Breaking News >> News >> The Tribune


ਭਾਰਤ ਦੁੱਧ ਉਤਪਾਦਨ ਵਿੱਚ ਅੱਵਲ ਨੰਬਰ: ਮੋਦੀ


Link [2022-04-20 05:15:02]



ਬਨਾਸਕਾਂਠਾ (ਗੁਜਰਾਤ), 19 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸਾਲਾਨਾ 8.5 ਲੱਖ ਕਰੋੜ ਰੁਪਏ ਮੁੱਲ ਦੇ ਦੁੱਧ ਦਾ ਉਤਪਾਦਨ ਕਰਦਾ ਹੈ, ਜੋ ਕਣਕ ਤੇ ਚੌਲਾਂ (ਦੀ ਪੈਦਾਵਾਰ) ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਛੋਟੇ ਕਿਸਾਨ ਡੇਅਰੀ ਸੈਕਟਰ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ। ਸ੍ਰੀ ਮੋਦੀ ਨੇ ਕਾਂਗਰਸ 'ਤੇ ਤਨਜ਼ ਕਸਦਿਆਂ ਕਿਹਾ ਕਿ ਇਕ ਸਾਬਕਾ ਪ੍ਰਧਾਨ ਮੰਤਰੀ ਅਕਸਰ ਕਹਿੰਦੇ ਸਨ ਕਿ ਦਿੱਲੀ ਤੋਂ ਤੁਰੇ ਇਕ ਰੁਪਏ 'ਚੋਂ ਸਿਰਫ਼ 15 ਪੈਸੇ ਹੀ ਲਾਭਪਾਤਰੀਆਂ ਤੱਕ ਪੁੱਜਦੇ ਸਨ, ਪਰ ਉਨ੍ਹਾਂ ਇਹ ਯਕੀਨੀ ਬਣਾਇਆ ਕਿ ਪੂਰੇ ਸੌ ਪੈਸੇ ਲਾਭਪਾਤਰੀ ਤੱਕ ਪੁੱਜਣ ਤੇ ਪੂਰੀ ਰਕਮ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਵੇ।

ਬਨਾਸਕਾਂਠਾ ਜ਼ਿਲ੍ਹੇ ਦੇ ਦਿਓਦਰ ਵਿੱਚ ਨਵੇਂ ਡੇਅਰੀ ਕੰਪਲੈਕਸ ਤੇ ਆਲੂ ਪ੍ਰੋਸੈਸਿੰਗ ਪਲਾਂਟ ਦੇ ਉਦਘਾਟਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ''ਭਾਰਤ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਜਦੋਂ ਕਰੋੜਾਂ ਕਿਸਾਨਾਂ ਦੀ ਰੋਜ਼ੀ-ਰੋਟੀ ਦੁੱਧ 'ਤੇ ਨਿਰਭਰ ਹੈ ਤਾਂ ਭਾਰਤ ਹਰ ਸਾਲ 8.5 ਲੱਖ ਕਰੋੜ ਰੁਪਏ ਮੁੱਲ ਦੇ ਦੁੱਧ ਦੀ ਪੈਦਾਵਾਰ ਕਰਦਾ ਹੈ। ਇਹ ਅਜਿਹਾ ਤੱਥ ਹੈ ਜਿਸ ਵੱਲ ਉੱਘੇ ਅਰਥਸ਼ਾਸਤਰੀ ਧਿਆਨ ਦੇਣ ਵਿੱਚ ਨਾਕਾਮ ਰਹੇ ਹਨ।'' ਉਨ੍ਹਾਂ ਕਿਹਾ, ''ਸਾਢੇ ਅੱਠ ਲੱਖ ਕਰੋੜ ਰੁਪਏ ਦੀ ਪੈਦਾਵਾਰ ਤਾਂ ਕਣਕ ਤੇ ਚੌਲ ਦੀ ਵੀ ਨਹੀਂ ਹੋਣੀ। ਛੋਟੇ ਕਿਸਾਨ ਡੇਅਰੀ ਸੈਕਟਰ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ।'' ਸ੍ਰੀ ਮੋਦੀ ਨੇ ਬਨਾਸ ਡੇਅਰੀ ਵਿੱਚ ਹੋਰ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਕਈਆਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ, ''2014 ਵਿੱਚ ਪ੍ਰਧਾਨ ਮੰਤਰੀ ਬਣਨ ਮਗਰੋਂ ਜਦੋਂ ਦਿੱਲੀ ਗਿਆ ਤਾਂ ਮੈਂ ਦੇਸ਼ ਦੇ ਸਾਰੇ ਛੋਟੇ ਕਿਸਾਨਾਂ ਦੀ ਜ਼ਿੰਮੇਵਾਰੀ ਲਈ। ਅੱਜ ਸਾਲ ਵਿੱਚ ਤਿੰਨ ਵਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 2000 ਰੁਪਏ ਜਾਂਦੇ ਹਨ।'' ਪਸ਼ੂਪਾਲਣ ਨਾਲ ਜੁੜੀਆਂ ਮਹਿਲਾ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬਨਾਸ ਡੇਅਰੀ ਮਿਸਾਲ ਹੈ ਕਿ ਕਿਵੇਂ ਸਹਿਕਾਰਤਾ ਮੁਹਿੰਮ ਨਾਲ ਪਿੰਡ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਨਾਲ ਮਹਿਲਾਵਾਂ ਦਾ ਸਸ਼ਕਤੀਕਰਨ ਕੀਤਾ ਜਾ ਸਕਦਾ ਹੈ। -ਪੀਟੀਆਈ

ਜਾਮਨਗਰ 'ਚ ਡਬਲਿਊਐੱਚਓ ਦੇ ਰਵਾਇਤੀ ਮੈਡੀਸਨ ਸੈਂਟਰ ਦਾ ਉਦਘਾਟਨ

ਜਾਮਨਗਰ (ਗੁਜਰਾਤ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਾਮਨਗਰ ਵਿੱਚ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੇ ਰਵਾਇਤੀ ਮੈਡੀਸਨ ਬਾਰੇ ਆਲਮੀ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਡਾ.ਟੈਡਰੋਸ ਗੈਬਰੇਸਿਸ ਵੀ ਮੌਜੂਦ ਸਨ, ਜੋ ਸੋਮਵਾਰ ਤੋਂ ਗੁਜਰਾਤ ਦੇ ਤਿੰਨ ਦਿਨਾ ਦੌਰੇ 'ਤੇ ਹਨ। ਸ੍ਰੀ ਮੋਦੀ ਬੁੱਧਵਾਰ ਨੂੰ ਗਾਂਧੀਨਗਰ ਵਿੱਚ ਗਲੋਬਲ ਆਯੂਸ਼ ਨਿਵੇਸ਼ ਤੇ ਇਨੋਵੇਸ਼ਨ ਸਿਖਰ ਵਾਰਤਾ ਦਾ ਉਦਘਾਟਨ ਵੀ ਕਰਨਗੇ, ਜਿਸ ਵਿੱਚ ਕਈ ਆਲਮੀ ਆਗੂਆਂ ਵੀ ਸ਼ਾਮਲ ਹੋਣਗੇ। -ਪੀਟੀਆਈ



Most Read

2024-09-20 22:28:02