Breaking News >> News >> The Tribune


ਜਹਾਂਗੀਰਪੁਰੀ ਹਿੰਸਾ: ਇੱਕੋ ਪਰਿਵਾਰ ਦੇ ਪੰਜ ਜੀਅ ਗ੍ਰਿਫ਼ਤਾਰ


Link [2022-04-20 05:15:02]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 19 ਅਪਰੈਲ

ਦਿੱਲੀ ਦੇ ਜਹਾਂਗੀਰਪੁਰੀ 'ਚ ਕੁਝ ਦਿਨ ਪਹਿਲਾਂ ਹਨੂੰਮਾਨ ਜੈਅੰਤੀ ਦੀ ਸ਼ੋਭਾ ਯਾਤਰਾ ਦੌਰਾਨ ਹੋਈ ਹਿੰਸਾ ਦੇ ਸਬੰਧ ਵਿੱਚ ਦਿੱਲੀ ਪੁਲੀਸ ਨੇ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਕੇਨ ਸਰਕਾਰ, ਉਸ ਦੇ ਭਰਾ ਸੁਰੇਸ਼ ਸਰਕਾਰ, ਸੁਕੇਨ ਦੇ ਦੋ ਪੁੱਤਰਾਂ ਨੀਰਜ ਤੇ ਸੂਰਜ ਅਤੇ ਸੁਕੇਨ ਦੇ ਜੀਜਾ ਸੁਜੀਤ ਵਜੋਂ ਹੋਈ ਹੈ। ਪੁਲੀਸ ਨੇ ਸੁਕੇਨ ਦੇ ਨਾਬਾਲਗ ਪੁੱਤਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।

ਪੁਲੀਸ ਦੀ ਕਾਰਵਾਈ ਤੋਂ ਬਾਅਦ ਸੁਕੇਨ ਦੀ ਪਤਨੀ ਦੁਰਗਾ ਸਰਕਾਰ ਨੇ ਦੱਸਿਆ, 'ਮੇਰੇ ਪਤੀ, ਜੀਜਾ, ਤਿੰਨ ਪੁੱਤਰਾਂ ਤੇ ਮੇਰੇ ਭਰਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਉਹ ਸਾਰੇ ਬੇਕਸੂਰ ਹਨ। ਉਹ ਸ਼ੋਭਾ ਯਾਤਰਾ ਦੌਰਾਨ ਰੱਥ 'ਤੇ ਸਵਾਰ ਸਨ। ਉਨ੍ਹਾਂ 'ਤੇ ਪਥਰਾਅ ਕੀਤਾ ਗਿਆ। ਮੇਰੇ ਪਤੀ 'ਤੇ ਇੱਟ ਸੁੱਟੀ ਗਈ। ਉਸ ਦੇ ਭਰਾ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਪਰ ਇਸ ਦੇ ਬਾਵਜੂਦ ਉਨ੍ਹਾਂ ਹਨੂੰਮਾਨ ਦੀ ਮੂਰਤੀ ਨੂੰ ਬਚਾ ਲਿਆ।' ਦੁਰਗਾ ਨੇ ਦੱਸਿਆ ਕਿ ਉਸ ਦਾ ਬੇਟਾ 12ਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਦੀ ਬੋਰਡ ਦੀ ਪ੍ਰੀਖਿਆ ਹੈ। ਜੇਕਰ ਉਸ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ।

ਦੂਜੇ ਪਾਸੇ ਦਿੱਲੀ ਪੁਲੀਸ ਇਸ ਕੇਂਦਰੀ ਜ਼ਿਲ੍ਹੇ 'ਤੇ ਡਰੋਨ ਦੀ ਮਦਦ ਨਾਲ ਨਜ਼ਰ ਰੱਖ ਰਹੀ ਹੈ। ਕੇਂਦਰੀ ਜ਼ਿਲ੍ਹੇ ਦੀ ਡੀਸੀਪੀ ਸ਼ਵੇਤਾ ਚੌਹਾਨ ਨੇ ਕਿਹਾ ਕਿ ਦਿੱਲੀ ਪੁਲੀਸ ਡਰੋਨ ਦੀ ਵਰਤੋਂ ਨਾਲ ਮੱਧ ਜ਼ਿਲ੍ਹੇ ਦੀ ਜਾਮਾ ਮਸਜਿਦ ਅਤੇ ਹੌਜ਼ ਕਾਜ਼ੀ ਖੇਤਰ 'ਤੇ ਅਸਮਾਨ ਤੋਂ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਵਿਚਲੀਆਂ ਅਮਨ ਕਮੇਟੀਆਂ ਵੱਲੋਂ ਹਲਕਾ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਡੀਸੀਪੀ ਨੇ ਕਿਹਾ ਕਿ ਪੁਲੀਸ ਅਧਿਕਾਰੀ ਭਾਈਚਾਰਿਆਂ ਤੱਕ ਪਹੁੰਚ ਕਰਨ ਅਤੇ ਹਰ ਸਮੇਂ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਪੁਲੀਸ ਵੱਲੋਂ ਪ੍ਰਭਾਵਿਤ ਇਲਾਕੇ ਵਿੱਚ ਸ਼ਾਂਤੀ ਮਾਰਚ ਵੀ ਕੱਢਿਆ ਗਿਆ।

ਦਿੱਲੀ ਪੁਲੀਸ ਨੇ ਇਸ ਤੋਂ ਦੱਖਣੀ ਦਿੱਲੀ ਦੇ ਦੋ ਇਲਾਕਿਆਂ ਜਸੋਲਾ ਤੇ ਜਾਮੀਆ ਨਗਰ ਵਿੱਚ ਡਰੋਨ ਤਾਇਨਾਤ ਕੀਤੇ ਸਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਹਿੰਸਾ ਪ੍ਰਭਾਵਿਤ ਖੇਤਰ ਵਿੱਚ ਸਥਿਤੀ ਆਮ ਵਾਂਗ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਦੁਕਾਨਾਂ ਗਲੀਆਂ ਵਿੱਚ ਖੁੱਲ੍ਹ ਗਈਆਂ ਹਨ ਤੇ ਲੋਕਾਂ ਦੀ ਆਵਾਜਾਈ ਆਮ ਹੁੰਦੀ ਜਾ ਰਹੀ ਹੈ। 500 ਤੋਂ ਵੱਧ ਪੁਲੀਸ ਮੁਲਾਜ਼ਮ ਅਤੇ ਵਾਧੂ ਫੋਰਸ ਦੀਆਂ ਛੇ ਕੰਪਨੀਆਂ ਇਲਾਕੇ ਵਿੱਚ ਚੌਵੀ ਘੰਟੇ ਤਾਇਨਾਤ ਕੀਤੀਆਂ ਗਈਆਂ ਹਨ। ਪੁਲੀਸ ਨੇ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਕੁੱਲ 80 ਅੱਥਰੂ ਗੈਸ-ਗੰਨ ਪਾਰਟੀਆਂ ਅਤੇ ਜਲ ਤੋਪਾਂ ਵੀ ਤਾਇਨਾਤ ਕੀਤੀ ਗਈਆਂ ਹਨ।

ਘੱਟ ਗਿਣਤੀ ਕਮਿਸ਼ਨ ਵੱਲੋਂ ਜਹਾਂਗੀਰਪੁਰੀ ਦਾ ਦੌਰਾ

ਨਵੀਂ ਦਿੱਲੀ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਕਮਿਸ਼ਨ ਦੀ ਟੀਮ ਨੇ ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਇਲਾਕੇ ਦਾ ਦੌਰਾ ਕੀਤਾ ਅਤੇ ਪ੍ਰਸ਼ਾਸਨ ਨੂੰ ਦੋਸ਼ੀਆਂ ਖ਼ਿਲਾਫ਼ ਫੌਰੀ ਕਾਰਵਾਈ ਦੀ ਹਦਾਇਤ ਕੀਤੀ। ਕਮਿਸ਼ਨ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਹਿੰਸਾ ਦੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਬੇਕਸੂਰ ਪ੍ਰੇਸ਼ਾਨ ਨਾ ਹੋਵੇ। ਉਨ੍ਹਾਂ ਦੋਨਾਂ ਫਿਰਕਿਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਸਲਾਹ ਦਿੱਤੀ ਕਿ ਅਮਨ ਕਮੇਟੀ ਦੀ ਮੀਟਿੰਗ ਨਿਯਮਿਤ ਤੌਰ 'ਤੇ ਕੀਤੀ ਜਾਵੇ। ਹਨੂੰਮਾਨ ਜੈਅੰਤੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਸ਼ਨਿਚਰਵਾਰ ਨੂੰ ਜਹਾਂਗੀਰਪੁਰੀ ਵਿੱਚ ਦੋ ਫਿਰਕਿਆਂ ਵਿਚਾਲੇ ਝੜੱਪ ਹੋਈ ਸੀ, ਜਿਸ ਵਿੱਚ ਇਕ ਸਥਾਨਕ ਨਿਵਾਸੀ ਅਤੇ 8 ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਸਨ।



Most Read

2024-09-20 22:36:20