Breaking News >> News >> The Tribune


ਮਸਜਿਦਾਂ ’ਤੇ ਸਪੀਕਰ ਬਾਰੇ ਰਾਜ ਠਾਕਰੇ ਦੇ ਰੁਖ਼ ਦਾ ਸਮਰਥਨ ਨਹੀਂ ਕਰਦੀ ਭਾਜਪਾ: ਅਠਾਵਲੇ


Link [2022-04-20 05:15:02]



ਨਾਗਪੁਰ, 19 ਅਪਰੈਲ

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਰਪੀਆਈ-ਏ ਰਾਜ ਠਾਕਰੇ ਵੱਲੋਂ ਮਸਜਿਦਾਂ ਦੇ ਲਾਊਡਸਪੀਕਰਾਂ ਬਾਰੇ ਦਿੱਤੇ ਅਲਟੀਮੇਟਮ ਦੀ ਹਮਾਇਤ ਨਹੀਂ ਕਰਦੀ। ਜ਼ਿਕਰਯੋਗ ਹੈ ਕਿ ਐਮਐੱਨਐੱਸ ਮੁਖੀ ਰਾਜ ਠਾਕਰੇ ਨੇ ਅਲਟੀਮੇਟਮ ਦਿੱਤਾ ਹੈ ਕਿ ਤਿੰਨ ਮਈ ਤੱਕ ਮਸਜਿਦਾਂ ਤੋਂ ਲਾਊਡਸਪੀਕਰ ਲਾਹ ਲਏ ਜਾਣ। ਮੀਡੀਆ ਨਾਲ ਗੱਲਬਾਤ ਕਰਦਿਆਂ ਅਠਾਵਲੇ ਨੇ ਕਿਹਾ ਕਿ ਭਾਜਪਾ ਵੀ ਇਸ ਮੁੱਦੇ ਉਤੇ ਠਾਕਰੇ ਦੇ ਰੁਖ਼ ਦੀ ਹਮਾਇਤ ਨਹੀਂ ਕਰਦੀ। ਜ਼ਿਕਰਯੋਗ ਹੈ ਕਿ ਅਠਾਵਲੇ ਦੀ ਪਾਰਟੀ ਕੇਂਦਰ ਦੇ ਸੱਤਾਧਾਰੀ ਗੱਠਜੋੜ ਐਨਡੀਏ ਦਾ ਹਿੱਸਾ ਹੈ। ਕੇਂਦਰੀ ਮੰਤਰੀ ਨੇ ਕਿਹਾ, 'ਜੇ ਉਹ (ਐਮਐੱਨਐੱਸ) ਲਾਊਡਸਪੀਕਰ ਵਰਤਣਾ ਚਾਹੁੰਦੇ ਹਨ ਤਾਂ ਵਰਤ ਸਕਦੇ ਹਨ ਪਰ ਅਸੀਂ ਉਨ੍ਹਾਂ ਦੀ ਮਸਜਿਦਾਂ ਤੋਂ ਲਾਊਡਸਪੀਕਰ ਹਟਾਉਣ ਦੀ ਮੰਗ ਦੀ ਬਿਲਕੁਲ ਹਮਾਇਤ ਨਹੀਂ ਕਰਦੇ। ਬਾਲਾਸਾਹੇਬ ਠਾਕਰੇ ਵੀ ਅਜਿਹੀ ਮੰਗ ਦੇ ਖ਼ਿਲਾਫ਼ ਸਨ। ਮੈਂ ਮਹਿਸੂਸ ਕਰਦਾ ਹਾਂ ਕਿ ਧਰਮਾਂ ਵਿਚਾਲੇ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ।' ਐਮਐੱਨਐੱਸ ਮੁਖੀ ਨੇ ਰਾਜ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਉਹ ਤਿੰਨ ਮਈ ਤੱਕ ਮਸਜਿਦਾਂ ਤੋਂ ਸਪੀਕਰ ਹਟਾਉਣਾ ਯਕੀਨੀ ਬਣਾਏ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਮਸਜਿਦਾਂ ਦੇ ਬਾਹਰ ਉੱਚੀ ਆਵਾਜ਼ 'ਚ ਹਨੂੰਮਾਨ ਚਾਲੀਸਾ ਦਾ ਪਾਠ ਕਰਨਗੇ। ਅਠਾਵਲੇ ਨੇ ਕਿਹਾ ਕਿ ਮਸਜਿਦਾਂ 'ਤੇ ਲਾਊਡਸਪੀਕਰ ਲਾਉਣ ਉਤੇ ਰੋਕ ਦੇ ਸੱਦੇ ਦਾ ਭਾਜਪਾ ਸਮਰਥਨ ਨਹੀਂ ਕਰਦੀ। ਭਾਜਪਾ ਨੇ ਕਦੇ ਵੀ ਅਜਿਹਾ ਰੁਖ਼ ਅਖ਼ਤਿਆਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਸਾਰਿਆਂ ਦੇ ਸਾਥ, ਸਾਰਿਆਂ ਦੇ ਵਿਕਾਸ' ਵਿਚ ਯਕੀਨ ਰੱਖਦੇ ਹਨ, ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਭਾਜਪਾ ਅਜਿਹਾ ਕੋਈ ਏਜੰਡਾ ਅੱਗੇ ਰੱਖੇ। ਇਹ ਰਾਜ ਠਾਕਰੇ ਦਾ ਏਜੰਡਾ ਹੈ। ਇਸੇ ਦੌਰਾਨ ਅੱਜ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਕਿਹਾ ਕਿ ਐਮਐੱਨਐੱਸ ਵੱਲੋਂ ਦਿੱਤੇ ਗਏ ਅਲਟੀਮੇਟਮ ਦੇ ਮੱਦੇਨਜ਼ਰ ਸੂਬਾ ਪੁਲੀਸ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੂਰੀ ਤਿਆਰੀ ਕਰ ਰਹੀ ਹੈ। ਨਾਗਪੁਰ ਵਿਚ ਮੰਤਰੀ ਨੇ ਮੀਡੀਆ ਨੂੰ ਦੱਸਿਆ ਕਿ ਡੀਜੀਪੀ ਇਸ ਮੁੱਦੇ ਉਤੇ ਸਾਰੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਸਥਿਤੀ ਖਰਾਬ ਹੋਣ ਦੀ ਸੰਭਾਵਨਾ ਘੱਟ ਹੈ ਤੇ ਅਜਿਹਾ ਹੋਣ ਤੋਂ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਰਾਜ ਠਾਕਰੇ ਦੀ ਸੁਰੱਖਿਆ ਵਧਾਏ ਜਾਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਪੱਧਰ 'ਤੇ ਕਮੇਟੀ ਇਸ ਬਾਰੇ ਫ਼ੈਸਲਾ ਲਏਗੀ। ਉਨ੍ਹਾਂ ਨਾਲ ਹੀ ਵਿਅੰਗ ਕੀਤਾ ਕਿ ਕੁਝ ਲੋਕਾਂ ਨੂੰ ਕੇਂਦਰ ਸਰਕਾਰ, ਰਾਜ ਸਰਕਾਰ ਤੋਂ ਬਿਨਾਂ ਪੁੱਛਿਆਂ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰਾਜ ਦੇ ਹੱਕਾਂ ਦੀ ਉਲੰਘਣਾ ਹੈ। -ਪੀਟੀਆਈ

ਭਾਜਪਾ ਸ਼ਾਸਿਤ ਪ੍ਰਦੇਸ਼ਾਂ 'ਚ ਲਾਊਡਸਪੀਕਰ ਹਟਾਏ ਜਾਣ: ਤੋਗੜੀਆ

ਨਾਗਪੁਰ: ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਸਾਬਕਾ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਅੱਜ ਕਿਹਾ ਕਿ ਭਾਜਪਾ ਜਿੱਥੇ ਵੀ ਸੱਤਾ ਵਿਚ ਹੈ, ਉੱਥੇ ਇਸ ਨੂੰ ਮਸਜਿਦਾਂ ਤੋਂ ਲਾਊਡਸਪੀਕਰ ਹਟਾ ਦੇਣੇ ਚਾਹੀਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਜਦ ਮਹਾਰਾਸ਼ਟਰ ਵਿਚ ਸੱਤਾ 'ਚ ਸੀ ਤਾਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ। ਤੋਗੜੀਆ ਨੇ ਕਿਹਾ ਕਿ ਭਾਜਪਾ ਮਹਾਰਾਸ਼ਟਰ ਵਿਚ ਰੋਸ ਜ਼ਾਹਿਰ ਕਰ ਰਹੀ ਹੈ, ਪਰ ਮੱਧ ਪ੍ਰਦੇਸ਼ ਤੇ ਗੁਜਰਾਤ ਵਿਚ ਲਾਊਡਸਪੀਕਰ ਨਹੀਂ ਹਟਾ ਰਹੀ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਯੂਪੀ ਵਿਚ ਵੀ ਅਜਿਹੀ ਮੰਗ ਕਰਦੀ ਰਹੀ ਹੈ।



Most Read

2024-09-20 22:38:52