Breaking News >> News >> The Tribune


ਕਾਂਗਰਸ ਆਗੂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ’ਚ ਸ਼ਾਮਲ ਕਰਨ ਦਾ ਪੱਖ ਪੂਰਿਆ


Link [2022-04-20 05:15:02]



ਨਵੀਂ ਦਿੱਲੀ, 19 ਅਪਰੈਲ

ਸੀਨੀਅਰ ਕਾਂਗਰਸੀ ਆਗੂ ਐਮ. ਵੀਰੱਪਾ ਮੋਇਲੀ ਨੇ ਅੱਜ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਕੁਝ ਮਹੀਨੇ ਪਹਿਲਾਂ ਤੱਕ 'ਬਹੁਤ ਇੱਛਾ' ਸੀ ਕਿ ਪ੍ਰਸ਼ਾਂਤ ਕਿਸ਼ੋਰ ਪਾਰਟੀ ਨਾਲ ਜੁੜਨ ਤੇ ਰਣਨੀਤੀ ਬਣਾਉਣ ਵਿਚ ਮਦਦ ਕਰਨ ਪਰ ਇਸ ਵਿਚ 'ਮੁੜ ਦੇਰੀ' ਹੋ ਗਈ। ਮੋਇਲੀ ਨੇ ਜ਼ੋਰਦਾਰ ਢੰਗ ਨਾਲ ਚੋਣ ਰਣਨੀਤੀਕਾਰ ਨੂੰ ਹੁਣ ਪਾਰਟੀ 'ਚ ਸ਼ਾਮਲ ਕਰਨ ਦਾ ਪੱਖ ਪੂਰਿਆ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ 'ਕਾਫ਼ੀ ਖ਼ੁਸ਼ੀ' ਦੀ ਗੱਲ ਹੈ ਕਿ ਸੋਨੀਆ ਗਾਂਧੀ ਨੇ ਕਿਸ਼ੋਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਖਾਤਰ ਪਾਰਟੀ ਨਾਲ ਜੋੜਨ ਦਾ ਉੱਦਮ ਕੀਤਾ ਹੈ ਤੇ ਉਹ ਇਸ ਲਈ ਉਤਸ਼ਾਹਿਤ ਹਨ। ਉਹ ਪ੍ਰਸ਼ਾਂਤ ਨੂੰ ਪਾਰਟੀ ਦੇ ਮੁੜ ਉਭਾਰ ਤੇ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਲਈ ਨਾਲ ਜੋੜਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ 2022-23 ਦੌਰਾਨ ਗੁਜਰਾਤ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਮਿਜ਼ੋਰਮ, ਕਰਨਾਟਕ, ਛੱਤੀਸਗੜ੍ਹ ਤੇ ਤਿਲੰਗਾਨਾ ਵਿਚ ਚੋਣਾਂ ਹਨ। ਮੋਇਲੀ ਨੇ ਇਕ ਇੰਟਰਵਿਊ ਵਿਚ ਕਿਹਾ, 'ਮੈਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਨੂੰ 5 ਅਪਰੈਲ ਨੂੰ ਪੱਤਰ ਲਿਖ ਚੁੱਕਾ ਹਾਂ ਜਿਸ ਵਿਚ ਕਾਂਗਰਸ ਦੇ ਏਜੰਡੇ ਨੂੰ ਅੱਗੇ ਤੋਰਨ ਲਈ ਢੁੱਕਵੀਂ ਰਣਨੀਤੀ ਬਾਰੇ ਗੱਲ ਕੀਤੀ ਗਈ ਸੀ। ਇਸ ਤੋਂ ਇਲਾਵਾ ਦੂਜੀਆਂ ਧਰਮ-ਨਿਰਪੱਖ ਤਾਕਤਾਂ/ਪਾਰਟੀਆਂ ਨੂੰ ਭਰੋਸੇ ਵਿਚ ਲੈਣ ਦੀ ਗੱਲ ਵੀ ਰੱਖੀ ਗਈ ਸੀ।

ਕਰਨਾਟਕ ਬਾਰੇ ਇਕ ਖਾਸ ਨੋਟ ਭੇਜਿਆ ਗਿਆ ਸੀ। ਪਾਰਟੀ ਪ੍ਰਧਾਨ ਨੇ ਇਸ ਦਾ ਨੋਟਿਸ ਲਿਆ ਹੈ।' ਮੋਇਲੀ ਨੇ ਕਿਹਾ ਕਿ ਉਹ ਕਿਸ਼ੋਰ ਨੂੰ 25 ਮਾਰਚ ਨੂੰ ਮਿਲੇ ਸਨ ਤੇ ਉਨ੍ਹਾਂ ਨਾਲ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਬਾਰੇ ਚਰਚਾ ਹੋਈ ਸੀ। ਇਸ ਮੌਕੇ ਮੋਇਲੀ ਨੇ ਚੋਣ ਰਣਨੀਤੀਕਾਰ ਨਾਲ ਕਾਂਗਰਸ ਲਈ ਨੀਤੀ ਘੜਨ ਦੀ ਪ੍ਰਕਿਰਿਆ 'ਚ ਸ਼ਾਮਲ ਹੋਣ ਬਾਰੇ ਵੀ ਵਿਚਾਰ-ਚਰਚਾ ਕੀਤੀ ਸੀ। ਜ਼ਿਕਰਯੋਗ ਹੈ ਕਿ ਲੰਘੇ ਸ਼ਨਿਚਰਵਾਰ ਪ੍ਰਸ਼ਾਂਤ ਕਿਸ਼ੋਰ ਨੇ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਮੋਇਲੀ ਨੇ ਕਿਹਾ ਕਿ ਨਿੱਜੀ ਤੌਰ 'ਤੇ ਕਿਸ਼ੋਰ ਲਈ 'ਇਹ ਮਾਨਤਾ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਸੀ'। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਦੀ ਮੀਟਿੰਗ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਮੋਇਲੀ ਨੇ ਕਿਹਾ ਕਿ ਉਹ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਕਿਸ਼ੋਰ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੀ ਸਿਫ਼ਾਰਿਸ਼ ਕਰ ਚੁੱਕੇ ਹਨ। ਵੀਰੱਪਾ ਮੋਇਲੀ ਨੇ ਪਹਿਲਾਂ ਕਿਹਾ ਸੀ ਕਿ ਜੋ ਉਸ ਦੇ ਪਾਰਟੀ ਵਿਚ ਦਾਖਲੇ ਦਾ ਵਿਰੋਧ ਕਰ ਰਹੇ ਹਨ ਉਹ ਸੰਗਠਨ ਵਿਚ 'ਸੁਧਾਰ ਨਹੀਂ ਚਾਹੁੰਦੇ'। ਜ਼ਿਕਰਯੋਗ ਹੈ ਕਿ ਕਿਸ਼ੋਰ ਨੇ ਸ਼ਨਿਚਰਵਾਰ ਪਾਰਟੀ ਦੇ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਵਿਸਥਾਰ ਵਿਚ 2024 ਦੀਆਂ ਚੋਣਾਂ ਦੀ ਰਣਨੀਤੀ ਬਾਰੇ ਗੱਲ ਕੀਤੀ ਸੀ। ਇਸ ਮੌਕੇ ਸੋਨੀਆ ਗਾਂਧੀ ਵੀ ਹਾਜ਼ਰ ਸਨ। ਮੰਨਿਆ ਜਾ ਰਿਹਾ ਹੈ ਕਿ ਕਿਸ਼ੋਰ ਨੇ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਬਾਰੇ ਵੀ ਸੁਝਾਅ ਦਿੱਤੇ ਹਨ। ਮੋਇਲੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਪਾਰਟੀ ਵਿਚ ਉਪਰ ਤੋਂ ਹੇਠਾਂ ਤੱਕ ਸੁਧਾਰ ਚਾਹੁੰਦੇ ਹਨ ਤੇ ਇਸ ਵਿਚ ਹੋਰ ਦੇਰੀ ਨਾਲ ਪਾਰਟੀ ਦੇ ਮੁਲਕ ਦਾ ਨੁਕਸਾਨ ਹੋਵੇਗਾ। -ਪੀਟੀਆਈ

'ਭਾਜਪਾ ਨੂੰ ਚੁਣੌਤੀ ਦੇਣ ਲਈ ਖੇਤਰੀ ਪਾਰਟੀਆਂ ਨਾਲ ਤਾਲਮੇਲ'

ਕਾਂਗਰਸ ਆਗੂ ਵੀਰੱਪਾ ਮੋਇਲੀ ਨੇ ਕਿਹਾ ਕਿ ਦੇਸ਼ ਅੱਗੇ ਕਈ ਖ਼ਤਰੇ ਬਣੇ ਹੋਏ ਹਨ ਜਿਨ੍ਹਾਂ ਨੂੰ 'ਤਾਨਾਸ਼ਾਹ ਤੇ ਫ਼ਿਰਕੂ ਤਾਕਤਾਂ' ਸ਼ਹਿ ਦੇ ਰਹੀਆਂ ਹਨ। ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਲੋਕਤੰਤਰਿਕ ਤੇ ਧਰਮ-ਨਿਰਪੱਖ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਅੱਗੇ ਆਵੇ। ਉਨ੍ਹਾਂ ਨਾਲ ਹੀ ਕਿਹਾ ਕਿ ਲਗਭਗ ਸਾਰੀਆਂ ਖੇਤਰੀ ਪਾਰਟੀਆਂ ਚਾਹੁੰਦੀਆਂ ਹਨ ਕਾਂਗਰਸ ਮੁੜ ਭਾਜਪਾ ਅੱਗੇ ਵੱਡੀ ਤਾਕਤ ਵਜੋਂ ਉੱਭਰੇ ਤੇ ਇਸ ਦੇ ਗੈਰ-ਸੰਘੀ, ਫਿਰਕੂ ਏਜੰਡੇ ਨੂੰ ਚੁਣੌਤੀ ਦੇਵੇ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਗੱਠਜੋੜ ਕਰਕੇ ਪਾਰਟੀਆਂ 2024 ਵਿਚ 400 ਲੋਕ ਸਭਾ ਸੀਟਾਂ ਤੱਕ ਹਾਸਲ ਕਰ ਸਕਦੀਆਂ ਹਨ।

ਉਦੈਪੁਰ 'ਚ ਚਿੰਤਨ ਲਈ ਜੁੜਨਗੇ ਕਾਂਗਰਸੀ ਆਗੂ

ਨਵੀਂ ਦਿੱਲੀ: ਪੂਰੇ ਮੁਲਕ ਦੇ ਚੋਟੀ ਦੇ ਕਾਂਗਰਸ ਆਗੂ ਅਗਲੇ ਮਹੀਨੇ ਰਾਜਸਥਾਨ ਦੇ ਉਦੈਪੁਰ ਵਿਚ ਤਿੰਨ ਦਿਨਾਂ ਦੇ 'ਚਿੰਤਨ ਸ਼ਿਵਿਰ' ਲਈ ਇਕੱਠੇ ਹੋਣਗੇ। ਇਸ ਮੌਕੇ ਪਾਰਟੀ ਦੇ ਜਥੇਬੰਦਕ ਪੁਨਰਗਠਨ ਬਾਰੇ ਵਿਚਾਰ-ਚਰਚਾ ਹੋਵੇਗੀ। ਹਾਲ ਹੀ ਵਿਚ ਮਿਲੀ ਹਾਰ ਦੀ ਸਮੀਖਿਆ ਵੀ ਹੋਵੇਗੀ। ਸੂਤਰਾਂ ਮੁਤਾਬਕ ਇਹ ਸੈਸ਼ਨ 13-15 ਮਈ ਤੱਕ ਇਕ ਰਿਜ਼ੌਰਟ ਵਿਚ ਹੋਵੇਗਾ ਜਿੱਥੇ ਲਗਭਗ 400 ਪਾਰਟੀ ਆਗੂ ਜੁੜਨਗੇ। ਕਾਂਗਰਸ ਵਰਕਿੰਗ ਕਮੇਟੀ ਇਸ ਇਕੱਠ ਬਾਰੇ ਜਲਦੀ ਹੀ ਮੀਟਿੰਗ ਕਰੇਗੀ। -ਪੀਟੀਆਈ



Most Read

2024-09-20 22:18:11