਨ ਕੇਰਲਾ ਵਿੱਚ ਸੈਰ-ਸਪਾਟੇ ਨੂੰ ਵਧਾਉਣ ਵਿੱਚ ਮਦਦਗਾਰ ਰਹੀ ਹੈ। ਇਹ ਤਾਕਤ ਪੂਰੇ ਦੇਸ਼ ਕੋਲ ਹੈ, ਭਾਰਤ ਦੇ ਹਰ ਕੋਨੇ ਵਿਚ ਹੈ। 'ਹੀਲ ਇਨ ਇੰਡੀਆ' ਇਸ ਦਹਾਕੇ ਦਾ ਸਭ ਤੋਂ ਵੱਡਾ ਬਰਾਂਡ ਬਣ ਸਕਦਾ ਹੈ। ਆਯੂਰਵੇਦ, ਯੂਨਾਨੀ, ਸਿੱਧਾ ਆਦਿ 'ਤੇ ਆਧਾਰਿਤ ਕਲਿਆਣ ਕੇਂਦਰਾਂ ਨੂੰ ਮਕਬੂਲ ਬਣਾਇਆ ਜਾ ਸਕਦਾ ਹੈ।'' ਉਨ੍ਹਾਂ ਕਿਹਾ ਕਿ ਵਿਸ਼ੇਸ਼ 'ਆਯੂਸ਼ ਵੀਜ਼ੇ' ਭਾਰਤ ਵਿੱਚ ਰਵਾਇਤੀ ਇਲਾਜ ਦੀ ਇੱਛਾ ਰੱਖਣ ਵਾਲਿਆਂ ਲਈ ਮਦਦਗਾਰ ਸਾਬਤ ਹੋਣਗੇ। ਸ੍ਰੀ ਮੋਦੀ ਨੇ ਕਿਹਾ ਕਿ ਆਯੂਸ਼ ਦੇ ਖੇਤਰ ਵਿੱਚ ਨਿਵੇਸ਼ ਤੇ ਇਨੋਵੇਸ਼ਨ ਦੀਆਂ ਅਥਾਹ ਸੰਭਾਵਨਾਵਾਂ ਹਨ। ਸਾਲ 2014 ਤੋਂ ਪਹਿਲਾਂ ਆਯੂਸ਼ ਸੈਕਟਰ 3 ਅਰਬ ਡਾਲਰ ਤੋਂ ਘੱਟ ਦਾ ਸੀ ਤੇ ਅੱਜ ਇਹ 18 ਅਰਬ ਡਾਲਰ ਨੂੰ ਟੱਪ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਯੂਰਵੇਦ ਦੇ ਵਧਣ ਫੁੱਲਣ ਦਾ ਮੁੱਖ ਕਾਰਨ ਇਸ ਦਾ ਮੁਕਤ ਸਰੋਤ ਮਾਡਲ ਹੈ ਤੇ ਸਰਕਾਰ ਆਯੂਸ਼ ਈ-ਮਾਰਕੀਟ ਪੋਰਟਲ ਦੇ ਆਧੁਨਿਕੀਕਰਨ ਤੇ ਇਸ ਦਾ ਦਾਇਰਾ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। -ਪੀਟੀਆਈ
ਰਵਾਇਤੀ ਮੈਡੀਸਨ ਨੂੰ ਸਰਕਾਰ ਦੀ ਹਮਾਇਤ ਤੇ ਨਿਵੇਸ਼ ਦੀ ਲੋੜ: ਡਾ.ਗੈਬਰੇਸਿਸ
ਗਾਂਧੀਨਗਰ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ.ਟੈਡਰੋਸ ਗੈਬਰੇਸਿਸ ਨੇ ਕਿਹਾ ਕਿ ਸਰਕਾਰ ਦੀ ਹਮਾਇਤ ਨਾਲ ਲੰਮਾ ਸਮਾਂ ਚੱਲਣ ਵਾਲੇ ਰਣਨੀਤਕ ਨਿਵੇਸ਼, ਰਵਾਇਤੀ ਮੈਡੀਸਨ ਦੇ ਖੇਤਰ ਵਿੱਚ ਨਵੀਆਂ ਕਾਢਾਂ ਨੂੰ ਹੱਲਾਸ਼ੇਰੀ ਦੇਣ ਲਈ ਕਾਫ਼ੀ ਅਹਿਮ ਹਨ। ਉਨ੍ਹਾਂ ਕਿਹਾ ਕਿ ਵਧਦੇ ਆਯੂਸ਼ ਸੈਕਟਰ ਜ਼ਰੀਏ 'ਭਾਰਤ ਕੁੱਲ ਆਲਮ ਕੋਲ ਜਾ ਸਕਦਾ ਹੈ ਤੇ ਕੁੁੱਲ ਆਲਮ ਭਾਰਤ ਕੋਲ ਆ ਸਕਦਾ ਹੈ।' ਆਲਮੀ ਆਯੂਸ਼ ਨਿਵੇਸ਼ ਤੇ ਇਨੋਵੇਸ਼ਨ ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਡਬਲਿਊਐੱਚਓ ਮੁਖੀ ਨੇ ਸਿਹਤ ਅਤੇ ਰਵਾਇਤੀ ਮੈਡੀਸਨ ਦੇ ਖੇਤਰ ਵਿੱਚ ਨਵੀਆਂ ਕਾਢਾਂ ਨੂੰ ਹਮਾਇਤ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਵਾਇਤੀ ਮੈਡੀਸਨ ਨੂੰ ਮਜ਼ਬੂਤ ਤੇ ਵਿਕਸਤ ਕਰਨ ਲਈ ਇਨੋਵੇਟਰਜ਼, ਇੰਡਸਟਰੀ ਤੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਰਵਾਇਤੀ ਦਵਾਈਆਂ ਨੂੰ ਬਾਜ਼ਾਰ ਵਿੱਚ ਲਿਆਉਣ ਮੌਕੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਇਸ ਗਿਆਨ/ਜਾਣਕਾਰੀ ਨੂੰ ਅੱਗੇ ਸਾਂਝਾ ਕਰੀਏ ਤੇ ਇਨ੍ਹਾਂ ਰਵਾਇਤੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਹੋਈਏ।'' -ਪੀਟੀਆਈ
2024-11-10 18:16:00