Breaking News >> News >> The Tribune


ਯੂਪੀ ’ਚ ਬਿਨਾਂ ਆਗਿਆ ਸ਼ੋਭਾ ਯਾਤਰਾਵਾਂ ’ਤੇ ਪਾਬੰਦੀ


Link [2022-04-20 05:15:02]



ਲਖਨਊ, 19 ਅਪਰੈਲ

ਦੇਸ਼ ਅੰਦਰ ਵੱਖ ਵੱਖ ਥਾਵਾਂ 'ਤੇ ਧਾਰਮਿਕ ਤਿਓਹਾਰਾਂ ਦੌਰਾਨ ਹੋਈ ਹਿੰਸਾ ਨੂੰ ਦੇਖਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਨਿਰਦੇਸ਼ ਜਾਰੀ ਕੀਤੇ ਹਨ ਕਿ ਬਿਨਾਂ ਪ੍ਰਵਾਨਗੀ ਤੋਂ ਧਾਰਮਿਕ ਯਾਤਰਾ ਨਹੀਂ ਸਜਾਈ ਜਾ ਸਕੇਗੀ ਤੇ ਲਾਊਡ ਸਪੀਕਰਾਂ ਦੀ ਆਵਾਜ਼ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਰੱਖੀ ਜਾਵੇਗੀ। ਈਦ ਤੇ ਅਕਸ਼ੈ ਤ੍ਰਿਤੀਆ ਇੱਕ ਹੀ ਦਿਨ ਆਉਣ ਅਤੇ ਆਉਂਦੇ ਦਿਨਾਂ ਅੰਦਰ ਕਈ ਹੋਰ ਅਹਿਮ ਧਾਰਮਿਕ ਤਿਓਹਾਰਾਂ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਇਹ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪੁਲੀਸ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ।

ਉਨ੍ਹਾਂ ਇੱਥੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਸਮੀਖਿਆ ਸਬੰਧੀ ਮੀਟਿੰਗ ਦੌਰਾਨ ਕਿਹਾ ਕਿ ਹਰ ਕਿਸੇ ਨੂੰ ਆਪਣੇ ਅਕੀਦਿਆਂ ਅਨੁਸਾਰ ਆਪਣਾ ਧਰਮ ਨਿਭਾਉਣ ਦੀ ਆਜ਼ਾਦੀ ਹੈ। ਉਨ੍ਹਾਂ ਕਿਹਾ, 'ਲਾਊਡ ਸਪੀਕਰ ਵਰਤੇ ਜਾ ਸਕਦੇ ਹਨ ਪਰ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਦੀ ਆਵਾਜ਼ ਸਬੰਧਤ ਇਮਾਰਤ ਦੇ ਗਲਿਆਰੇ ਤੋਂ ਬਾਹਰ ਨਾ ਜਾਵੇ। ਹੋਰਨਾਂ ਲੋਕਾਂ ਨੂੰ ਇਸ ਤੋਂ ਤਕਲੀਫ਼ ਨਹੀਂ ਹੋਣੀ ਚਾਹੀਦੀ ਹੈ।' ਉਨ੍ਹਾਂ ਕਿਹਾ ਕਿ ਨਵੀਆਂ ਥਾਵਾਂ 'ਤੇ ਨਵੇਂ ਲਾਊਡ ਸਪੀਕਰ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨਾਂ ਇਜਾਜ਼ਤ ਤੋਂ ਧਾਰਮਿਕ ਸ਼ੋਭਾ ਯਾਤਰਾ ਨਹੀਂ ਕੱਢੀ ਜਾ ਸਕੇਗੀ। ਪ੍ਰਵਾਨਗੀ ਲੈਣ ਤੋਂ ਪਹਿਲਾਂ ਸ਼ੋਭਾ ਯਾਤਰਾ ਦੇ ਪ੍ਰਬੰਧਕ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਸਬੰਧੀ ਹਲਫ਼ਨਾਮਾ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਇਜਾਜ਼ਤ ਸਿਰਫ਼ ਉਨ੍ਹਾਂ ਧਾਰਮਿਕ ਸ਼ੋਭਾ ਯਾਤਰਾਵਾਂ ਨੂੰ ਦਿੱਤੀ ਜਾਵੇਗੀ ਜੋ ਰਵਾਇਤੀ ਤੌਰ 'ਤੇ ਕੱਢੀਆਂ ਜਾਂਦੀਆਂ ਰਹੀਆਂ ਹਨ। ਕਿਸੇ ਨਵੇਂ ਪ੍ਰੋਗਰਾਮ ਲਈ ਗ਼ੈਰ ਜ਼ਰੂਰੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਧਾਰਮਿਕ ਪ੍ਰੋਗਰਾਮ ਸਿਰਫ਼ ਨਿਰਧਾਰਤ ਥਾਵਾਂ 'ਤੇ ਹੀ ਹੋਣ ਅਤੇ ਕਿਸੇ ਧਾਰਮਿਕ ਪ੍ਰੋਗਰਾਮ ਕਾਰਨ ਸੜਕਾਂ ਜਾਂ ਆਵਾਜਾਈ 'ਚ ਅੜਿੱਕਾ ਨਾ ਪਵੇ। ਮੁੱਖ ਮੰਤਰੀ ਨੇ ਸਾਰੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਛੁੱਟੀਆਂ 4 ਮਈ ਤੱਕ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ੲੇਡੀਜੀ ਪੱਧਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਤਿਓਹਾਰ ਸ਼ਾਂਤੀਮਈ ਢੰਗ ਨਾਲ ਹੋਣੇ ਯਕੀਨੀ ਬਣਾਉਣ ਲਈ ਅਗਲੇ 24 ਘੰਟਿਆਂ ਅੰਦਰ ਧਾਰਮਿਕ ਆਗੂਆਂ ਨਾਲ ਤਾਲਮੇਲ ਕੀਤਾ ਜਾਵੇ। -ਪੀਟੀਆਈ



Most Read

2024-09-20 22:21:05