World >> The Tribune


ਸੀਤਾਰਾਮਨ ਵੱਲੋਂ ਐੱਫਐੱਸਬੀ ਮੁਖੀ ਨਾਲ ਮੁਲਾਕਾਤ


Link [2022-04-21 08:14:51]



ਵਾਸ਼ਿੰਗਟਨ, 20 ਅਪਰੈਲ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਫਾਇਨਾਂਸ਼ੀਅਲ ਸਟੈਬਿਲਟੀ ਬੋਰਡ (ਐੱਫਐੱਸਬੀ) ਦੇ ਮੁਖੀ ਕਲਾਸ ਨੌਟ ਅਤੇ ਕਲਾਈਮੇਟ ਫਾਇਨਾਂਸ ਲੀਡਰਸ਼ਿਪ ਇਨੀਸ਼ਿਏਟਿਵ (ਸੀਐੱਫਐੱਲਆਈ) ਦੇ ਉਪ ਪ੍ਰਧਾਨ ਮੈਰੀ ਸਕੈਪਿਰੋ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕ੍ਰਿਪਟੋ ਈਕੋ-ਸਿਸਟਮ ਵਿੱਚ ਜੋਖ਼ਮ ਅਤੇ ਭਾਰਤ ਦੀ ਪਹਿਲੀ ਅਪਰੇਸ਼ਨਲ ਸਮਾਰਟ ਸਿਟੀ 'ਗਿਫਟ' ਸਿਟੀ ਦੇ ਵਿਕਾਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਕੌਮਾਂਤਰੀ ਮੁਦਰਾ ਫੰਡ-ਵਿਸ਼ਵ ਬੈਂਕ ਸਪਰਿੰਗ ਮੀਟਿੰਗਜ਼ 2022 ਲਈ ਵਾਸ਼ਿੰਗਟਨ ਆਏ ਵਿੱਤ ਮੰਤਰੀ ਸੀਤਾਰਾਮਨ ਨੇ ਇਸ ਦੌਰਾਨ ਨੌਟ ਤੇ ਸਕੈਪਿਰੋ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਮੰਗਲਵਾਰ ਨੂੰ ਆਈਐੱਮਐੱਫ ਮੁਖੀ ਕ੍ਰਿਸਟਾਲੀਨਾ ਜੌਰਜੀਵਾ ਨਾਲ ਵੀ ਗੱਲਬਾਤ ਕੀਤੀ ਸੀ। ਵਿੱਤ ਮੰਤਰਾਲੇ ਨੇ ਟਵੀਟ ਵਿੱਚ ਕਿਹਾ, ''ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੇ ਐੱਫਐੱਸਬੀ ਦੇ ਮੁਖੀ ਕਲਾਸ ਨੌਟ ਨੇ ਕ੍ਰਿਪਟੋ ਈਕੋ-ਸਿਸਟਮ ਵਿਚਲੇ ਜੋਖਮਾਂ ਬਾਰੇ ਵਿਚਾਰ ਚਰਚਾ ਕੀਤੀ।'' ਭਾਰਤੀ ਵਿੱਤ ਮੰਤਰੀ ਨੇ ਕ੍ਰਿਪਟੋ ਕਰੰਸੀਜ਼ 'ਤੇ ਕੰਟਰੋਲ ਲਈ ਆਈਐੱਮਐੱਫ ਅੱਗੇ ਮਜ਼ਬੂਤ ਕੇਸ ਪੇਸ਼ ਕੀਤਾ ਸੀ। ਸੀਤਾਰਾਮਨ ਨੇ ਦਾਅਵਾ ਕੀਤਾ ਸੀ ਕਿ ਕ੍ਰਿਪਟੋ ਕਰੰਸੀਜ਼ ਦੀ ਨਕੇਲ ਕੱਸਣ ਨਾਲ ਆਲਮੀ ਪੱਧਰ 'ਤੇ ਮਨੀ ਲਾਂਡਰਿੰਗ ਤੇ ਦਹਿਸ਼ਤੀ ਫੰਡਿੰਗ ਜਿਹੇ ਜੋਖ਼ਮਾਂ ਨੂੰ ਘਟਾਇਆ ਜਾ ਸਕਦਾ ਹੈ। -ਪੀਟੀਆਈ

ਨਾਰਵੇ ਦੇ ਵਿਦੇਸ਼ ਮੰਤਰੀ ਅਗਲੇ ਹਫ਼ਤੇ ਆਉਣਗੇ ਭਾਰਤ

ਨਵੀਂ ਦਿੱਲੀ: ਨਾਰਵੇ ਦੀ ਵਿਦੇਸ਼ ਮੰਤਰੀ ਅਨੀਕੇਨ ਹਿਊਟਫੈਲਟ ਅਗਲੇ ਹਫ਼ਤੇ ਭਾਰਤ ਦੌਰੇ 'ਤੇ ਆਉਣਗੇ। 25 ਤੋਂ 27 ਅਪਰੈਲ ਦੀ ਆਪਣੀ ਫੇਰੀ ਦੌਰਾਨ ਉਹ ਵਾਤਾਵਰਨ, ਊਰਜਾ ਸਣੇ ਹੋਰ ਕਈ ਖੇਤਰਾਂ ਵਿੱਚ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਭਾਰਤੀ ਆਗੂਆਂ ਨਾਲ ਗੱਲਬਾਤ ਕਰਨਗੇ। ਉਹ ਰਾਇਸੀਨਾ ਸੰਵਾਦ ਵਿੱਚ ਵੀ ਹਿੱਸਾ ਲੈਣਗੇ। ਨਾਰਵੇ ਦੀ ਅੰਬੈਸੀ ਨੇ ਫੇਰੀ ਦਾ ਐਲਾਨ ਕਰਦਿਆਂ ਕਿਹਾ ਕਿ ਦੋਵੇਂ ਮੁੁਲਕ ਸਾਗਰੀ, ਸਾਫ਼ ਊਰਜਾ, ਪੌਣ-ਪਾਣੀ ਤੇ ਵਾਤਾਵਰਨ ਸਮੇਤ ਹੋਰ ਕੋਈ ਮੁੱਦਿਆਂ 'ਤੇ ਵਿਚਾਰ ਚਰਚਾ ਕਰਨਗੇ। -ਪੀਟੀਆਈ



Most Read

2024-09-20 10:05:47