World >> The Tribune


ਸ੍ਰੀਲੰਕਾ: ਰਾਮਬੁਕਾਨਾ ’ਚ ਕਰਫਿਊ ਜਾਰੀ, ਤਿੰਨ ਜ਼ਖ਼ਮੀਆਂ ਦੀ ਹਾਲਤ ਗੰਭੀਰ


Link [2022-04-21 08:14:51]



ਕੋਲੰਬੋ, 20 ਅਪਰੈਲ

ਤੇਲ ਕੀਮਤਾਂ ਵਿੱਚ ਵਾਧੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਗੈਰ-ਹਥਿਆਰਬੰਦ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਉੱਤੇ ਪੁਲੀਸ ਵੱਲੋਂ ਗੋਲੀ ਚਲਾਏ ਜਾਣ ਤੋਂ ਇਕ ਦਿਨ ਮਗਰੋੋਂ ਰਾਮਬੁਕਾਨਾ ਦੇ ਦੱਖਣ-ਪੱਛਮੀ ਖੇਤਰ ਵਿੱਚ ਅੱਜ ਵੀ ਕਰਫਿਊ ਜਾਰੀ ਰਿਹਾ। ਪੁਲੀਸ ਵੱਲੋਂ ਚਲਾਈ ਗੋਲੀ ਵਿੱਚ ਇਕ ਵਿਅਕਤੀ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ 13 ਹੋਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਸਰਕਾਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਉਧਰ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਲੈ ਕੇ 'ਬੇਹੱਦ ਉਦਾਸ' ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਨਾਗਰਿਕਾਂ ਦੇ ਅਮਨ-ਅਮਾਨ ਨਾਲ ਪ੍ਰਦਰਸ਼ਨ ਕਰਨ ਦੇ ਅਧਿਕਾਰ 'ਤੇ ਕੋਈ ਰੋਕ ਨਹੀਂ ਲਾਈ ਜਾਵੇਗੀ। ਉਧਰ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਵੀ ਰਾਮਬੁਕਾਨਾ ਵਿਚ ਹੋਈ ਹਿੰਸਾ 'ਤੇ 'ਡੂੰਘੀ ਨਿਰਾਸ਼ਾ' ਜ਼ਾਹਿਰ ਕੀਤੀ ਹੈ। ਉਨ੍ਹਾਂ ਆਸ ਜਤਾਈ ਕਿ ਪੁਲੀਸ ਨੇ ਇਸ ਪੂਰੀ ਘਟਨਾ ਦੀ ਸਖ਼ਤੀ ਨਾਲ ਤੇ ਨਿਰਪੱਖ ਜਾਂਚ ਕਰੇਗੀ।

ਅਧਿਕਾਰੀਆਂ ਮੁਤਾਬਕ ਕੋਲੰਬੋ ਤੋਂ ਉੱਤਰ-ਪੂਰਬ ਵੱਲ 90 ਕਿਲੋਮੀਟਰ ਦੂਰ ਰਾਮਬੁਕਾਨਾ ਵਿੱਚ ਹੋਈ ਹਿੰਸਾ ਦੌਰਾਨ ਜ਼ਖ਼ਮੀ ਹੋਏ 13 ਜਣਿਆਂ ਨੂੰ ਕੇਗਾਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਹਿੰਸਾ ਵਿੱਚ 15 ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਹਨ। ਪੁਲੀਸ ਮੁਖੀ ਚੰਦਨਾ ਵਿਕਰਮਾਰਤਨੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ ਵਿੱਚ ਲੱਗਾ ਪੁਲੀਸ ਕਰਫਿਊ ਅਜੇ ਜਾਰੀ ਰਹੇਗਾ। ਉਨ੍ਹਾਂ ਕਿਹਾ, ''ਮੁਜ਼ਾਹਾਕਾਰੀ ਲੰਘੇ ਦਿਨ ਹਿੰਸਕ ਹੋ ਗੲੇ ਸਨ ਤੇ ਉਨ੍ਹਾਂ ਰੇਲਵੇ ਟਰੈਕ ਨੂੰ ਬਲੌਕ ਕੀਤਾ। ਉਹ ਈਂਧਣ ਪੁਰਾਣੀਆਂ ਕੀਮਤਾਂ 'ਤੇ ਵੇਚੇ ਜਾਣ ਦੀ ਮੰਗ ਕਰ ਰਹੇ ਸਨ, ਉਨ੍ਹਾਂ ਨੂੰ ਈਂਧਣ ਲੈਣ ਲਈ ਕਤਾਰਾਂ ਵਿੱਚ ਲੰਮਾ ਸਮਾਂ ਖੜ੍ਹਨਾ ਪੈ ਰਿਹਾ ਸੀ।'' ਵਿਕਰਮਾਰਤਨੇ ਨੇ ਕਿਹਾ ਕਿ ਪੁਲੀਸ ਨੇ ਦੋ ਈਂਧਣ ਟੈਂਕਰਾਂ ਦਾ ਇੰਤਜ਼ਾਮ ਕੀਤਾ ਸੀ, ਪ੍ਰਦਰਸ਼ਨਕਾਰੀਆਂ ਨੇ ਇਕ ਵਾਹਨ ਦੀ ਬੈਟਰੀ ਕੱਢ ਕੇ ਰੇਲਵੇ ਟਰੈਕ ਜਾਮ ਕਰ ਦਿੱਤਾ। ਪੁਲੀਸ ਮੁਖੀ ਨੇ ਕਿਹਾ ਕਿ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ। ਮੁਲਕ ਨੂੰ ਦਰਪੇਸ਼ ਹੁਣ ਤੱਕ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨੂੰ ਲੈ ਕੇ ਪ੍ਰਦਰਸ਼ਨਕਾਰੀ ਦੀ ਮੌਤ ਮੁਲਕ ਦੇ ਇਤਿਹਾਸ ਵਿੱਚ ਪਹਿਲੀ ਘਟਨਾ ਹੈ।

ਜਨਤਕ ਸੁਰੱਖਿਆ ਮੰਤਰਾਲੇ 'ਚ ਸਿਖਰਲੇ ਨੌਕਰਸ਼ਾਹ ਜਗਤ ਐਲਵਿਸ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਨੇ ਤੇਲ ਵਾਲੇ ਟੈਂਕਰ, ਜਿਸ ਵਿੱਚ 33 ਹਜ਼ਾਰ ਲਿਟਰ ਈਂਧਣ ਸੀ, ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਟੈਂਕਰ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਪੁਲੀਸ ਨੂੰ ਗੋਲੀ ਚਲਾਉਣ ਲਈ ਮਜਬੂਰ ਹੋਣਾ ਪਿਆ। ਐਲਵਿਸ ਨੇ ਕਿਹਾ ਕਿ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ, ਜੋ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਚਲਾਈ ਗੋਲੀ ਦੀ ਜਾਂਚ ਕਰੇਗੀ। -ਪੀਟੀਆਈ

ਵਿਸ਼ਵ ਬੈਂਕ ਸ੍ਰੀਲੰਕਾ ਨੂੰ ਐਮਰਜੈਂਸੀ ਸਹਾਇਤਾ ਦੇਣ ਲਈ ਤਿਆਰ

ਕੋਲੰਬੋ/ਵਾਸ਼ਿੰਗਟਨ: ਵਿਸ਼ਵ ਬੈਂਕ ਮੁਲਕ ਦੇ ਇਤਿਹਾਸ ਵਿੱਚ ਸਭ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੂੰ ਐਮਰਜੈਂਸੀ ਸਹਾਇਤਾ ਅਤੇ ਕਮਜ਼ੋਰ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਤਿਆਰ ਹੈ। ਆਲਮੀ ਕਰਜ਼ਦਾਤਾ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਅੱਜ ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਦੀਵਾਲੀਆ ਹੋਣ ਕੰਢੇ ਪੁੱਜੇ ਸ੍ਰੀਲੰਕਾ 'ਤੇ 1948 ਵਿੱਚ ਬਰਤਾਨੀਆ ਕੋਲੋਂ ਆਜ਼ਾਦ ਹੋਣ ਮਗਰੋਂ ਇਹ ਸਭ ਤੋਂ ਵੱਡਾ ਆਰਥਿਕ ਸੰਕਟ ਹੈ। ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਿੱਤ ਮੰਤਰੀ ਸਾਬਰੀ ਅਮਰੀਕਾ ਗਏ ਹੋਏ ਹਨ। -ਪੀਟੀਆਈ



Most Read

2024-09-20 09:23:25